ਚਮਕੌਰ ਸਾਹਿਬ (ਸਮਾਜ ਵੀਕਲੀ): ਸ੍ਰੀ ਚਮਕੌਰ ਸਾਹਿਬ ਦੀ ਅਨਾਜ ਮੰਡੀ ਵਿੱਚ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਸ਼ਾ ਵਰਕਰਾਂ ਅਤੇ ਮਿਡ-ਡੇਅ ਮੀਲ ਵਰਕਰਾਂ ਨੂੰ ਨਵੇਂ ਸਾਲ ਦੇ ਤੋਹਫ਼ੇ ਵਜੋਂ 124.25 ਕਰੋੜ ਰੁਪਏ ਦਾ ਲਾਭ ਦਿੰਦੇ ਹੋਏ ਆਸ਼ਾ ਵਰਕਰਾਂ ਨੂੰ ਪਹਿਲਾਂ ਤੋਂ ਮਿਲਦੀ ਵਿੱਤੀ ਰਾਸ਼ੀ ਦੇ ਮੁਕਾਬਲੇ 2500 ਰੁਪਏ ਮਹੀਨਾਵਾਰ ਭੱਤਾ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਕਰੀਬ 22 ਹਜ਼ਾਰ ਆਸ਼ਾ ਵਰਕਰਾਂ ਨੂੰ ਲਾਭ ਹੋਵੇਗਾ ਜਦਕਿ ਸਰਕਾਰੀ ਖਜ਼ਾਨੇ ’ਤੇ 60 ਕਰੋੜ ਰੁਪਏ ਦਾ ਬੋਝ ਵੀ ਪਵੇਗਾ। ਇਸੇ ਤਰ੍ਹਾਂ ਆਸ਼ਾ ਵਰਕਰਾਂ ਨੂੰ ਹੁਣ 5 ਲੱਖ ਰੁਪਏ ਦੀ ਨਗਦੀ ਰਹਿਤ ਸਿਹਤ ਬੀਮਾ ਯੋਜਨਾ ਅਧੀਨ ਵੀ ਲਿਆਂਦਾ ਗਿਆ ਹੈ ਜੋ ਸਰਕਾਰ ਵੱਲੋਂ ਮੁਫ਼ਤ ਕੀਤੀ ਜਾਵੇਗੀ। ਸ੍ਰੀ ਚੰਨੀ ਨੇ ਸੂਬੇ ਭਰ ਦੇ 19,700 ਸਰਕਾਰੀ ਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕੰਮ ਕਰ ਰਹੀਆਂ 42,500 ਦੇ ਕਰੀਬ ਮਿਡ-ਡੇਅ ਮੀਲ ਵਰਕਰਾਂ ਨੂੰ ਵੀ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੇ ਭੱਤੇ ਨੂੰ 22 ਸੌ ਰੁਪਏ ਤੋਂ ਵਧਾ ਕੇ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਨਾਲ ਸਰਕਾਰੀ ਖਜ਼ਾਨੇ ’ਤੇ 64.25 ਕਰੋੜ ਰੁਪਏ ਦਾ ਬੋਝ ਪਵੇਗਾ। ਉਨ੍ਹਾਂ ਐਲਾਨ ਕੀਤਾ ਕਿ ਸੂਬੇ ਭਰ ਵਿੱਚ ਕੰਮ ਕਰ ਰਹੀਆਂ ਉਕਤ ਵਰਕਰਾਂ ਨੂੰ ਹੁਣ ਰੈਗੂਲਰ ਆਧਾਰ ’ਤੇ ਕੰਮ ਕਰ ਰਹੀਆਂ ਹੋਰ ਮਹਿਲਾ ਸਰਕਾਰੀ ਕਰਮਚਾਰੀਆਂ ਦੀ ਤਰਜ਼ ’ਤੇ ਪ੍ਰਸੂਤਾ ਛੁੱਟੀ ਵੀ ਮਿਲਿਆ ਕਰੇਗੀ ਅਤੇ ਇਨ੍ਹਾਂ ਸਾਰੀਆਂ ਵਰਕਰਾਂ ਨੂੰ ਹੁਣ 1 ਜਨਵਰੀ 2022 ਤੋਂ ਵਧਿਆ ਹੋਇਆ ਭੱਤਾ ਮਿਲੇਗਾ ਤੇ ਉਨ੍ਹਾਂ ਨੂੰ ਇਹ ਭੱਤੇ 10 ਦੀ ਬਜਾਇ ਹੁਣ 12 ਮਹੀਨੇ ਮਿਲਣਗੇ। ਸ੍ਰੀ ਚੰਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਲਈ ਸਰਕਾਰੀ ਨੌਕਰੀਆਂ ਵਿੱਚ 33 ਫ਼ੀਸਦੀ ਰਾਖਵਾਂਕਰਨ, ਪੀਆਰਆਈਜ਼ ਅਤੇ ਯੂਐੱਲਬੀਜ਼ ਵਿੱਚ 50 ਫ਼ੀਸਦੀ ਰਾਖਵਾਂਕਰਨ ਅਤੇ ਮੁਫ਼ਤ ਬੱਸ ਯਾਤਰਾ ਦੀ ਸਹੂਲਤ ਅੱਜ ਆਸ਼ਾ ਤੇ ਮਿਡ-ਡੇਅ ਮੀਲ ਵਰਕਰਾਂ ਲਈ ਐਲਾਨੇ ਗਏ ਮਹਿਲਾ ਪੱਖੀ ਫ਼ੈਸਲਿਆਂ ਦੇ ਅਨੁਰੂਪ ਹਨ। ਸ੍ਰੀ ਗੁਰੂ ਨਾਨਕ ਦੇਵ ਦੀ ਬਾਣੀ ਦਾ ਜ਼ਿਕਰ ਕਰਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਗੁਰਬਾਣੀ ਨੇ ਸਮਾਜ ਵਿੱਚ ਔਰਤਾਂ ਨਾਲ ਹੁੰਦੇ ਮਾੜੇ ਵਿਵਹਾਰ ਅਤੇ ਵਿਤਕਰੇ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਉਨ੍ਹਾਂ ਨੂੰ ਬਰਾਬਰ ਹੱਕ ਦੇਣ ’ਤੇ ਜ਼ੋਰ ਦਿੱਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly