ਆਦਮਪੁਰ/ ਸ਼ਾਮ ਚੁਰਾਸੀ (ਕੁਲਦੀਪ ਚੁੰਬਰ) (ਸਮਾਜ ਵੀਕਲੀ) – ਡੇਰਾ ਸੰਤ ਬਾਬਾ ਭਾਗ ਸਿੰਘ ਜੱਬੜ੍ਹ ਵਿਖੇ ਸਰਦਾਰ ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਪੰਜਾਬ ਨੇ ਸ਼ਰਧਾਪੂਰਵਕ ਮੱਥਾ ਟੇਕਿਆ। ਡੇਰਾ ਸਾਹਿਬ ਪਹੁੰਚਣ ਤੇ ਬਾਬਾ ਜਨਕ ਸਿੰਘ, ਬਾਬਾ ਸਰਵਣ ਸਿੰਘ, ਬਾਬਾ ਮਨਮੋਹਨ ਸਿੰਘ, ਬਾਬਾ ਅੰਮ੍ਰਿਤਪਾਲ ਸਿੰਘ ਅਤੇ ਬਾਬਾ ਗੁਰਦੀਪ ਸਿੰਘ ਵਲੋਂ ਸਵਾਗਤ ਕੀਤਾ ਗਿਆ। ਉਹਨਾਂ ਨੇ ਡੇਰਾ ਸੰਤ ਬਾਬਾ ਭਾਗ ਸਿੰਘ ਜੱਬੜ੍ਹ ਦੇ ਅਦਭੁਤ ਅਤੇ ਅਲੌਕਿਕ ਪਰਿਵੇਸ਼ ਵਿੱਚ ਵਿਚਰਦਿਆਂ ਨੇ ਡੇਰਾ ਸਾਹਿਬ ਦੇ ਅਤੀਤ ਅਤੇ ਇਤਿਹਾਸ ਨੂੰ ਉਤਸੁਕਤਾ ਨਾਲ ਜਾਣਿਆ। ਮੁੱਖ ਮੰਤਰੀ ਸਾਹਿਬ ਜੀ ਨੇ ਡੇਰਾ ਸਾਹਿਬ ਦੀਆਂ ਮਨੁੱਖਵਤਾਦੀ ਗਤੀਵਿਧੀਆਂ, ਕਾਰਜਾਂ ਅਤੇ ਉੱਦਮਾਂ ਬਾਰੇ ਬਹੁਤ ਤਫਸੀਲ ਵਿੱਚ ਜਾਣਕਾਰੀ ਪ੍ਰਾਪਤ ਕੀਤੀ। ਇਸ ਦੇ ਨਾਲ ਸਮਾਜਿਕ ਉਦਾਰ ਅਤੇ ਭਲੇ ਹਿਤ ਸਰਗਰਮ ਵਿਦਿਅਕ ਸੰਸਥਾ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀਆਂ ਅਕਾਦਮਿਕ ਪ੍ਰਾਪਤੀਆਂ ਨੂੰ ਸੁਹਿਰਦਤਾ ਨਾਲ ਜਾਣਿਆ।
ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਨੇ ਯੂਨੀਵਰਸਿਟੀ ਵਿੱਚ ਚੱਲ ਰਹੇ ਵਿਭਿੰਨ ਅਕਾਦਮਿਕ ਕੋਰਸਾਂ ਅਤੇ ਵਿਸ਼ਿਆਂ ਤੋਂ ਇਲਾਵਾ ਅਕਾਦਮਿਕ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਇਸਦੇ ਨਾਲ ਹੀ ਉਹਨਾਂ ਨੇ ਸੰਤ ਬਾਬਾ ਭਾਗ ਸਿੰਘ ਅੰਤਰਰਾਸ਼ਟਰੀ ਸਕੂਲ ਅਤੇ ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆਫ ਨਰਸਿੰਗ ਦੇ ਵਿਦਿਅਕ ਮਾਹੌਲ ਅਤੇ ਅਕਾਦਮਿਕ ਕਾਰਗੁਜ਼ਾਰੀ ਬਾਰੇ ਉਤਸ਼ਾਹਪੂਰਵਕ ਜਾਣਕਾਰੀ ਪ੍ਰਾਪਤ ਕੀਤੀ।ਡੇਰਾ ਸੰਤਪੁਰਾ ਜੱਬੜ੍ਹ ਦਹਾਕਿਆਂ ਤੋਂ ਮਨੁੱਖ ਦੇ ਹਿੱਤਾਂ, ਸਰਬੱਤ ਦੇ ਭਲੇ ਅਤੇ ਸਮਾਜਿਕ ਸੁਧਾਰਾਂ ਪ੍ਰਤਿ ਸਰਗਰਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ।ਇਸ ਤਰ੍ਹਾਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਡੇਰਾ ਸਾਹਿਬ ਦੀਆਂ ਧਾਰਮਿਕ, ਅਧਿਆਤਮਿਕ ਅਤੇ ਅਕਾਦਮਿਕ ਪ੍ਰਾਪਤੀਆਂ ਨੂੰ ਜਾਣ ਸੁਣ ਕੇ ਪ੍ਰਸੰਨ ਅਤੇ ਉਤਸ਼ਾਹੀ ਨਜ਼ਰ ਆਏ।ਮੁੱਖ ਮੰਤਰੀ ਸਾਹਿਬ ਦੀ ਸਾਦਗੀ ਅਤੇ ਨਿਮਰਤਾ ਦੇਖ ਕੇ ਮੌਜੂਦ ਸੰਗਤ ਬਹੁਤ ਪ੍ਰਭਾਵਿਤ ਹੋਈ।
ਬਾਬਾ ਜਨਕ ਸਿੰਘ, ਬਾਬਾ ਸਰਵਣ ਸਿੰਘ, ਬਾਬਾ ਮਨਮੋਹਨ ਸਿੰਘ, ਬਾਬਾ ਅੰਮ੍ਰਿਤਪਾਲ ਸਿੰਘ ਅਤੇ ਬਾਬਾ ਗੁਰਦੀਪ ਸਿੰਘ ਵਲੋਂ ਮੁੱਖ-ਮੰਤਰੀ ਸਾਹਿਬ ਜੀ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ ਅਤੇ ਸ. ਮਹਿੰਦਰ ਸਿੰਘ ਕੇ.ਪੀ., (ਕੈਬਨਿਟ ਰੈਂਕ) ਚੇਅਰਮੈਨ, ਪੰਜਾਬ ਟੈਕਨੀਕਲ ਐਜੂਕੇਸ਼ਨ ਬੋਰਡ, ਸ. ਪਰਮਜੀਤ ਰਾਏਪੁਰ (ਮੈਂਬਰ, ਐਸ.ਜੀ.ਪੀ.ਸੀ), ਸ. ਹਰਦਮਨ ਸਿੰਘ ਮਿਨਹਾਸ, ਸਕੱਤਰ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਾਇਟੀ, ਸ. ਪ੍ਰਿਤਪਾਲ ਸਿੰਘ, ਸ. ਜੋਗਿੰਦਰ ਸਿੰਘ, ਸ. ਅਮਰਜੀਤ ਸਿੰਘ, ਸ. ਕੁਲਵੰਤ ਸਿੰਘ ਅਤੇ ਯੂਨੀਵਰਸਿਟੀ ਦਾ ਸਟਾਫ ਹਾਜਿਰ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly