ਚਮਕੌਰ ਦੀ ਗੜ੍ਹੀ ਵਿੱਚ ਕਲਗ਼ੀ ਤੋੜੇ ਕਿਸ ਦੇ ਸੀਸ ‘ਤੇ ਸਜਿਆ ?

ਸੁਖਦੇਵ ਸਿੰਘ ਭੁੱਲੜ

(ਸਮਾਜ ਵੀਕਲੀ) ਜਦ ਦਸਮ ਪਿਤਾ ਜੀ ਪੰਥ ਦਾ ਹੁਕਮ ਮੰਨ ਕੇ, ਚਮਕੌਰ ਦੀ ਗੜ੍ਹੀ ਵਿੱਚੋਂ ਬਾਹਰ ਨਿਕਲੇ। ਉਸ ਵਕਤ ਦੁਸ਼ਮਣਾਂ ਨੂੰ ਆਪਣੀ ਮੌਜੂਦਗੀ ਦਾ ਭੁਲੇਖਾ ਪਾਉਣ ਲਈ ਆਪਣੀ ਥਾਂ ਆਪਣੇ ਬਚਪਨ ਦੇ ਬੇਲੀ ਭਾਈ ਸੰਗਤ ਸਿੰਘ ਨੂੰ ਆਪਣੀ ਪੌਸ਼ਾਕ ਪਹਿਨਾਈ ਤੇ ਆਪਣੇ ਸੀਸ ‘ਤੇ ਸਜੀ ਹੀਰਿਆਂ ਜੜ੍ਹਤ ਕਲਗੀ ਲਾਹ ਕੇ ਭਾਈ ਸੰਗਤ ਸਿੰਘ ਦੇ ਸੀਸ ਤੇ ਸਜਾ ਦਿੱਤੀ। ਭਾਈ ਸੰਤ ਸਿੰਘ, ਭਾਈ ਕਾਹਨਾ ਸਿੰਘ, ਭਾਈ ਰਾਮ ਸਿੰਘ, ਭਾਈ ਕੇਹਰ ਸਿੰਘ, ਭਾਈ ਦੇਵਾ ਸਿੰਘ, ਭਾਈ ਜਿਉਣ ਸਿੰਘ ਤੇ ਭਾਈ ਸੰਤੋਖ ਸਿੰਘ ਆਦਿ ਸੱਤ ਸਿੰਘ ਗੜ੍ਹੀ ਵਿੱਚ ਮੌਜੂਦ ਰਹੇ।ਜੋ ਦੂਜੇ ਦਿਨ ਮੁਗਲ ਸੈਨਾ ਦਾ ਟਾਕਰਾ ਕਰਦੇ ਹੋਏ ਸ਼ਹਾਦਤਾਂ ਪਾ ਗਏ। ਤਕ਼ਰੀਬਨ ਇਸ ਸਾਖੀ ਦਾ ਅਜਿਹਾ ਬ੍ਰਿਤਾਂਤ ਹਰ ਨਵੇਂ  ਪੁਰਾਣੇ ਸ੍ਰੋਤ ਵਿੱਚੋਂ ਪੜ੍ਹਨ ਨੂੰ ਮਿਲ ਜਾਂਦਾ ਏ। ਮਗਰ ਕੁੱਝ ਸਮੇਂ ਤੋਂ ਨਵੇਂ ਖੋਜਾਰਥੀਆਂ ਨੇ ਭਾਈ ਸੰਗਤ ਸਿੰਘ ਦੀ ਥਾਂ ਭਾਈ ਜੀਵਨ ਸਿੰਘ ਨੂੰ ਕਲਗ਼ੀ ਜਿਗ੍ਹਾ ਦੇਣ ਦਾ ਇਤਿਹਾਸ ਪ੍ਰਚਾਰਣਾ ਸ਼ੁਰੂ ਕਰ ਦਿੱਤਾ ਏ।

     ਜਦ ਕਿ ਬਹੁਤ ਸਾਰੇ ਸ੍ਰੋਤਾਂ ਨੇ ਹਵਾਲਾ ਦਿੱਤਾ ਏ ਕਿ ਭਾਈ ਜੀਵਨ ਸਿੰਘ ਸਰਸਾ ਨਦੀ ਦੇ ਕੰਢੇ ਹੋਏ ਘਮਸਾਨ ਦੇ ਜੰਗ ਵਿੱਚ ਸ਼ਹੀਦ ਹੋ ਚੁੱਕੇ ਸਨ।ਸੋ ਚਮਕੌਰ ਦੀ ਗੜ੍ਹੀ ਵਿੱਚ ਕਲਗ਼ੀ ਜਿਗ੍ਹਾ ਦੇਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਤਾਂ ਤੇ ਭਾਈ ਸੰਗਤ ਸਿੰਘ ਵਾਲੀ ਗੱਲ ਹੀ ਠੀਕ ਲੱਗਦੀ ਏ।

    ਭਾਈ ਸੰਗਤ ਸਿੰਘ ਦੀ ਸ਼ਕਲ ਤੇ ਕੱਦ ਬਿਲਕੁੱਲ ਦਸਮ ਪਿਤਾ ਜੀ ਨਾਲ ਮਿਲਦਾ-ਜੁਲਦਾ ਸੀ।ਬਾਕੀ ਉਨ੍ਹਾਂ ਸਮਿਆਂ ਵਿੱਚ ਰਾਜੇ-ਮਹਾਰਾਜੇ ਜਾਂ ਪ੍ਰਮੁੱਖ ਸਖਸ਼ੀਅਤਾਂ ਆਪਣੇ ਨਾਲ ਕੁੱਝ ਐਸੇ ਸਾਥੀ ਰੱਖਦੇ ਸਨ, ਜਿਨ੍ਹਾਂ ਦੀ ਸ਼ਕਲ ਜਾਂ ਚਿਹਰਾ-ਮੋਹਰਾ ਉਨ੍ਹਾਂ (ਮਾਲਕ) ਨਾਲ ਮਿਲਦਾ ਹੋਵੇ। ਮੁਗ਼ਲ ਬਾਦਸ਼ਾਹਾਂ ਕੋਲ ਅਜਿਹੇ ਹਮਸ਼ਕਲ ਆਮ ਹੁੰਦੇ ਸਨ। ਅੰਗਰੇਜ਼ਾਂ ਦੇ ਰਾਜ ਸਮੇਂ ਜਦ ‘ਪ੍ਰਿੰਸ ਆਫ਼ ਵੇਲਜ਼’ ਭਾਰਤ ਦੇ ਦੌਰੇ ‘ਤੇ ਆਇਆ ਤਾਂ ਉਹਦੇ ਨਾਲ ਉਹਦੇ ਹਮਸ਼ਕਲ ਚਾਰ ਸਾਥੀ ਹੋਰ ਵੀ ਸਨ।ਜਿਨ੍ਹਾਂ ਦੀ ਸ਼ਕਲ ਬਿਲਕੁੱਲ ‘ਹੂਬਹੂ’ ਉਹਦੇ ਨਾਲ ਮਿਲਦੀ ਸੀ।ਸਿੰਘਾਂ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦਾ ਹਮਸ਼ਕਲ ਬਖਸ਼ੀ ਗ਼ੁਲਾਬ ਸਿੰਘ ਹਰ ਵਕਤ ਨਾਲ ਰਹਿੰਦਾ ਸੀ ਕਿਉਂਕਿ ਉਨ੍ਹਾਂ ਦੀ ਸ਼ਕਲ-ਸੂਰਤ ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲਦੀ-ਜੁਲਦੀ ਸੀ।

    ਜੇਕਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਇੰਦਰਾਂ ਗਾਂਧੀ ਵੀ ਹਮੇਸ਼ਾਂ ਆਪਣੇ ਨਾਲ ਤਿੰਨ ਹਮਸ਼ਕਲ ਔਰਤਾਂ ਰੱਖਦੀ ਸੀ।ਜੋ ਸਦਾ ਉਹਦੇ ਅੱਗੜ-ਪਿੱਛੜ ਰਹਿੰਦੀਆਂ ਸਨ। ਪੰਜਾਬ ਦਾ ਮੁੱਖ ਮੰਤਰੀ ਬੇਅੰਤ ਸਿੰਘ ਆਪਣੀ ਸੁਰੱਖਿਆ ਪੱਟੀ ਵਿੱਚ ਇੱਕੋ ਰੰਗ, ਇੱਕੋ ਨੰਬਰ ਤੇ ਇੱਕੋ ਮਾਡਲ ਦੀਆਂ ਤਿੰਨ ਗੱਡੀਆਂ ਰੱਖਦਾ ਸੀ।ਹੋ ਸਕਦਾ ਏ, ਉਨ੍ਹਾਂ ‘ਚ ਬੇਅੰਤ ਸਿੰਘ ਦੇ ਹਮਸ਼ਕਲ ਵੀ ਹੋਣ।ਸੋ ਇਸ ਅਸੂਲ ਮੁਤਾਬਿਕ ਦਸਮ ਪਿਤਾ ਜੀ ਨੇ ਭਾਈ ਸੰਗਤ ਸਿੰਘ ਦੀ ਚੋਣ ਕੀਤੀ ਤੇ ਉਹ ਹਰ ਵਕਤ ਗੁਰੂ ਸਾਹਿਬ ਜੀ ਦੇ ਨਾਲ ਰਹਿੰਦਾ ਸੀ, ਬਿਲਕੁਲ ਪਰਛਾਵੇਂ ਵਾਂਗ !

     ਕਵੀ ਸੰਤੋਖ ਸਿੰਘ ‘ਗੁਰ ਪ੍ਰਤਾਪ ਸੂਰਜ’ ਵਿੱਚ ਲਿਖਦੇ ਹਨ ਕਿ ਦਸਮੇਸ਼ ਪਿਤਾ ਜੀ ਨੇ ਚਮਕੌਰ ਵਿਖੇ ਖ਼ਾਲਸੇ ਨੂੰ ਗੁਰਤਾ ਦੇਣ ਸਮੇਂ ਕਲਗ਼ੀ ਜਿਗ੍ਹਾ ਭਾਈ ਸੰਤ ਸਿੰਘ ਨੂੰ ਪਹਿਨਾਈ।ਦੇਖੋ, ਉਨ੍ਹਾਂ ਦੀ ਲਿਖਤ –

     ਪੰਚਹੁੰ ਮੇ ਕਲਗ਼ੀ ਕਿਹ ਦੀਨਸ,

     ਸੋ ਨਿਰਨੈ ਸੁਨੀਐ ਮਨ ਲਾਇ।

     ਸੰਤ ਸਿੰਘ ਖਤ੍ਰੀ ਸਿੱਖ ਸੁਭਮਤਿ,

     ਥਾਪਯੋ ਪੰਚਹੁੰ ਮੇ ਵਡਿਆਇ।

     ਤਿਸ ਕੋ ਗੁਰੁਤਾ ਅਰਪਨ ਕੀਨਸ,

     ਪ੍ਰਿਥਮ ਖ਼ਾਲਸੇ ਮੇ ਤਿਨ ਪਾਇਆ।

     ਸ਼ਸਤ੍ਰ ਬੰਧਾਇ ਬਠਾਇ ਅਟਾਰੀ,

     ਗੁਰੂ ਫਤੇ ਬੋਲੇ ਹਰਖਾਇ।

    ਭਾਈ ਕਾਨ੍ਹ ਸਿੰਘ ਨਾਭਾ ਜੀ ਮਹਾਨ ਕੋਸ਼ ਵਿੱਚ ਭਾਈ ਸੰਤ ਸਿੰਘ ਬਾਰੇ ਜਾਣਕਾਰੀ ਦਿੰਦੇ ਹਨ -‘ਭਾਈ ਸੰਤ ਸਿੰਘ ਮਾਝੇ ਦੇ ਪੱਟੀ ਨਗਰ ਦਾ ਵਸਨੀਕ ਅਰੋੜਾ ਸਿੱਖ ਸੀ, ਇਸ ਦੇ ਪੁੱਤਰ ਹਾੜਾ ਸਿੰਘ ਨੂੰ (ਜਿਸ ਦਾ ਨਾਉਂ ਬਹਾਦਰ ਸਿੰਘ ਭੀ ਹੈ) ਕਲਗੀਧਰ ਨੇ ਹੁਕਮਨਾਮਾ ਬਖਸ਼ਿਆ ਹੈ,  ਜੀਓ ਹੁਣ ਸ਼ਹਿਰ ਪਿਸ਼ਾਵਰ ਦੇ ਗੰਜ ਮੁਹੱਲੇ ਵਿੱਚ ਭਾਈਆਂ ਦੇ ਕੂਚੇ ਭਾਈ ਊਤਮ ਸਿੰਘ ਦੇ ਘਰ ਮਾਈ ਬੁਤਕੀ ਪਾਸ ਹੈ।ਇੱਥੇ ਦਸਮੇਸ਼ ਦਾ ਦਸਤਾਰਾ, ਜਾਮਾ ਤੇ ਜੋੜੇ ਦਾ ਇੱਕ ਪੈਰ ਭੀ ਏ।ਸੰਤ ਸਿੰਘ ਦਾ ਪੁੱਤਰ ਪੱਟੀ ਛੱਡ ਕੇ ਪਿਸ਼ਾਵਰ ਜਾ ਰਿਹਾ ਸੀ।’

     ਮਗਰ ਜ਼ਿਆਦਾਤਰ ਵਿਦਵਾਨ ਇਸ ਕਥਨ ਨਾਲ ਸਹਿਮਤ ਨਹੀਂ ਹੁੰਦੇ ਤੇ ਉਹ ਕਲਗ਼ੀ ਤੋੜਾ ਦੀ ਬਖਸ਼ਿਸ਼ ਭਾਈ ਸੰਗਤ ਸਿੰਘ ਨੂੰ ਹੀ ਹੋਈ ਮੰਨਦੇ ਹਨ।ਹਾਂ, ਭਾਈ ਸੰਤ ਸਿੰਘ ਚਮਕੌਰ ਦੇ ਉਨ੍ਹਾਂ ਸ਼ਹੀਦਾਂ ਵਿੱਚ ਸ਼ਾਮਲ ਜ਼ਰੂਰ ਸੀ, ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਨੇ ਗੜ੍ਹੀ ਵਿੱਚੋਂ ਨਿਕਲਣ ਸਮੇਂ ਭਾਈ ਸੰਗਤ ਸਿੰਘ ਦੇ ਤਾਬਿਆ ਕੀਤਾ।ਸ਼ਾਇਦ ਕਵੀ ਸੰਤੋਖ ਸਿੰਘ ਨੂੰ ਲਿਖਣ ਸਮੇਂ ਕੋਈ ਭੁਲੇਖਾ ਲੱਗਾ ਹੋਵੇ।ਭਾਈ ਕੋਇਰ ਸਿੰਘ ਦੀ ਲਿਖਤ ਅਨੁਸਾਰ –

     ਜੋਤਿ ਦਈ ਤਿਹ ਕੋ ਅਪਨੀ,

     ਪੁਨਿ ਕਲਗ਼ੀ ਔ ਜਿਗਾ ਸੁਖਦਾਨੀ।

     ਸੰਗਤ ਸਿੰਘ ਹੈ ਨਾਮ ਜਿਸੈ ਕਛੁ

     ਤਾ ਬਪੁ ਹੈ ਕਰਿ ਸ੍ਰੀ ਗੁਰਸਾਨੀ।

    ਭਾਈ ਸੰਗਤ ਸਿੰਘ ਦਾ ਜਨਮ ਪਟਨੇ ਸ਼ਹਿਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੋਂ ਕੁਝ ਮਹੀਨੇ ਬਾਅਦ ਬੀਬੀ ਅਮਰੋ ਦੀ ਕੁੱਖੋਂ 1667 ਈਸਵੀ (16 ਫੱਗਣ 1723 ਬਿ:) ਨੂੰ ਰਾਤ ਦੇ ਸਾਢੇ ਬਾਰਾਂ ਵਜੇ ਹੋਇਆ। ਭਾਈ ਸੰਗਤ ਸਿੰਘ ਦੇ ਪਿਤਾ ਦਾ ਨਾਮ ਭਾਈ ਰਣੀਆ ਸੀ, ਜੋ ਬਾਅਦ ਵਿੱਚ ਅੰਮ੍ਰਿਤ ਛਕ ਕੇ ਭਾਈ ਰਣਧੀਰ ਸਿੰਘ ਬਣਿਆ ਤੇ ਸਰਸਾ ਨਦੀ ਦੇ ਕੰਢੇ ਹੋਏ ਗਹਿਗੱਚ ਮੁਕਾਬਲੇ ਵਿੱਚ ਸੈਆਂ ਦੁਸ਼ਮਣਾਂ ਨੂੰ ਮਾਰ ਕੇ ਸ਼ਹੀਦ ਹੋਇਆ।ਭਾਈ ਸੰਗਤ ਸਿੰਘ ਦਾ ਬਚਪਨ ਦਾ ਨਾਂ ‘ਸੰਗਤਾ’ ਸੀ ਤੇ ਅੰਮ੍ਰਿਤ ਛਕਣ ਉਪਰੰਤ ਸੰਗਤ ਸਿੰਘ ਹੋ ਗਿਆ।ਭਾਈ ਸਾਹਿਬ ਰਾਮਦਾਸੀਆ ਸਿੱਖ ਬਰਾਦਰੀ ਵਿੱਚ ‘ਹੀਰ’ ਗੋਤ ਨਾਲ ਸੰਬੰਧਿਤ ਸਨ।ਜੱਦੀ ਪਿੰਡ ਖੇੜੀ ਸਪਰੌੜ (ਫਗਵਾੜਾ) ਹੈ।

