ਚੰਡੀਗੜ੍ਹ (ਸਮਾਜ ਵੀਕਲੀ): ਕਾਂਗਰਸ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਨੇ ਅੱਜ ਆਗਾਮੀ ਪੰਜਾਬ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਦਾ ਖਾਕਾ ਵਾਹਿਆ ਹੈ। ਚੋਣ ਪ੍ਰਚਾਰ ਕਮੇਟੀ ਦੀ ਮੀਟਿੰਗ ਚੇਅਰਮੈਨ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਇੱਥੇ ਸ਼ਾਮ ਵੇਲੇ ਹੋਈ ਜਿਸ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਤੋਂ ਇਲਾਵਾ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਨੇ ਵੀ ਸ਼ਮੂਲੀਅਤ ਕੀਤੀ।
ਪੰਜਾਬ ’ਚ ਚੋਣ ਪ੍ਰਚਾਰ ਦੇ ਮੁੱਦਿਆਂ ਅਤੇ ਸਾਧਨ ਤੈਅ ਕਰਨ ਲਈ ਦੇਰ ਸ਼ਾਮ ਤੱਕ ਚੱਲੀ ਮੀਟਿੰਗ ਵਿਚ ਚਰਚਾ ਹੋਈ। ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਚੋਣ ਪ੍ਰਚਾਰ ਲਈ ਤਿਆਰ ਕੀਤੀ ਗਈ ਪ੍ਰਚਾਰ ਸਮੱਗਰੀ ਦਾ ਨਮੂਨਾ ਵੀ ਦਿਖਾਇਆ ਗਿਆ। ਅੱਜ ਦੀ ਮੀਟਿੰਗ ਵਿਚ ਇਕ ਖਾਸ ਗੱਲ ਦੇਖਣ ਨੂੰ ਮਿਲੀ ਕਿ ਮੁੱਖ ਮੰਤਰੀ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਰਮਿਆਨ ਸੁਰ ਅਤੇ ਤਾਲ ਮਿਲ ਰਹੇ ਸਨ। ਚੰਨੀ ਅਤੇ ਸਿੱਧੂ ਦੇ ਇੱਕ ਦੂਸਰੇ ਪ੍ਰਤੀ ਹਾਵ-ਭਾਵ ਅੱਜ ਮੇਲ ਖਾ ਰਹੇ ਸਨ ਅਤੇ ਇੱਕ-ਦੂਜੇ ਦੇ ਮਸ਼ਵਰੇ ਦੀ ਤਾਈਦ ਵੀ ਕੀਤੀ ਜਾ ਰਹੀ ਸੀ।
ਵੇਰਵਿਆਂ ਅਨੁਸਾਰ ਮੀਟਿੰਗ ਵਿਚ ਵਿਰੋਧੀ ਪਾਰਟੀ ਵੱਲੋਂ ਕਾਂਗਰਸ ਖ਼ਿਲਾਫ਼ ਜੋ ਹੁਣ ਤੱਕ ਨੁਕਤੇ ਉਭਾਰੇ ਗਏ ਹਨ, ਚੋਣ ਪ੍ਰਚਾਰ ’ਚ ਉਨ੍ਹਾਂ ਦਾ ਤੋੜ ਲੱਭਣ ਵਾਰੇ ਵੀ ਚਰਚਾ ਹੋਈ ਹੈ। ਚੋਣ ਪ੍ਰਚਾਰ ਕਮੇਟੀ ਦੀ ਇਹ ਪਹਿਲੀ ਅਜਿਹੀ ਮੀਟਿੰਗ ਸੀ ਜਿਸ ਵਿਚ ਅੱਜ ‘ਸਭ ਅੱਛਾ’ ਦਿਖਿਆ। ਚੋਣ ਪ੍ਰਚਾਰ ਯੋਜਨਾਬੱਧ ਤਰੀਕੇ ਨਾਲ ਜਲਦੀ ਸ਼ੁਰੂ ਕੀਤੇ ਜਾਣ ਦੀ ਗੱਲ ਵੀ ਸੀਨੀਅਰ ਆਗੂਆਂ ਵੱਲੋਂ ਰੱਖੀ ਗਈ। ਸੂਤਰਾਂ ਮੁਤਾਬਕ ਲੋਹੜੀ ਮਗਰੋਂ ਕਾਂਗਰਸ ਆਪਣਾ ਚੋਣ ਪ੍ਰਚਾਰ ਵੱਡੇ ਪੱਧਰ ’ਤੇ ਵਿੱਢੇਗੀ। ਮੀਟਿੰਗ ਵਿਚ ਚੋਣ ਪ੍ਰਚਾਰ ’ਚ ਉਭਾਰੇ ਜਾਣ ਵਾਲੇ ਮੁੱਦਿਆਂ ਬਾਰੇ ਵੀ ਸਹਿਮਤੀ ਬਣੀ। ਇਹ ਪਹਿਲਾਂ ਹੀ ਤੈਅ ਹੋ ਚੁੱਕਾ ਹੈ ਕਿ ਅਗਲੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਆਪਣੀ ਸਰਕਾਰ ਦੇ ਪੰਜ ਵਰ੍ਹਿਆਂ ਦਾ ਲੇਖਾ-ਜੋਖਾ ਰੱਖੇਗੀ ਤਾਂ ਜੋ ਵਿਰੋਧੀ ਧਿਰਾਂ ਨੂੰ ਇਸ ਮੁੱਦੇ ’ਤੇ ਬੋਲਣ ਦਾ ਕੋਈ ਮੌਕਾ ਨਾ ਮਿਲੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly