* ਆਪਣੀ ਸੋਚ ਨੂੰ ਬਦਲੋ ਤਾਂ ਦੁਨੀਆਂ ਬਦਲ ਜਾਵੇਗੀ *

ਅਵਤਾਰ ਤਰਕਸ਼ੀਲ

(ਸਮਾਜ ਵੀਕਲੀ)

ਕਾਫੀ ਸਾਲ ਪਹਿਲਾਂ (1980 ਤੋਂ ਪਹਿਲਾਂ) ਲੋਕ ਆਪਸ ਵਿੱਚ ਲੜਦੇ ਘੱਟ ਹੁੰਦੇ ਸਨ ਕਿਉਂਕਿ ਗਰੀਬੀ ਸੀ l ਆਪਸੀ ਲੋੜਾਂ ਵੀ ਇੱਕ ਦੂਜੇ ਨਾਲ ਸਾਂਝ ਬਣਾ ਕੇ ਰੱਖਣ ਲਈ ਮਜ਼ਬੂਰ ਕਰਦੀਆਂ ਸਨ l ਇਸ ਨਾਲ ਆਪਸੀ ਪਿਆਰ ਵੀ ਬਣਿਆ ਰਹਿੰਦਾ ਸੀ l

ਆਪਸੀ ਲੋੜਾਂ ਵਿੱਚ ਇੱਕ ਦੂਜੇ ਨੂੰ ਖੇਤੀ ਵਾਲੇ ਸੰਦ ਉਧਾਰੇ ਦੇਣੇ ਅਤੇ ਇੱਕ ਦੂਜੇ ਦੇ ਜਾ ਕੇ ਆਬਤ (ਬਿਨਾਂ ਪੈਸੇ ਲਏ ਤੋਂ ਕੰਮ ਕਰਨਾ) ਤੇ ਕੰਮ ਕਰਨਾ ਜਰੂਰੀ ਹੁੰਦਾ ਸੀ ਕਿਉਂਕਿ ਦੂਜਿਆਂ ਨੂੰ ਦੇਣ ਵਾਸਤੇ ਬਹੁਤੇ ਲੋਕਾਂ ਕੋਲ ਪੈਸੇ ਹੀ ਨਹੀਂ ਹੁੰਦੇ ਸੀ l

ਲੋਕ ਫਸਲਾਂ ਵੇਚਣ ਦੀ ਬਜਾਏ ਲੋੜ ਮੁਤਾਬਕ ਇੱਕ ਦੂਜੇ ਨਾਲ ਵਟਾ ਲੈਂਦੇ ਸਨ l ਨਸ਼ਿਆਂ ਦੀ ਬਜਾਏ ਦੁੱਧ, ਲੱਸੀ, ਗੁੜ, ਸ਼ੱਕਰ ਅਤੇ ਘਿਓ ਨਾਲ ਆਏ ਗਏ ਦੀ ਸੇਵਾ ਕਰਦੇ ਹੁੰਦੇ ਸਨ l

ਲੋਕ ਘਿਓ ਖਾਣ ਦੀਆਂ ਸ਼ਰਤਾਂ ਲਗਾਉਂਦੇ ਹੁੰਦੇ ਸਨ ਜਦਕਿ ਹੁਣ ਨਸ਼ੇ ਖਾਣ ਪੀਣ ਦੀਆਂ ਸ਼ਰਤਾਂ ਲੱਗਣ ਲੱਗ ਪਈਆਂ ਹਨ l

ਉਸ ਸਮੇਂ ਲੋਕ ਭਾਵੇਂ ਧਰਮ ਨਾਲ ਜੁੜੇ ਹੋਏ ਸੀ ਪਰ ਬਹੁਤੇ ਲੋਕਾਂ ਨੇ ਧਰਮ ਨੂੰ ਕਿੱਤੇ ਦੇ ਤੌਰ ਤੇ ਨਹੀਂ ਅਪਣਾਇਆ ਹੋਇਆ ਸੀ l ਜਿਆਦਾ ਧਾਰਮਿਕ ਰਸਮਾਂ ਕਰਨ ਵਾਲੇ ਵੀ ਆਪਣਾ ਰੋਟੀ ਪਾਣੀ ਕੋਈ ਹੋਰ ਕਿੱਤਾ ਕਰਕੇ ਹੀ ਕਮਾਉਂਦੇ ਸਨ l ਪੈਸੇ ਲੈ ਕੇ ਧਾਰਮਿਕ ਰਸਮਾਂ ਕਰਨ ਨੂੰ ਸੇਵਾ ਨਹੀਂ ਮੰਨਿਆ ਜਾਂਦਾ ਸੀ l

ਜਿਸ ਤਰਾਂ ਲੋਕ ਵਿਦੇਸ਼ਾਂ ਵਿੱਚ ਗਏ l ਅਰਬ ਮੁਲਕਾਂ ਤੋਂ ਸ਼ੁਰੂਆਤ ਹੋਈ l ਕੋਠਿਆਂ ਤੇ ਉੱਚੀ ਆਵਾਜ਼ ਵਿੱਚ ਟੇਪ ਰਿਕਾਰਡਾਂ ਵੱਜਣੀਆਂ ਸ਼ੁਰੂ ਹੋਈਆਂ ਤਾਂ ਦੂਜਿਆਂ ਨੂੰ ਦਿਖਾਵੇ ਦੀ ਰਸਮ ਸ਼ੁਰੂ ਹੋਈ ਜੋ ਅਜੇ ਤੱਕ ਵਧੀ ਜਾਂਦੀ ਹੈ ਅਤੇ ਖਤਰਨਾਕ ਰੂਪ ਅਖਤਿਆਰ ਕਰ ਗਈ ਹੈ l

ਪੈਸਾ ਆਉਣ ਨਾਲ ਲੋਕਾਂ ਆਪਣੇ ਖੇਤੀ ਵਾਲੇ ਸੰਦ ਵੱਖਰੇ ਬਣਾ ਲਏ, ਬੋਰ ਵੱਖਰੇ ਕਰਵਾ ਲਏ, ਪਸ਼ੂ ਵੀ ਲੋੜ ਅਨੁਸਾਰ ਲੈ ਲਏ ਅਤੇ ਕੰਮ ਵੀ ਇੱਕ ਦੂਜੇ ਤੋਂ ਪੈਸੇ ਵੱਧ ਦੇ ਕੇ ਕਰਵਾਉਣ ਲੱਗੇ l ਦਿਨੋਂ ਦਿਨ ਆਪਸੀ ਸਾਂਝ ਟੁੱਟਦੀ ਗਈ ਜੋ ਅਜੇ ਤੱਕ ਜਾਰੀ ਹੈ l

ਧਰਮ ਨੂੰ ਜਾਨਣ, ਸਿੱਖਣ ਜਾਂ ਜਿੰਦਗੀ ਵਿੱਚ ਅਪਣਾਉਣ ਦੀ ਬਜਾਏ ਧਰਮ ਦੇ ਨਾਮ ਤੇ ਦਰਿੰਦਗੀ ਸ਼ੁਰੂ ਹੋਈ l ਦੂਜੇ ਦੇ ਵਿਰੋਧੀ ਵਿਚਾਰਾਂ ਕਾਰਨ ਧਰਮ ਨੂੰ ਖਤਰਾ ਹੋਇਆ ਮਹਿਸੂਸ ਹੋਣ ਲੱਗਾ l ਇਹ ਕਿਸੇ ਨੇ ਸੋਚਿਆ ਹੀ ਨਹੀਂ ਕਿ ਧਰਮ ਦੀ ਤਾਂ ਸ਼ੁਰੂਆਤ ਹੀ ਵਿਰੋਧ ਵਿੱਚੋਂ ਹੋਈ ਸੀ l ਨਵਾਂ ਧਰਮ ਉਸ ਵੇਲੇ ਬਣਦਾ ਹੈ ਜਦੋਂ ਨਵਾਂ ਧਰਮ ਸ਼ੁਰੂ ਕਰਨ ਵਾਲਿਆਂ ਨੂੰ ਪੁਰਾਣੇ ਧਰਮਾਂ ਵਿੱਚ ਕਮੀਆਂ ਦਿਸਦੀਆਂ ਹਨ l ਜੇਕਰ ਸਮਾਂ ਪਾ ਕੇ ਨਵੇਂ ਧਰਮ ਵੀ ਉਹੀ ਕੁੱਝ ਕਰਨ ਲੱਗ ਪੈਣ ਜੋ ਪਹਿਲੇ ਧਰਮ ਕਰਦੇ ਸੀ ਤਾਂ ਦੋਨਾਂ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ l ਲੋਕ ਇਸ ਧਾਰਮਿਕ ਕੱਟੜਤਾ ਕਾਰਨ ਵਿਚਾਰ ਕਰਨ ਦਾ ਰਾਹ ਛੱਡ ਕੇ ਦੂਜਿਆਂ ਨੂੰ ਸੋਧਣ ਦਾ ਰਾਹ ਅਪਣਾਉਣ ਲੱਗੇ l

ਹੁਣ ਸੋਚਣ ਦੀ ਲੋੜ ਹੈ ਕਿ ਇੱਕ ਦੂਜੇ ਨਾਲ ਲੜ ਕੇ, ਕੁੱਟ ਕੇ ਜਾਂ ਮਾਰ ਕੇ ਜਿੰਦਗੀ ਵਿੱਚ ਕਿੰਨੇ ਕੁ ਲੋਕਾਂ ਨੂੰ ਇੱਕ ਵਿਅਕਤੀ ਸੋਧ ਸਕਦਾ ਹੈ? ਫਿਰ ਇਹ ਸਭ ਕਰਨ ਤੋਂ ਬਾਦ ਥਾਣਿਆਂ ਅਤੇ ਜੇਲ੍ਹਾਂ ਵਿੱਚ ਜਾਣ ਲਈ ਵੀ ਸਮੇਂ ਦੀ ਲੋੜ ਪੈਂਦੀ ਹੈ ਅਤੇ ਪੈਸੇ ਦੀ ਲੋੜ ਵੀ ਪੈਂਦੀ ਹੈ l ਇਸ ਸੋਧਣ ਦਾ ਸੰਤਾਪ ਉਨ੍ਹਾਂ ਦੇ ਪਰਿਵਾਰਾਂ ਨੂੰ ਝੱਲਣਾ ਪੈਂਦਾ ਹੈ l ਇਸ ਦੀਆਂ ਉਦਾਹਰਣਾਂ ਤੁਹਾਨੂੰ ਇਤਿਹਾਸ ਵਿੱਚੋਂ ਲੱਭਣ ਦੀ ਲੋੜ ਨਹੀਂ ਹੈ l ਇਸ ਤਰਾਂ ਦੀਆਂ ਉਦਾਹਰਣਾਂ ਹੁਣ ਜੀਅ ਰਹੇ ਲੋਕਾਂ ਵਿੱਚੋਂ ਮਿਲ ਜਾਣਗੀਆਂ l

