ਚੰਡੀਗੜ੍ਹ (ਸਮਾਜ ਵੀਕਲੀ): ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਟਵੀਟ ਕਰਕੇ ਅਸਿੱਧੇ ਤਰੀਕੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ ’ਤੇ ਲਿਆ ਹੈ। ਕਾਂਗਰਸ ਪਾਰਟੀ ਐਤਕੀਂ ਪੰਜਾਬ ਚੋਣਾਂ ਲਈ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਇਕਮੱਤ ਨਹੀਂ ਦਿਸ ਰਹੀ ਹੈ। ਨਵਜੋਤ ਸਿੱਧੂ ਇਸ ਹੱਕ ਵਿਚ ਹਨ ਕਿ ਮੁੱਖ ਮੰਤਰੀ ਦੇ ਚਿਹਰੇ ਨਾਲ ਹੀ ਚੋਣ ਮੈਦਾਨ ਵਿਚ ਉਤਰਿਆ ਜਾਵੇ ਜਦੋਂ ਕਿ ਕਾਂਗਰਸ ਹਾਈਕਮਾਨ ਪੰਜਾਬ ਚੋਣਾਂ ਮੌਕੇ ਕੋਈ ਸਿਆਸੀ ਖਿਲਾਰਾ ਪਾਉਣ ਤੋਂ ਡਰ ਰਹੀ ਹੈ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਉਨ੍ਹਾਂ ਰਿਪੋਰਟਾਂ ਨੂੰ ਲੈ ਕੇ ਟਿੱਪਣੀ ਕੀਤੀ ਹੈ ਜਿਨ੍ਹਾਂ ਮੁਤਾਬਿਕ ਮੁੱਖ ਮੰਤਰੀ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਖੁ਼ਦ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨ ਦੀ ਜ਼ੋਰ ਅਜ਼ਮਾਇਸ਼ ਵਿੱਚ ਲੱਗੇ ਹੋਏ ਹਨ।
ਤਿਵਾੜੀ ਨੇ ਅੱਜ ਇਕ ਟਵੀਟ ਵਿੱਚ ਕਿਹਾ ਕਿ ‘ਪੰਜਾਬ ਨੂੰ ਗੰਭੀਰ ਲੋਕਾਂ ਦੀ ਜ਼ਰੂਰਤ ਹੈ।’ ਇੱਕ ਤਰੀਕੇ ਨਾਲ ਤਿਵਾੜੀ ਨੇ ਚੰਨੀ ਅਤੇ ਸਿੱਧੂ ਨੂੰ ਗ਼ੈਰ-ਗੰਭੀਰ ਵਿਅਕਤੀ ਕਰਾਰ ਦੇ ਦਿੱਤਾ ਹੈ। ਦੂਸਰੀ ਤਰਫ ਕਾਂਗਰਸ ਹਾਈਕਮਾਨ ਬਿਨਾਂ ਚਿਹਰੇ ਤੋਂ ਚੋਣ ਮੈਦਾਨ ਵਿਚ ਉਤਰਨ ਦਾ ਇਸ਼ਾਰਾ ਕਰ ਚੁੱਕੀ ਹੈ। ਨਵਜੋਤ ਸਿੱਧੂ ਨੇ ਮੰਗਲਵਾਰ ਨੂੰ ਆਖਿਆ ਸੀ ਕਿ ਐਤਕੀਂ ਮੁੱਖ ਮੰਤਰੀ ਦੀ ਚੋਣ ਪੰਜਾਬ ਦੇ ਲੋਕਾਂ ਨੇ ਕਰਨੀ ਹੈ, ਨਾ ਕਿ ਹਾਈਕਮਾਨ ਨੇ। ਤਿਵਾੜੀ ਨੇ ਅੱਜ ਕੀਤੇ ਟਵੀਟ ਵਿੱਚ ਕਿਹਾ ਕਿ ‘ਪੰਜਾਬ ਨੂੰ ਅਜਿਹੇ ਮੁੱਖ ਮੰਤਰੀ ਦੀ ਜ਼ਰੂਰਤ ਹੈ ਜਿਸ ਕੋਲ ਪੰਜਾਬ ਦੀਆਂ ਗੰਭੀਰ ਚੁਣੌਤੀਆਂ ਦਾ ਹੱਲ ਹੋਵੇ ਅਤੇ ਸਖਤ ਫੈਸਲੇ ਲੈਣ ਦੀ ਸਮਰੱਥਾ ਹੋਵੇ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly