ਚੰਡੀਗੜ੍ਹ (ਸਮਾਜ ਵੀਕਲੀ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੋ ਹਲਕਿਆਂ ਤੋਂ ਚੋਣ ਲੜਨਾ ਰਾਸ ਨਹੀਂ ਆਇਆ। ਆਮ ਆਦਮੀ ਪਾਰਟੀ ਦੀ ਸੂਬੇ ’ਚ ਹੂੰਝਾ ਫੇਰ ਜਿੱਤ ਦੌਰਾਨ ਚੰਨੀ ਚਮਕੌਰ ਸਾਹਿਬ ਅਤੇ ਭਦੌੜ ਤੋਂ ਚੋਣ ਹਾਰ ਗਏ। ਉਨ੍ਹਾਂ ਨੂੰ ਭਦੌੜ ’ਚ ‘ਆਪ’ ਦੇ ਲਾਭ ਸਿੰਘ ਉੱਗੋਕੇ ਅਤੇ ਚਮਕੌਰ ਸਾਹਿਬ ’ਚ ਡਾ. ਚਰਨਜੀਤ ਸਿੰਘ ਨੇ ਹਰਾਇਆ।
ਭਦੌੜ (ਸਮਾਜ ਵੀਕਲੀ): ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਲਾਭ ਸਿੰਘ ਉੱਗੋਕੇ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 37,220 ਵੋਟਾਂ ਨਾਲ ਹਰਾ ਦਿੱਤਾ। ਲਾਭ ਸਿੰਘ ਨੂੰ 63514, ਚੰਨੀ (ਕਾਂਗਰਸ) ਨੂੰ 26294, ਅਕਾਲੀ ਦਲ ਦੇ ਸਤਨਾਮ ਸਿੰਘ ਰਾਹੀ ਨੂੰ 21,065, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹੰਸ ਸਿੰਘ ਨੂੰ 8577, ਪੰਜਾਬ ਲੋਕ ਕਾਂਗਰਸ ਦੇ ਧਰਮ ਸਿੰਘ ਫੌਜੀ ਨੂੰ 611, ਸੀਪੀਆਈ (ਐੱਮ) ਦੇ ਬਲਵੀਰ ਸਿੰਘ ਨੂੰ 542, ਜਗਰੂਪ ਸਿੰਘ ਨੂੰ 400, ਬੱਗਾ ਸਿੰਘ ਕਾਹਨੇਕੇ ਨੂੰ 323, ਸੀਪੀਆਈ (ਐੱਮਐੱਲ) ਦੇ ਭਗਵੰਤ ਸਿੰਘ ਸਮਾਓ ਨੂੰ 437, ਰਾਜਿੰਦਰ ਸਿੰਘ ਨੂੰ 261, ਕ੍ਰਿਸ਼ਨ ਸਿੰਘ ਨੂੰ 493, ਗੋਰਾ ਸਿੰਘ ਨੂੰ 337 ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਪਤਨੀ (ਆਜ਼ਾਦ ਉਮੀਦਵਾਰ) ਮਨਜੀਤ ਕੌਰ ਨੂੰ 797 ਵੋਟਾਂ ਮਿਲੀਆਂ। ਇਸ ਤੋਂ ਇਲਾਵਾ 858 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ। ‘ਆਪ’ ਦੇ ਜੇਤੂ ਉਮੀਦਵਾਰ ਲਾਭ ਸਿੰਘ ਉੱਗੋਕੇ ਨੇ ਜਿੱਤ ਦਾ ਸਰਟੀਫ਼ਿਕੇਟ ਪ੍ਰਾਪਤ ਕੀਤਾ। ਇਸ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਉਹ ਭਾਵੁਕ ਹੋ ਗਏ ਅਤੇ ਕਿਹਾ ਕਿ ਉਹ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਇੱਕ ਆਮ ਪਰਿਵਾਰ ਦੇ ਮੁੰਡੇ ਨੂੰ ਮੁੱਖ ਮੰਤਰੀ ਖ਼ਿਲਾਫ਼ ਵੱਡੀ ਜਿੱਤ ਦਿਵਾਈ ਹੈ।
ਮੋਰਿੰਡਾ (ਸਮਾਜ ਵੀਕਲੀ): ਹਲਕਾ ਸ੍ਰੀ ਚਮਕੌਰ ਸਾਹਿਬ ਵਿੱਚ ‘ਆਪ’ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 7000 ਤੋਂ ਵਧ ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। ਡਾ. ਚਰਨਜੀਤ ਸਿੰਘ ਨੂੰ 69,981 ਵੋਟਾਂ ਮਿਲੀਆਂ ਜਦਕਿ ਚੰਨੀ ਨੂੰ 62,148, ਅਕਾਲੀ ਦਲ (ਅੰਮ੍ਰਿਤਸਰ) ਦੇ ਲਖਬੀਰ ਸਿੰਘ ਨੂੰ 6,969, ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਹਰਮੋਹਣ ਸਿੰਘ ਸੰਧੂ ਨੂੰ 3,788 ਅਤੇ ਭਾਜਪਾ ਦੇ ਦਰਸ਼ਨ ਸਿੰਘ ਸ਼ਿਵਜੋਤ ਨੂੰ 2,494 ਵੋਟਾਂ ਮਿਲੀਆਂ। ਇਸ ਮੌਕੇ ਡਾ. ਚਰਨਜੀਤ ਸਿੰਘ ਨੇ ਪ੍ਰਮਾਤਮਾ ਅਤੇ ਸਮੂਹ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਆਪ’ ਲੋਕਾਂ ਵੱਲੋਂ ਪ੍ਰਗਟਾਏ ਗਏ ਵਿਸ਼ਵਾਸ ’ਤੇ ਖ਼ਰਾ ਉਤਰੇਗੀ ਅਤੇ ਵਾਅਦੇ ਪੂਰੇ ਕਰਕੇ ਇੱਕ ਨਵਾਂ ਅਤੇ ਖੁਸ਼ਹਾਲ ਪੰਜਾਬ ਬਣਾਏਗੀ।
ਵੋਟਰਾਂ ਨਾਲ ਦੂਰੀ ਬਣੀ ਚੰਨੀ ਦੀ ਹਾਰ ਦਾ ਕਾਰਨ
ਚਮਕੌਰ ਸਾਹਿਬ (ਸਮਾਜ ਵੀਕਲੀ): ਤਿੰਨ ਵਾਰ ਜੇਤੂ ਰਹੇ ਚਰਨਜੀਤ ਸਿੰਘ ਚੰਨੀ ਨੂੰ ਇਸ ਵਾਰ ਹਾਰ ਦਾ ਮੂੰਹ ਦੇਖਣਾ ਪਿਆ। ਉਨ੍ਹਾਂ ਆਪਣੇ ਹਲਕੇ ਲਈ ਕਈ ਕੰਮ ਸ਼ੁਰੂ ਕਰਵਾਏ ਪਰ ਫਿਰ ਵੀ ਅਜਿਹੇ ਕਈ ਕਾਰਨ ਰਹੇ ਜਿਨ੍ਹਾਂ ਕਾਰਨ ਉਹ ਚੋਣ ਹਾਰ ਗਏ। ਇਨ੍ਹਾਂ ਵਿੱਚੋਂ ਸਭ ਤੋਂ ਮੁੱਖ ਕਾਰਨ ਮੁੱਖ ਮੰਤਰੀ ਦਾ ਆਪਣੇ ਵੋਟਰਾਂ ਨਾਲ ਸਿੱਧਾ ਰਾਬਤਾ ਨਾ ਰੱਖਣਾ, ਪਿੰਡਾਂ ਸ਼ਹਿਰਾਂ ਦੇ ਵਰਕਰਾਂ ਨੂੰ ਪਿੱਛੇ ਕਰ ਕੇ ਹੋਰ ਲੋਕਾਂ ਨੂੰ ਜ਼ਿਆਦਾ ਅਹਿਮੀਅਤ ਦੇਣੀ, ਹਲਕੇ ਦੇ ਨੌਜਵਾਨਾਂ ਨੂੰ ਨੌਕਰੀਆਂ ਨਾ ਦਿਵਾਉਣਾ, ਮੋਰਿੰਡਾ, ਚੰਡੀਗੜ੍ਹ ਅਤੇ ਖਰੜ ਸਥਿਤ ਦਫ਼ਤਰਾਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਸਹੀ ਟੀਮ ਦੀ ਚੋਣ ਨਾ ਕਰਨਾ ਅਤੇ ਇਨ੍ਹਾਂ ਦਫ਼ਤਰਾਂ ਵਿੱਚ ਬਿਠਾਏ ਅਧਿਕਾਰੀਆਂ ਵੱਲੋਂ ਲੋਕਾਂ ਨਾਲ ਬੇਰੁਖੀ ਨਾਲ ਪੇਸ਼ ਆਉਣਾ ਆਦਿ ਸ਼ਾਮਲ ਹਨ। ਚੰਨੀ ਦਾ ਗ੍ਰਾਫ ਇਕਦਮ ਹੇਠਾਂ ਚਲਾ ਗਿਆ, ਜਿਸ ਕਾਰਨ ਆਮ ਪੇਂਡੂ ਵੋਟਰ ਵੀ ਉਨ੍ਹਾਂ ਤੋਂ ਦੂਰੀ ਬਣਾਉਣ ਲੱਗ ਪਿਆ ਸੀ ਜਦੋਂਕਿ ‘ਆਪ’ ਦੇ ਡਾ. ਚਰਨਜੀਤ ਸਿੰਘ ਲੋਕਾਂ ਦੇ ਦਿਨ ਪ੍ਰਤੀ ਦਿਨ ਨੇੜੇ ਆਉਂਦੇ ਚਲੇ ਗਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly