HOME ਚਮਕੌਰ ਦੀ ਗੜ੍ਹੀ, ਠੰਡਾ ਬੁਰਜ ਤੇ ਸਰਹਿੰਦ ਦੀ ਦੀਵਾਰ ਕਿੱਥੇ ਹੈ?

ਚਮਕੌਰ ਦੀ ਗੜ੍ਹੀ, ਠੰਡਾ ਬੁਰਜ ਤੇ ਸਰਹਿੰਦ ਦੀ ਦੀਵਾਰ ਕਿੱਥੇ ਹੈ?

2
ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਚਮਕੌਰ
ਬੁੱਧ ਸਿੰਘ ਨੀਲੋਂ

  (ਸਮਾਜ ਵੀਕਲੀ)  ਇਤਿਹਾਸ ਬਣਾਉਣ ਤੇ ਉਸਨੂੰ ਸੰਭਾਲ ਕੇ ਰੱਖਣ ਲਈ ਜਾਗਦੇ ਰਹਿਣ ਦੀ ਲੋੜ ਹੁੰਦੀ ਹੈ। ਦੁਨੀਆਂ ਦੇ ਇਤਿਹਾਸ ਵਿੱਚ ਚਮਕੌਰ ਦੀ ਗੜ੍ਹੀ ਤੇ ਸਰਹਿੰਦ ਦੀ ਦੀਵਾਰ ਇੱਕ ਅਜਿਹਾ ਇਤਿਹਾਸ ਹੈ, ਜਿਸ ਦੀ ਮਿਸਾਲ ਕਿਧਰੇ ਵੀ ਨਹੀਂ ਮਿਲਦੀ। ਦੁਨੀਆਂ ਵਿੱਚ ਸਦੀਆਂ ਤੋਂ ਜੰਗਾਂ ਹੁੰਦੀਆਂ ਰਹੀਆਂ ਹਨ। ਉਹਨਾਂ ਜੰਗਾਂ ਦੇ ਵਿੱਚ ਫੌਜਾਂ ਬਰਾਬਰ ਦੀਆਂ ਹੁੰਦੀਆਂ ਸਨ ਜਾਂ ਵੱਧ ਘੱਟ। ਪ੍ਰੰਤੂ ਚਮਕੌਰ ਗੜ੍ਹੀ ਦੀ ਜੰਗ ਇਸ ਕਰਕੇ ਦੁਨੀਆ ਤੋਂ ਵੱਖਰੀ ਹੈ ਕਿਉਂਕਿ ਇਹ ਜੰਗ ਕੁੱਝ ਗਿਣਤੀ ਦੇ ਭੁੱਖਣ ਭਾਣੇ ਤੇ ਕੁਦਰਤੀ ਝੱਖੜ ਦੇ ਝੰਬੇ ਲੜਾਈ ਲੜਦੇ ਸਿੱਖ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਨਾਲ਼ ਪੁਜੇ ਸਨ। ਇਸ ਤੋਂ ਪਹਿਲਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੇ ਕਿਲ੍ਹੇ ਨੂੰ ਛੱਡਿਆ ਸੀ। ਉਸ ਵੇਲੇ ਤੋਂ ਹੀ ਪਹਾੜੀ ਰਾਜਿਆਂ ਤੇ ਮੁਗ਼ਲ ਫ਼ੌਜਾਂ ਨੇ ਉਹਨਾਂ ਦਾ ਪਿੱਛਾ ਕਰਦੇ ਹੋਏ, ਲੜਾਈਆਂ ਕੀਤੀਆਂ। ਸਰਸਾ ਨਦੀ ਤੱਕ ਇਹ ਲੜਾਈ ਹੁੰਦੀ ਰਹੀ। ਉਸ ਵੇਲੇ ਕੁਦਰਤੀ ਝੱਖੜ, ਮੀਂਹ ਪੈਂਦਾ ਸੀ। ਸਰਸਾ ਨਦੀ ਦਾ ਪਾਣੀ ਵੀ ਤੇਜ ਰਫ਼ਤਾਰ ਵਗਦਾ ਸੀ। ਪਿੱਛੇ ਮੁਗ਼ਲ ਫ਼ੌਜਾਂ ਸਨ, ਮੂਹਰੇ ਸ਼ੂਕਦੀ ਸਰਸਾ ਨਦੀ ਸੀ। ਇਸ ਨਦੀ ਨੂੰ ਪਾਰ ਕਰਦਿਆਂ ਗੁਰੂ ਜੀ ਪਰਵਾਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਪਾਸੇ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਤੇ ਉਹਨਾਂ ਦਾ ਰਸੋਈਆ ਗੰਗੂ ਬ੍ਰਾਹਮਣ, ਉਧਰ ਦੂਜੇ ਪਾਸੇ ਗੁਰੂ  ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦੇ, ਪੰਜ ਪਿਆਰਿਆਂ ਚੋਂ ਤਿੰਨ ਪਿਆਰੇ ਤੇ ਸਮੇਤ ਚਾਲੀ ਕੁ ਸਿੰਘ ਸਨ। ਜਿਹੜੇ ਮੁਗਲਾਂ ਦੀਆਂ ਫੌਜਾਂ ਨਾਲ ਲੜਦੇ ਹੋਏ ਤੇ ਸ਼ਹੀਦ ਹੋਏ। ਉਹਨਾਂ ਵਿਚੋਂ ਬਚੇ ਇਹ ਸਿੰਘ ਜਦੋਂ ਚਮਕੌਰ ਦੀ ਗੜ੍ਹੀ ਵਿੱਚ ਪੁਜੇ ਤਾਂ ਉਹਨਾਂ ਮਗਰ ਲੱਖਾਂ ਦੀ ਗਿਣਤੀ ਵਿੱਚ ਮੁਗਲ ਸੈਨਾ ਸੀ। ਉਹ ਗੁਰੂ ਸਾਹਿਬ ਜੀ ਨੂੰ ਜਿਉਂਦਾ ਗ੍ਰਿਫ਼ਤਾਰ ਕਰਨਾ ਚਾਹੁੰਦੇ ਸਨ। ਇਤਿਹਾਸ ਦੇ ਸਰੋਤ ਦੱਸਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਆਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਉਹਨਾਂ ਨੇ ਉਹ ਮਾਰਗ ਚੁਣਿਆ ਸੀ, ਜਿਹਨਾਂ ਥਾਵਾਂ ਉੱਪਰ ਉਹਨਾਂ ਦੇ ਭਰੋਸੇਮੰਦ ਸਿੱਖ ਤੇ ਸ਼ਰਧਾਲੂ ਵਸਦੇ ਸਨ। ਗੁਰੂ ਸਾਹਿਬ ਨੇ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਚਮਕੌਰ ਦੀ ਗੜ੍ਹੀ ਨੂੰ ਚੁਣਿਆ। ਕਿਉਂਕਿ ਗੁਰੂ ਸਾਹਿਬ ਕੇਵਲ ਯੋਧੇ ਹੀ ਨਹੀਂ ਸਗੋਂ ਯੁੱਧ ਨੀਤੀ ਦੇ ਵੀ ਉਸਤਾਦ ਸਨ। ਚਮਕੌਰ ਦੀ ਗੜ੍ਹੀ ਉਚੀ ਪਹਾੜੀ ਉਪਰ ਬਣੀ ਹੋਈ ਸੀ। ਜਿਹੜੀ ਧਰਤੀ ਸੱਤਰ ਅੱਸੀ ਫੁੱਟ ਉੱਚੀ ਸੀ। ਜਿਸ ਇੱਕ ਹੀ ਦਰਵਾਜ਼ਾ ਸੀ। ਜਿੱਥੇ ਗੁਰੂ ਸਾਹਿਬ ਜੀ ਨੇ ਦੋ ਸਿੰਘਾਂ ਨੂੰ ਤਾਇਨਾਤ ਕੀਤਾ ਸੀ। ਦੂਜੇ ਪਾਸੇ ਮੁਗਲ ਸੈਨਾ ਦੇ ਹਮਲਿਆਂ ਤੋਂ ਗੜ੍ਹੀ ਮਹਿਫੂਜ਼ ਸੀ। ਇਥੋਂ ਹੀ ਗੁਰੂ ਦੇ ਸਿੱਖ ਨਿਕਲ਼ ਕੇ ਮੁਗ਼ਲ ਫ਼ੌਜਾਂ ਦਾ ਟਾਕਰਾ ਕਰਦੇ ਸ਼ਹੀਦੀ ਜਾਮ ਪੀਂਦੇ ਰਹੇ। ਇਸ ਕਿਲ੍ਹੇ ਦੀ ਅਟਾਰੀ ਉਪਰ ਖੜ੍ਹ ਕੇ ਗੁਰੂ ਸਾਹਿਬ ਨਿਗਰਾਨੀ ਕਰਦੇ ਹੋਏ ਯੁੱਧ ਨੂੰ ਤੱਕਦੇ ਰਹੇ। ਇਹ ਚਮਕੌਰ ਦੀ ਗੜ੍ਹੀ ਗੁਰੂ ਸਾਹਿਬ ਦੇ ਸ਼ਰਧਾਲੂ ਸੀ। ਉਸ ਵੇਲੇ ਬਹੁਤ ਸਾਰੇ ਸਿੱਖਾਂ ਨੇ ਹਕੂਮਤ ਤੋਂ ਡਰਦਿਆਂ ਆਪਣੇ ਘਰਾਂ ਦੇ ਬੂਹੇ ਵੀ ਬੰਦ ਕਰ ਦਿੱਤੇ ਸਨ। ਇਸ ਯੁੱਧ ਵਿੱਚ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ, ਪਿਆਰੇ ਤੇ ਮੁਕਤੇ ਸ਼ਹੀਦ ਹੋਏ ਸਨ।ਜਦੋਂ ਗੁਰੂ ਸਾਹਿਬ ਜੀ ਨੇ ੧੬੯੯ ਦੀ ਵੈਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ, ਉਦੋਂ ਉਹਨਾਂ ਨੇ ਪਹਿਲਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਉਹਨਾਂ ਤੋਂ ਆਪ ਛਕਿਆ। ਇਸ ਤੋਂ ਬਾਅਦ ਜਿਹਨਾਂ ਨੇ ਅੰਮ੍ਰਿਤ ਛਕਿਆ ਗੁਰੂ ਸਾਹਿਬ ਨੇ ਉਹਨਾਂ ਨੂੰ ਮੁਕਤਿਆਂ ਦਾ ਖਿਤਾਬ ਦਿੱਤਾ ਸੀ।  ਇਸੇ ਤਰ੍ਹਾਂ ਸਰਹੰਦ ਦੀ ਦੀਵਾਰ ਤੇ ਠੰਡਾ ਬੁਰਜ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਮਹੱਤਵ ਪੂਰਨ ਅਸਥਾਨ ਹੈ। ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕਰਕੇ ਰੱਖਿਆ ਗਿਆ ਸੀ। ਅੱਜਕਲ੍ਹ ਉਹ ਜਗ੍ਹਾ ਹੈ ਪਰ ਉਹ ਪੁਰਾਤਨ ਇਮਾਰਤਾਂ ਨਹੀਂ। ਨਾ ਉਹ ਠੰਡਾ ਬੁਰਜ ਹੈ ਤੇ ਨਾ ਹੀ ਕਿਧਰੇ ਦੀਵਾਰ ਨਜ਼ਰ ਆਉਂਦੀ ਹੈ। ਇਹਨਾਂ ਪੁਰਾਤਨ ਯਾਦਗਾਰੀ ਇਮਾਰਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਰ ਸੇਵਾ ਵਾਲਿਆਂ ਦੇ ਰਾਹੀਂ ਖ਼ਤਮ ਕਰ ਦਿੱਤਾ। ਉਹਨਾਂ ਥਾਵਾਂ ਨੂੰ ਚਿੱਟੇ ਸੰਗਮਰਮਰ ਦੇ ਨਾਲ ਦਫ਼ਨ ਕਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਸਿੱਖ ਧਰਮ ਦੀਆਂ ਮਹਾਨ ਯਾਦਗਾਰਾਂ ਨੂੰ ਤਬਾਹ ਕਰਨ ਦਾ ਕਿਸ ਪੰਥ ਨੇ ਹੁਕਮ ਦਿੱਤਾ ਸੀ? ਜਿਸ ਤਰ੍ਹਾਂ ਕਾਰ ਸੇਵਾ ਦੇ ਨਾਂ ਹੇਠ ਸਾਡੀਆਂ ਪੁਰਾਤਨ ਪਰੰਪਰਾਵਾਂ ਨੂੰ ਇਹਨਾਂ ਬਾਬਿਆਂ ਨੇ ਖ਼ਤਮ ਕੀਤਾ ਹੈ, ਇਸ ਲਈ ਕਦੇ ਸਿੱਖ ਕੌਮ ਸੋਚੇਗੀ? ਇਹ ਕੁੱਝ ਉਸੇ ਤਰ੍ਹਾਂ ਕਰਵਾਇਆ ਗਿਆ ਹੈ ਜਿਵੇਂ ਹੁਣ ਕੇਂਦਰ ਸਰਕਾਰ ਪੁਰਾਤਨ ਇਮਾਰਤਾਂ ਤੇ ਮਾਰਗਾਂ ਦੇ ਨਾਂ ਬਦਲ ਰਹੀ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਬਾਬਰੀ ਮਸਜਿਦ ਨੂੰ ਮਾਣਯੋਗ ਅਦਾਲਤ ਦੀ ਆਡ ਹੇਠ ਤਬਾਹ ਕੀਤਾ ਸੀ। ਸਾਨੂੰ ਸਮਝ ਆਉਂਦੀ ਹੈ ਕਿ ਇਨ੍ਹਾਂ ਇਤਿਹਾਸਕ ਪਿਛੋਕੜ ਵਾਲੀਆਂ ਇਮਾਰਤਾਂ ਨੂੰ ਸੰਗਮਰਮਰ ਵਿੱਚ ਬਦਲਣ ਵਾਲੇ ਕੌਣ ਹਨ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਸਿੱਖ ਧਰਮ ਦੀ ਰੱਖਿਆ ਲਈ ਬਣੇ ਸਨ। ਸ਼੍ਰੋਮਣੀ ਅਕਾਲੀ ਦਲ ਜਿਹੜਾ ਗ਼ੈਰ ਰਾਜਨੀਤਕ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਸੀ। ਹੁਣ ਦੋਵੇਂ ਰਾਜਨੀਤੀ ਦੀ ਦਲਦਲ ਵਿੱਚ ਫਸ ਕੇ ਰਹਿ ਗਈਆਂ ਹਨ।  ਸਿੱਖ ਕੌਮ ਦੇ ਵਾਰਸਾਂ ਨੇ ਹੁਣ ਨਰੈਣੂ ਮਹੰਤ ਦਾ ਰੂਪ ਧਾਰਨ ਕਰ ਲਿਆ ਹੈ। ਉਹਨਾਂ ਨੇ ਸਿੱਖੀ ਦੀਆਂ ਪ੍ਰੰਪਰਾਵਾਂ ਅਤੇ ਉਹਨਾਂ ਫਲਸਫਿਆਂ ਨੂੰ ਤਬਾਹ ਕਰਨ ਲਈ ਬੀੜਾ ਚੁੱਕਿਆ ਹੋਇਆ ਹੈ। ਇਸ ਦੀਆਂ ਖ਼ਬਰਾਂ ਤੋਂ ਤੁਸੀਂ ਖ਼ੁਦ ਜਾਣੂ ਹੋ। ਇਥੇ ਉਹਨਾਂ ਘਪਲਿਆਂ ਤੇ ਮਸਲਿਆਂ ਨੂੰ ਦੁਹਰਾਇਆ ਨਹੀਂ ਜਾ ਸਕਦਾ। ਕਿਉਂਕਿ ਜਦੋਂ ਅਕਾਲੀ ਦਲ ਕੁਰਸੀ ਤੋਂ ਪਾਸੇ ਹੁੰਦਾ ਹੈ ਤਾਂ ਪੰਥ ਨੂੰ ਖ਼ਤਰਾ ਖੜ੍ਹਾ ਹੋ ਜਾਂਦਾ ਹੈ। ਇਸ ਸਮੇਂ ਪੰਥ ਖ਼ਤਰਾ ਮਹਿਸੂਸ ਕਰ ਰਿਹਾ ਹੈ। ਅਜੋਕੇ ਅਕਾਲੀ ਦਲ ਨੇ ਅਕਾਲੀ ਦਲ ਨੂੰ ਘੋੜਿਆਂ ਤੋਂ ਡਾਇਨਾਸੋਰ ਤੱਕ ਖਿੱਚ ਲਿਆਂਦਾ ਹੈ। ਹੁਣ ਇਹਨਾਂ ਪੁਰਾਤਨ ਯਾਦਗਾਰੀ ਇਮਾਰਤਾਂ ਦੀ ਤਬਦੀਲੀ ਦਾ ਲੇਖਾ ਜੋਖਾ ਕੌਣ ਕਰੇਗਾ?  ਸਾਡੇ ਕੋਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾਉਣ ਲਈ ਸੰਗਮਰਮਰ ਦੀਆਂ ਇਮਾਰਤਾਂ ਤੋਂ ਇਲਾਵਾ ਹੋਰ ਕੀ ਬਚਿਆ ਹੈ? ਇਹਨਾਂ ਪੁਰਾਤਨ ਯਾਦਗਾਰੀ ਇਮਾਰਤਾਂ ਨੂੰ ਖ਼ਤਮ ਕਰਨ ਵਾਲਿਆਂ ਵਿੱਚ ਉਹ ਸਿੱਖ ਤੇ ਸ਼ਰਧਾਲੂ ਸ਼ਾਮਲ ਹਨ ਜਿਹਨਾਂ ਨੇ ਹੁਣ ਤੱਕ ਅੱਖਾਂ ਮੀਚ ਕੇ ਉਹਨਾਂ ਨੂੰ ਇਹ ਤਬਦੀਲੀਆਂ ਕਰਨ ਦੀ ਖੁੱਲ੍ਹ ਦਿੱਤੀ ਰੱਖੀ। ਕੀ ਅਸੀਂ ਕਦੇ ਬੀਤੇ ਇਤਿਹਾਸ ਦਾ ਮੁਲਾਂਕਣ ਕਰਨ ਦੀ ਕੋਸ਼ਿਸ਼ ਕਰਾਂਗੇ? ਕਿ ਅਸੀਂ ਆਪਣੇ ਮਹਾਨ ਵਿਰਸੇ ਅਤੇ ਇਤਿਹਾਸ ਨੂੰ ਸੰਭਾਲਿਆ ਕਿਉਂ ਨਹੀਂ? ਅਸੀਂ ਆਪਣੇ ਵਿਚ ਬੈਠੇ ਔਰੰਗਜ਼ੇਬ, ਅਬਦਾਲੀ ਤੇ ਗੰਗੂ ਬ੍ਰਾਹਮਣਾਂ ਨੂੰ ਪਛਾਣ ਸਕਾਂਗੇ?

——
ਬੁੱਧ ਸਿੰਘ ਨੀਲੋਂ 
9464370823
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜਿਲ੍ਹਾ ਪੱਧਰੀ ਕਰਾਟੇ ਮੁਕਾਬਲੇ ‘ਚ ਸਰਕਾਰੀ ਸਕੂਲ ਬਾਗੋਵਾਲ ਨੇ ਮਾਰੀ ਬਾਜ਼ੀ, ਰਾਜ ਪੱਧਰੀ ਮੁਕਾਬਲੇ ਲਈ ਹੋਈ ਚੋਣ 
Next articleਕ੍ਰਿਸ਼ਨ ਬਰਗਾੜੀ ਯਾਦਗਾਰੀ ਸਨਮਾਨ ਸਮਾਗਮ 8 ਫਰਵਰੀ ਨੂੰ ਬਰਨਾਲਾ ਵਿਖੇ, ਤਰਕਸ਼ੀਲ ਮੈਗਜ਼ੀਨ ਮੁਹਿੰਮ ਦੀ ਸ਼ੁਰੂਆਤ 5 ਜਨਵਰੀ ਤੋਂ