ਭਾਰਤ ਦੀ ਅਬਾਦੀ 135 ਕਰੋੜ ਦੇ ਲੱਗਭਗ ਹੈ l ਵਿਚਾਰ ਤੁਹਾਡੇ ਨਾਲ ਬਹੁਤੇ ਲੋਕਾਂ ਦੇ ਨਹੀਂ ਮਿਲਦੇ ਹੋਣਗੇ ਪਰ ਏਨੇ ਲੋਕਾਂ ਨਾਲ ਲੜਕੇ ਸਮਝਾਇਆ ਨਹੀਂ ਜਾ ਸਕਦਾ ਜਾਂ ਏਨੇ ਲੋਕਾਂ ਨੂੰ ਸੋਧਿਆ ਨਹੀਂ ਜਾ ਸਕਦਾ ਪਰ ਲਿਖ ਕੇ, ਵਿਚਾਰ ਕਰਕੇ ਅਤੇ ਇਕੱਠ ਕਰਕੇ ਜਰੂਰ ਆਪਣੀ ਗੱਲ ਸਮਝਾਈ ਜਾ ਸਕਦੀ ਹੈ l ਜੇ ਤੁਸੀਂ ਆਪਣੀ ਗੱਲ ਦੂਜੇ ਨੂੰ ਸਮਝਾਉਣਾ ਚਾਹੁੰਦੇ ਹੋ ਤਾਂ ਦੂਜਿਆਂ ਦੇ ਵਿਰੋਧੀ ਵਿਚਾਰਾਂ ਦਾ ਸ਼ਾਂਤੀ ਨਾਲ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਹੈ l ਤੁਹਾਡੀ ਕੌੜੀ ਬੋਲੀ ਕਾਰਨ ਤਾਂ ਤੁਹਾਨੂੰ ਇਕੱਠ ਵਿੱਚ ਕੋਈ ਸੁਣਨ ਵੀ ਨਹੀਂ ਆਵੇਗਾ l ਯਾਦ ਰੱਖਣਾ ਚਾਹੀਦਾ ਹੈ ਕਿ ਇਕੱਠ ਵਿੱਚ ਸੱਦਣਾ ਤੁਹਾਡੀ ਮਜ਼ਬੂਰੀ ਹੁੰਦੀ ਹੈ ਆਉਣ ਵਾਲਿਆਂ ਦੀ ਨਹੀਂ ਹੈ l ਕੁੱਝ ਬਦਲਣਾ ਤੁਸੀਂ ਚਾਹੁੰਦੇ ਹੋ l ਇਕੱਠ ਵਿੱਚ ਆਉਣ ਵਾਲੇ ਨਹੀਂ l ਜੇ ਲੋਕਾਂ ਨੂੰ ਬਦਲਣਾ ਹੈ ਤਾਂ ਮਿਠਾਸ ਤੁਹਾਨੂੰ ਆਪਣੇ ਵਿੱਚ ਲਿਆਉਣੀ ਪਵੇਗੀ l

ਇਸ ਦੇ ਨਾਲ ਇਹ ਵੀ ਜਾਨਣਾ ਜਰੂਰੀ ਹੈ ਕਿ ਤੁਸੀਂ ਜੋ ਸਮਾਜ ਨੂੰ ਦਿਓਗੇ ਸਮਾਜ ਤੁਹਾਨੂੰ ਉਹੀ ਵਾਪਸ ਦੇਵੇਗਾ ਭਾਵ ਨਫਰਤ ਬਦਲੇ ਨਫਰਤ, ਪਿਆਰ ਬਦਲੇ ਪਿਆਰ ਅਤੇ ਈਰਖਾ ਬਦਲੇ ਈਰਖਾ l ਜਿਸ ਵੇਲੇ ਤੁਸੀਂ ਸਮਾਜ ਵਿੱਚ ਕੁੱਝ ਬਿਨਾਂ ਲਾਭ ਦੇ ਕਰਦੇ ਹੋ ਤਾਂ ਉਹ ਵੀ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਨੂੰ ਵਾਪਸ ਮਿਲਦਾ ਹੈ l

ਜੇ ਨਫਰਤਾਂ ਖਤਮ ਕਰਨੀਆਂ ਹਨ ਤਾਂ ਪਿਆਰ ਵੰਡਣਾ ਸ਼ੁਰੂ ਕਰ ਦਿਓ l ਜਦੋਂ ਤੁਹਾਨੂੰ ਉਸ ਬਦਲੇ ਪਿਆਰ ਮਿਲਣਾ ਸ਼ੁਰੂ ਹੋ ਗਿਆ ਤਾਂ ਨਫਰਤਾਂ ਦਾ ਖੁਦ ਹੀ ਖਾਤਮਾ ਹੋ ਜਾਵੇਗਾ l

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਡਰਨ ਅਰਨਿੰਗ ਹੈਂਡ
Next articleਆਗਾਜ਼