(ਸਮਾਜ ਵੀਕਲੀ) ਪੰਜਾਬੀ ਕਹਾਵਤ ਹੈ, “ਠੰਡ ਆਉਂਦੀ ਜਾਂਦੀ ਹੀ ਵੱਧ ਮਾਰਦੀ ਹੈ।”ਭਾਵ ਜਦੋਂ ਗਰਮੀ ਤੋਂ ਬਾਦ ਸਰਦੀ ਦੀ ਰੁੱਤ ਸ਼ੁਰੂ ਹੁੰਦੀ ਹੈ ਜਾਂ ਸਰਦ ਰੁੱਤ ਪਿੱਛੋਂ ਗਰਮੀ ਆਰੰਭ ਹੁੰਦੀ ਹੈ, ਦੋਵੇਂ ਹੀ ਹਾਲਾਤਾਂ ਵਿੱਚ ਮੌਸਮ ਬਦਲ ਰਿਹਾ ਹੁੰਦਾ ਹੈ। ਇਸ ਬਦਲਦੇ ਮੌਸਮ ਵਿੱਚ ਮਨੁੱਖੀ ਜੀਵਾਂ ਨੂੰ ਤਾਪਮਾਨ ਵਿੱਚ ਹੋਣ ਵਾਲੇ ਬਦਲਾਅ ਕਰਕੇ ਬਹੁਤੀ ਵਾਰ ਕਈ ਸਮੱਸਿਆਵਾਂ ਦਾ ਟਾਕਰਾ ਕਰਨਾ ਪੈ ਜਾਂਦਾ ਹੈ। ਅੱਤ ਦੀ ਗਰਮੀ ਤੋਂ ਬਾਦ ਸਤੰਬਰ -ਅਕਤੂਬਰ ਵਿੱਚ ਮੌਸਮ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਹੈ, ਇਸੇ ਤਰ੍ਹਾਂ ਹੀ ਫਰਵਰੀ ਅਖੀਰ ਤੇ ਸ਼ੁਰੂ ਮਾਰਚ ਮਹੀਨੇ ਠੰਡ ਦਾ ਪ੍ਰਕੋਪ ਖ਼ਤਮ ਹੋ ਕੇ ਗਰਮੀ ਦੀ ਆਹਟ ਅਨੁਭਵ ਹੋਣ ਲੱਗਦੀ ਹੈ। ਇਸ ਪੰਦਰਵਾੜੇ ਵਿੱਚ ਕਈ ਵਾਰ ਮੌਸਮ ਐਨੀ ਤੇਜ਼ੀ ਨਾਲ ਮਿਜਾਜ ਬਦਲਦਾ ਹੈ ਕਿ ਲੋਕ ਮੋਟੇ ਗਰਮ ਕੱਪੜਿਆਂ ਨੂੰ ਸਾਂਭ ਕੇ ਪਤਲੇ ਸੂਤੀ ਕੱਪੜੇ ਪਹਿਨਣੇ ਸ਼ੁਰੂ ਕਰ ਦਿੰਦੇ ਹਨ, ਅਚਾਨਕ ਠੰਡੀਆਂ ਹਵਾਵਾਂ ਜਾਂ ਪਹਾੜਾਂ ਵਿੱਚ ਹੋਈ ਬਰਫ਼ਬਾਰੀ ਸਦਕਾ ਫੇਰ ਠੰਡ ਵਧਦੀ ਹੈ ਤੇ ਬਹੁਤਿਆਂ ਨੂੰ ਖੰਘ, ਜ਼ੁਕਾਮ, ਪੇਟ ਦਰਦ, ਬੁਖਾਰ, ਉਲਟੀਆਂ, ਦਸਤ ਆਦਿ ਅਲਾਮਤਾਂ ਜਕੜ ਲੈਂਦੀਆਂ ਹਨ। ਇਨਸਾਨਾਂ ਦੇ ਨਾਲ ਨਾਲ ਘਰ ਦੇ ਡੰਗਰ ਪਸ਼ੂ ਵੀ ਬੀਮਾਰ ਹੋਣ ਲੱਗਦੇ ਹਨ। ਅਜਿਹੇ ਹਾਲਾਤਾਂ ਤੋਂ ਬਚਣ ਲਈ ਇਸ ਬਦਲਦੇ ਮੌਸਮ ਵਿੱਚ ਸਾਨੂੰ ਕੁੱਝ ਖ਼ਾਸ ਪਰਹੇਜ਼ ਰੱਖਣੇ ਚਾਹੀਦੇ ਹਨ। ਬਦਲ ਰਹੇ ਮੌਸਮ ਦੇ ਮਿਜਾਜ ਨੂੰ ਸਮਝਦਿਆਂ ਇਨ੍ਹਾਂ ਦਿਨਾਂ ਵਿੱਚ ਲੰਮੇ ਸਫ਼ਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇੱਕ ਦਮ ਊਨੀ ਤੇ ਗਰਮ ਕੱਪੜਿਆਂ ਦੀ ਥਾਂ ਬਿਲਕੁਲ ਪਤਲੇ ਤੇ ਠੰਡੇ ਪਹਿਰਾਵਿਆਂ ਤੋਂ ਪਰਹੇਜ਼ ਜ਼ਰੂਰੀ ਹੈ। ਕੋਸ਼ਿਸ਼ ਕਰੋ ਕਿ ਬਦਲਦੇ ਮੌਸਮ ਨੂੰ ਸਹਿਜਤਾ ਨਾਲ ਲਵੋ, ਕਿਸੇ ਦੀ ਦੇਖਾ ਦਾਖੀ ਜਾਂ ਫੈਸ਼ਨ ਵੱਸ ਆਪਣਾ ਪਹਿਰਾਵਾ ਪ੍ਰਭਾਵਿਤ ਨਾਂ ਹੋਣ ਦਿਓ। ਹਰ ਇੱਕ ਦੀ ਸਰੀਰਕ ਬਣਤਰ ਅਤੇ ਮਹਿਸੂਸਣ ਸ਼ਕਤੀ ਅਲੱਗ ਅਲੱਗ ਹੁੰਦੀ ਹੈ, ਇਸਲਈ ਭੇਡਚਾਲ ਤੋਂ ਪਰਹੇਜ਼ ਜ਼ਰੂਰੀ ਹੈ।
ਖਾਣ ਪੀਣ ਵਿੱਚ ਜਾਂਦੀ ਸਰਦੀ ਰੁੱਤ ਨੂੰ ਦੇਖਦਿਆਂ ਗਰਮ ਤਾਸੀਰੀ ਪਕਵਾਨਾਂ ਦਾ ਪਰਹੇਜ਼ ਲਾਜ਼ਮੀ ਹੈ।ਤਿਲ, ਮੂੰਗਫਲੀ, ਗੱਚਕ ਜਾਂ ਹੋਰ ਸੁੱਕੇ ਮੇਵਿਆਂ ਦਾ ਸੇਵਨ ਘਟਾ ਦੇਣਾ ਚਾਹੀਦਾ ਹੈ।ਵਧਦੀ ਗਰਮੀ ਨੂੰ ਮੱਦੇ ਨਜ਼ਰ ਰੱਖਦਿਆਂ ਪਾਣੀ ਤੇ ਹੋਰ ਪੇਅ ਪਦਾਰਥਾਂ ਦਾ ਸੇਵਨ ਵਧਾਈਏ ਪਰ ਬਰਫੀਲੀਆਂ ਜਾਂ ਅੱਤ ਠੰਡੀ ਤਾਸੀਰ ਵਾਲੀਆਂ ਚੀਜਾਂ ਦਾ ਅਜੇ ਪਰਹੇਜ਼ ਰੱਖੀਏ। ਇਸ ਬਦਲਦੇ ਮੌਸਮ ਵਿੱਚ ਸਭ ਤੋਂ ਵੱਡੀ ਚੁਣੌਤੀ ਬੱਚਿਆਂ ਦੀ ਸਿਹਤ ਸੰਭਾਲ ਹੁੰਦੀ ਹੈ।ਬੱਚਿਆਂ ਨੂੰ ਪਾਣੀ ਵਿੱਚ ਖੇਡਣ ਤੋਂ ਵਰਜਣਾ ਚਾਹੀਦਾ। ਖੁੱਲੀ ਹਵਾ ਵਿੱਚ ਤਨ ਢਕ ਕੇ ਹੀ ਜਾਣਾ ਚਾਹੀਦਾ।ਇਸ ਮੌਸਮ ਵਿੱਚ ਅਜੇ ਆਇਸਕਰੀਮ ਤੇ ਠੰਡੇ ਪੇਆਂ ਤੋਂ ਪਰਹੇਜ਼ ਰੱਖਣਾ ਚਾਹੀਦਾ। ਫਾਸਟ ਫ਼ੂਡ ਤੇ ਹੋਰ ਬਜ਼ਾਰੀ ਖਾਣਿਆਂ ਤੋਂ ਵੀ ਪੂਰਾ ਪਰਹੇਜ਼ ਰੱਖਣਾ ਜ਼ਰੂਰੀ ਹੈ।ਇਸ ਬਦਲਦੇ ਮੌਸਮ ਵਿੱਚ ਪੇਟ ਦੀਆਂ ਬਿਮਾਰੀਆਂ ਸਦਕਾ ਡਾਕਟਰਾਂ ਨੂੰ ਮੋਟੀਆਂ ਫੀਸਾਂ ਦੇਣ ਤੋਂ ਬੱਚੇ ਰਹਿਣ ਲਈ ਇਸ ਮੌਸਮ ਵਿੱਚ ਹਲਕਾ ਫੁਲਕਾ ਤੇ ਘਰ ਬਣਾਏ ਖਾਣੇ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸੱਚ ਕਹਿੰਦੇ ਨੇ ਕਿ ਇਲਾਜ ਨਾਲ਼ੋਂ ਪਰਹੇਜ਼ ਚੰਗਾ, ਸੋ ਬਦਲਦੇ ਮੌਸਮ ਦੀ ਨਜ਼ਾਕਤ ਨੂੰ ਸਮਝਦਿਆਂ ਖਾਣ ਪੀਣ ਤੇ ਪਹਿਨਣ ਸੰਬੰਧੀ ਜਰੂਰੀ ਪਰਹੇਜ਼ ਅੱਖੋਂ ਪਰੋਖੇ ਕਦੇ ਵੀ ਨਹੀਂ ਕਰਨੇ ਚਾਹੀਦੇ।
ਬੀਨਾ ਬਾਵਾ, ਲੁਧਿਆਣਾ।
(ਐੱਮ ਏ ਆਨਰਜ਼, ਐੱਮ ਫ਼ਿਲ, ਪੰਜਾਬੀ )
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj