(ਸਮਾਜ ਵੀਕਲੀ)– ਇੱਕ ਦੋਸਤ ਨੇ ਮੈਨੂੰ ਕਰਿਆਨੇ ਦੀ ਦੁਕਾਨ ਤੇ ਖੜ੍ਹੇ ਨੂੰ ਵੇਖਕੇ ਅੰਦਰ ਆਵਾਜ਼ ਮਾਰ ਲਈ ਕਹਿੰਦਾ , “ਆਓ ਤੁਹਾਡੀ ਪ੍ਰਧਾਨ ਜੀ ਨਾਲ ਮੁਲਾਕਾਤ ਕਰਵਾਵਾਂ , ਫਿਰ ਦੁਕਾਨਦਾਰ ਵੱਲ ਇਸ਼ਾਰਾ ਕਰਕੇ ਕਹਿੰਦਾ ਇਹ ਨੇ ਗਊ ਰੱਖਿਆ ਸਮਿਤੀ ਦੇ ਪ੍ਰਧਾਨ …………. ਜੀ।”
ਦੁਕਾਨਦਾਰ ਨੇ ਦੋਵੇਂ ਹੱਥ ਜੋੜਕੇ ਬੜੇ ਹੀ ਮਿੱਠੇ ਸ਼ਬਦਾਂ ਨਾਲ ਮੇਰਾ ਸਵਾਗਤ ਕੀਤਾ ਤੇ ਬੈਠਣ ਲਈ ਕਿਹਾ । ਮੇਰੇ ਬੈਠਦਿਆਂ ਹੀ ਪ੍ਰਧਾਨ ਜੀ ਨੇ ਫੋਟੋਆਂ ਵਾਲੀ ਐਲਬਮ ਮੇਰੇ ਅੱਗੇ ਰੱਖ ਦਿੱਤੀ, ਜਿਸ ਵਿੱਚ ਕਈ ਤਰ੍ਹਾਂ ਦੀਆਂ ਫੋਟੋਆਂ ਸਨ , ਜਿਹਨਾਂ ਵਿੱਚ ਗਊਆਂ ਨਾਲ ਭਰੇ ਟਰੱਕਾਂ ਦੀਆਂ ਫੋਟੋਆਂ ਵੀ ਸਨ, ਜੋ ਪ੍ਰਧਾਨ ਜੀ ਨੇ ਪੁਲਿਸ ਨੂੰ ਸੂਚਿਤ ਕਰਕੇ ਕਾਬੂ ਕਰਵਾਏ ਸਨ ।
” ਅਖੀਰ ਗਊ ਮਾਤਾ ਨੂੰ ਬਚਾਉਣਾ ਸਾਡਾ ਹਿੰਦੁਆਂ ਦਾ ਫਰਜ਼ ਏ । ” ਇੰਨੀ ਗੱਲ ਸੁਣ ਕੇ ਮੈਂ ਜਾਣ ਦੀ ਇਜਾਜ਼ਤ ਮੰਗੀ , ਪਰ ਚਾਹ ਆ ਜਾਣ ਕਰਕੇ ਪ੍ਰਧਾਨ ਜੀ ਨੇ ਰੋਕ ਲਿਆ ।
ਕੁਝ ਗੱਲਬਾਤ ਕਰਨ ਤੋਂ ਬਾਅਦ ਮੈਂ ਉਠਕੇ ਬਾਹਰ ਹੀ ਆ ਰਿਹਾ ਸਾਂ ਕਿ ਇੱਕ ਗਾਂ ਨੇ ਆ ਕੇ ਪ੍ਰਧਾਨ ਜੀ ਦੀ ਦੁਕਾਨ ਤੋਂ ਬਾਹਰ ਰੱਖੀ ਇੱਕ ਅਨਾਜ ਦੀ ਬੋਰੀ ਵਿੱਚ ਮੂੰਹ ਮਾਰ ਦਿੱਤਾ । ਦੁਕਾਨਦਾਰ ਨੇ ਨੌਕਰ ਨੂੰ ਮੋਟੀ ਜਿਹੀ ਗਾਲ੍ਹ ਕਢਕੇ ਕਿਹਾ, ” ਮਾਰ ਇਸ ਸਾਲੀ ਦੇ ਸਿਰ ‘ ਚ ਡਾਂਗ , ਇੱਕ ਤਾਂ ਇਹਨਾ ਅਵਾਰਾ ਡੰਗਰਾਂ ਨੇ ਜਾਨ ਲੈਣੀ ਕਰ ਰੱਖੀ ਏ !!”
ਮੈਂ ਸੋਚਾਂ ਵਿੱਚ ਪੈ ਗਿਆ ਕਿ ਆਪਣਾ ਨੁਕਸਾਨ ਵੇਖਕੇ ਕੇ ਮਾਂ ਇੱਕ ਦੰਮ ਸਾਲੀ ਕਿਵੇਂ ਬਣ ਗਈ ?
ਇੰਦਰਜੀਤ ਕਮਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly