ਜਲੰਧਰ (ਸਮਾਜ ਵੀਕਲੀ): ਰੇਤ ਖਣਨ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਫਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਅਦਾਲਤ ਨੇ 14 ਦਿਨਾਂ ਲਈ ਜੁਡੀਸ਼ੀਅਲ ਹਿਰਾਸਤ ’ਚ ਭੇਜਣ ਦਾ ਹੁਕਮ ਦਿੰਦਿਆਂ ਕਪੂਰਥਲਾ ਦੀ ਜੇਲ੍ਹ ਵਿੱਚ ਭੇਜ ਦਿੱਤਾ ਹੈ।
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਵਕੀਲ ਵੱਲੋਂ ਹਨੀ ਦਾ 7 ਦਿਨ ਲਈ ਹੋਰ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਨੇ ਇਸ ਤੋਂ ਇਨਕਾਰ ਕਰਦਿਆਂ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਭੁਪਿੰਦਰ ਸਿੰਘ ਹਨੀ ਦਾ ਅੱਜ ਤਿੰਨ ਦਿਨਾਂ ਰਿਮਾਂਡ ਖਤਮ ਹੋਣ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਹਨੀ ਨੂੰ ਈਡੀ ਨੇ 4 ਫਰਵਰੀ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਚਾਰ ਦਿਨ ਲਈ 8 ਫਰਵਰੀ ਤੱਕ ਰਿਮਾਂਡ ’ਤੇ ਭੇਜ ਦਿੱਤਾ ਸੀ। ਇਸ ਦੌਰਾਨ ਈਡੀ ਦੀ ਪੁੱਛ-ਪੜਤਾਲ ਦੌਰਾਨ ਹਨੀ ਨੇ ਮੰਨਿਆ ਸੀ ਕਿ ਉਸ ਨੇ ਗੈਰ-ਕਾਨੂੰਨੀ ਮਾਈਨਿੰਗ ਅਤੇ ਅਧਿਕਾਰੀਆਂ ਦੇ ਤਬਾਦਲੇ ਕਰਵਾਉਣ ਲਈ 10 ਕਰੋੜ ਰੁਪਏ ਲਏ ਸਨ। ਹੁਣ ਈਡੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਹ ਪੈਸਾ ਅਸਲ ਵਿੱਚ ਕਿਸ ਦਾ ਹੈ।
ਬੀਤੀ 18 ਜਨਵਰੀ ਨੂੰ ਈਡੀ ਨੇ ਭੁਪਿੰਦਰ ਸਿੰਘ ਹਨੀ ਦੇ ਮੁਹਾਲੀ ਸਥਿਤ ਘਰ ’ਤੇ ਛਾਪਾ ਮਾਰ ਕੇ ਕਰੀਬ 8 ਕਰੋੜ ਰੁਪਏ ਜ਼ਬਤ ਕੀਤੇ ਸਨ। ਹਨੀ ਦੇ ਦੋਸਤ ਸੰਦੀਪ ਕੁਮਾਰ ਤੋਂ ਵੀ 2 ਕਰੋੜ ਰੁਪਏ ਦੀ ਰਕਮ ਬਰਾਮਦ ਕੀਤੀ ਗਈ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly