ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕ ਕੇ ਕੀਤਾ ਪਿੱਟ ਸਿਆਪਾ: ਸਾਂਝਾ ਫਰੰਟ

ਸਾਂਝਾ ਫਰੰਟ ਪੰਜਾਬ ਵਲੋਂ 03 ਸਤੰਬਰ ਨੂੰ ਵਿਧਾਨ ਸਭਾ ਵੱਲ ਰੋਸ ਮਾਰਚ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ   
 ਫਿਲੌਰ,ਅੱਪਰਾ (ਸਮਾਜ ਵੀਕਲੀ) (ਜੱਸੀ)-ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਵਲੋਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਨੂੰ ਦਿੱਤੀ ਗਈ ਮੀਟਿੰਗ ਵਾਰ ਵਾਰ ਰੱਦ ਕਰਨ, ਮੁਲਾਜ਼ਮ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਨ ਤੋਂ ਵਾਰ ਵਾਰ ਪਾਸਾ ਵੱਟਣਾ,ਸ.ਭਗਵੰਤ ਦੇ ਰੋਸ ਵਜੋਂ ਗਪੌੜ੍ਹ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਫਿਲੌਰ ਵਲੋਂ ਫਿਲੌਰ ਵਿਖੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।ਇਸ ਸਮੇਂ ਸਾਂਝਾ ਫਰੰਟ ਪੰਜਾਬ ਦੇ ਸੂਬਾਈ ਆਗੂਆਂ ਤੀਰਥ ਸਿੰਘ ਬਾਸੀ ਅਤੇ ਸੁਰਿੰਦਰ ਪੁਆਰੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਹਿਲੀ ਜੁਲਾਈ ਨੂੰ ਕਬਾਨਾ ਰਿਜੋਰਟ ਫਗਵਾੜਾ ਵਿਖੇ ਸਾਂਝਾ ਫਰੰਟ ਦੇ ਸੂਬਾਈ ਆਗੂਆਂ ਨਾਲ ਮੀਟਿੰਗ ਕਰਕੇ 25 ਜੁਲਾਈ ਦੀ ਮੀਟਿੰਗ ਦਿੱਤੀ ਗਈ ਸੀ, ਫਿਰ 02 ਅਗੱਸਤ ਅਤੇ ਫਿਰ 22 ਅਗੱਸਤ ਅਤੇ ਹੁਣ 12 ਸਤੰਬਰ ਦੀ ਮੀਟਿੰਗ ਕਰਨ ਦੀ ਤਰੀਕ ਪਾ ਦਿੱਤੀ ਗਈ ਹੈ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਤੇ ਹੁਣ ਕੋਈ ਵੀ ਭਰੋਸਾ ਨਹੀਂ ਰਿਹਾ ਕਿ ਉਹ 12 ਸਤੰਬਰ ਨੂੰ ਸਾਂਝਾ ਫਰੰਟ ਦੇ ਆਗੂਆਂ ਨਾਲ ਮੀਟਿੰਗ ਕਰਕੇ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਨ ਦਾ ਕੋਈ ਐਲਾਨ ਕਰਨਗੇ ਕਿਉਂਕਿ ਉਹ ਤਾਂ ਵਾਰ- ਵਾਰ ਮੀਟਿੰਗ ਦਾ ਸਮਾਂ ਦੇ ਕੇ ਆਪਣਾ 2027 ਦੀਆਂ ਚੋਣਾਂ ਤੱਕ ਦਾ ਸਮਾਂ ਲੰਘਾਉਣਾ ਚਾਹੁੰਦੇ ਹਨ। ਆਗੂਆਂ ਨੇ ਕਿਹਾ ਕਿ ਜੇ ਮੁੱਖ ਮੰਤਰੀ ਪੰਜਾਬ ਨੇ ਆਪਣੇ ਬੰਨਵੇਂ ਵਿਧਾਇਕਾਂ ਦੀ ਗਿਣਤੀ ਦਾ ਹੰਕਾਰ ਅਤੇ ਘੁਮੰਡ ਛੱਡ ਕੇ ਸਾਂਝਾ ਫਰੰਟ ਦੇ ਆਗੂਆਂ ਨਾਲ ਸੁਖਾਵੇਂ ਮਾਹੌਲ ਵਿੱਚ ਮੀਟਿੰਗ ਕਰਕੇ ਹੱਕੀ ਅਤੇ ਜ਼ਾਇਜ਼ ਮੰਗਾਂ ਨੂੰ ਲਾਗੂ ਕਰਨ ਲਈ ਲਾਰੇ ਲੱਪੇ ਵਾਲੀ ਪਹੁੰਚ ਛੱਡ ਕੇ ਗੰਭੀਰਤਾ ਨਾ ਦਿਖਾਈ ਤਾਂ ਆਉਣ ਵਾਲੀਆਂ ਚਾਰ ਜ਼ਿਮਨੀ ਚੋਣਾਂ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਕਰਾਰਾ ਸਬਕ ਸਿਖਾਇਆ ਜਾਵੇਗਾ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਪੰਜਾਬ ਵਲੋਂ ਦੋ ਹਾਈ ਪਾਵਰ ਕਮੇਟੀਆਂ ਬਣਾਉਣ ਨੂੰ ਵੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਇੱਕ ਕੋਝਾ ਮਜ਼ਾਕ ਦੱਸਦਿਆਂ ਕਿਹਾ ਕਿ ਉਪਰੋਕਤ ਕਮੇਟੀਆਂ ਸਿਰਫ਼ ਤੇ ਸਿਰਫ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਸਲਿਆਂ ਨੂੰ ਲੰਬੇ ਸਮੇਂ ਤੱਕ ਲਟਕਾਈ ਰੱਖਣ ਦੀ ਕਮੀਨਗੀ ਭਰੀ ਸਾਜ਼ਿਸ਼ ਤੋਂ ਵੱਧ ਕੁੱਝ ਵੀ ਨਹੀਂ ਹੈ। ਆਗੂਆਂ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਕਰਾਰਾ ਸਬਕ ਸਿਖਾਉਣ ਲਈ  03ਸਤੰਬਰ ਨੂੰ ਵਿਧਾਨ ਸਭਾ ਵੱਲ,ਰੋਸ ਮਾਰਚ ਪ੍ਰਦਰਸ਼ਨ ਅਤੇ 08 ਸਤੰਬਰ ਨੂੰ ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਵਿਖੇ ਹੋਣ ਵਾਲੀਆਂ ਖੇਤਰੀ ਰੈਲੀਆਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਹੁਣ ਤੋਂ ਹੀ ਤਿਆਰੀ ਆਰੰਭ ਕੀਤੀ ਜਾਵੇ‌‌। ਆਗੂਆਂ ਨੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕਰਦੇ ਹੋਏ ਮੰਗ ਕੀਤੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜ਼ਾਇਜ਼ ਮੰਗਾਂ ਨੂੰ ਮੁੱਖ ਮੰਤਰੀ ਪੰਜਾਬ ਮੰਨਣ ਅਤੇ ਲਾਗੂ ਕਰਨ ਦਾ ਤੁਰੰਤ ਐਲਾਨ ਕਰਨ ਤਾਂ ਜੋ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਪੰਜਾਬ ਸਰਕਾਰ ਪ੍ਰਤੀ ਗੁੱਸਾ ਅਤੇ ਵਿਰੋਧ ਠੰਢਾ ਪੈ ਸਕੇ।ਇਸ ਸਮੇਂ ਹਰਕਮਲ ਸਿੰਘ ਸੰਧੂ, ਗੋਪਾਲ ਸਿੰਘ, ਕੁਲਦੀਪ ਸਿੰਘ ਕੌੜਾ, ਬੂਟਾ ਰਾਮ ਮਸਾਣੀ,ਸਤਵਿੰਦਰ ਸਿੰਘ, ਜਸਪਾਲ ਸੰਧੂ, ਕੁਲਦੀਪ ਵਾਲੀਆ, ਰਾਜਿੰਦਰ ਸ਼ਰਮਾ,ਤਰਸੇਮ ਮਾਧੋਪੁਰੀ,ਰਾਜਿੰਦਰ ਕੁਮਾਰ,ਸੁੱਖਵਿੰਦਰ ਰਾਮ,ਰਤਨ ਸਿੰਘ ,ਜਗਜੀਤ ਸਿੰਘ, ਵਿਸ਼ਾਲ ਸੈਣੀ, ਸ਼ਵੇਤਾ ਪਾਠਕ, ਜਾਯੋਤੀ ਬਾਲਾ,ਕਮਲਦੀਪ ਸ਼ਰਮਾ,ਅੰਜਲੀ ਸ਼ਰਮਾ, ਕਵਿਤਾ ਤਰੜ, ਹਰਪ੍ਰੀਤ ਕੌਰ, ਪ੍ਰਵੀਨ ਬਾਲਾ,ਕਵਿਸ਼ ਵਾਲੀਆ, ਸੁਸ਼ੀਲ ਕੁਮਾਰ, ਰਾਕੇਸ਼ ਕੁਮਾਰ ਡਿਪਲ,ਜਾਯੋਤੀ ਯਾਦਵ ਪੱਲਵੀ, ਮੁਨੀਆਂ ਰਾਣੀ, ਸ੍ਰਿਸ਼ਟੀ,ਟੀਨਾ ਰਾਜਵਿੰਦਰ ਸਿੰਘ ਖੱਤਰੀਵਾਲ, ਮੁਨੀਸ਼ ਕਪੂਰ, ਵਿਸ਼ਾਲ ਸੈਣੀ ਆਦਿ ਜੁਝਾਰੂ ਸਾਥੀ ਸ਼ਾਮਲ ਹੋਏ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪ੍ਰਿੰਸੀਪਲ ਨਰੇਸ਼ ਕੁਮਾਰੀ ਜੈਨ ਨੇ ਮਾਡਲ ਟਾਊਨ ਸਕੂਲ ਦੀ ਵਾਂਗਡੋਰ ਸੰਭਾਲੀ
Next articleਕਾਮਰੇਡ ਦੇਵ ਫਿਲੌਰ ਦੀ ਦੂਸਰੀ ਬਰਸੀ ਮੌਕੇ ਵਿਸ਼ਾਲ ਸ਼ਰਧਾਂਜਲੀ ਸਮਾਗਮ,ਸਾਂਝੀਵਲਤਾ ਦਾ ਸਮਾਜ ਸਿਰਜਣ ਲਈ ਸਿਰੜੀ ਸੰਘਰਸ਼ ਸਮੇਂ ਦੀ ਮੁੱਖ ਲੋੜ,:- ਦਰਸ਼ਨ ਨਾਹਰ