    ਇਤਿਹਾਸਕ ਸਰੋਤਾਂ ਅਨੁਸਾਰ- ਜਦੋਂ ਭਾਈ ਸੰਗਤ ਸਿੰਘ ਦੁਸ਼ਮਣਾਂ ਦਾ ਟਾਕਰਾ ਕਰਦੇ ਹੋਏ ਸ਼ਹੀਦ ਹੋ ਗਏ ਤਾਂ ਮੁਗਲ ਸੈਨਿਕਾਂ ਦੇ ਖਿਆਲ ਅਨੁਸਾਰ ਏਹ ਗੁਰੂ ਗੋਬਿੰਦ ਸਿੰਘ ਹੀ ਹੈ।ਇਹ ਸੋਚ ਕੇ ਇੱਕ ਪਠਾਣ ਨੇ ਕਾਹਲੀ ਨਾਲ ਭਾਈ ਸੰਗਤ ਸਿੰਘ ਦਾ ਸੀਸ ਧੜ ਤੋਂ ਜੁਦਾ ਕਰ ਦਿੱਤਾ। ਭਾਈ ਕੋਇਰ ਸਿੰਘ ਦੀ ਜ਼ੁਬਾਨੀ-

    ਕਲਗ਼ੀ ਜਿਗਾ ਔਰ ਯਹ ਹੋਈ।

    ਗੋਬਿੰਦ ਇਹੈ ਹੈ ਸੋਈ।

    ਮਾਰ ਮੀਸ਼ ਸ਼ਮਸ਼ੀਰ ਪਠਾਨਾਂ।

    ਸੀਸ ਰਹਿਤ ਕਲਗ਼ੀ ਲੀ ਮਾਨਾ।

   ਕਵੀ ਜੀ ਇਸ ਨੂੰ ਦਸਮ ਪਾਤਸ਼ਾਹ ਦੀ ਨਿਰਾਲੀ ਖੇਡ ਦੱਸਦੇ ਹੋਏ ਲਿਖਦੇ ਹਨ-

     ਸੀਸ ਨਿਹਾਰ ਬੰਗੇਸਰ ਕੋ

     ਬੋਲਤ ਹੈ ਸਭ ਨਰ ਨਾਰੀ।

     ਏਕ ਕਹੇ ਕਰੁਨਾਨਿਧ ਕੋ,

     ਇੱਕ ਭਾਖਤ ਹੈ ਇਹ ਖੇਲ ਅਪਾਰੀ।

     ਮੁਗਲਾਂ ਨੇ ਬੜੀ ਖੁਸ਼ੀ ਮਨਾਈ ਕਿ ਅਸੀਂ ਗੁਰੂ ਸਾਹਿਬ ਨੂੰ ਮਾਰ ਲਿਆ ਏ।ਮਗਰ ਜਦ ਸੀਸ ਵਜ਼ੀਰ ਖਾਂ ਦੇ ਪੇਸ਼ ਕੀਤਾ ਤਾਂ ਉਸ ਗੁਰੂ ਸਾਹਿਬ ਜੀ ਦੇ ਸੀਸ ਦੀ ਸ਼ਿਨਾਖਤ ਕਰਵਾਈ। ਦਸਮ ਪਾਤਸ਼ਾਹ ਨੂੰ ਫਾਰਸੀ ਪੜ੍ਹਾਉਣ ਵਾਲੇ ਮੌਲਵੀ ਨੂਰਦੀਨ ਨੇ ਸੀਸ ਪਛਾਣ ਕੇ ਦੱਸਿਆ ਕਿ ‘ਸੀਸ ਗੁਰੂ ਸਾਹਿਬ ਦਾ ਨਹੀਂ , ਸਗੋਂ ਭਾਈ ਸੰਗਤ ਸਿੰਘ ਦਾ ਹੈ।’ ਫਿਰ ਦਸਮ ਪਾਤਸ਼ਾਹ ਨੂੰ ਬਾਲ ਉਮਰ ਵਿੱਚ ਖਿਡਾਉਣ ਵਾਲੀ ਖਿਡਾਵੀ ਬੀਬੀ ਜੈਨਾਂ ਨੂੰ ਬੁਲਾ ਕੇ ਪੁੱਛਿਆ ਤਾਂ ਉਸ ਵੀ ਏਹੋ ਕਿਹਾ, ‘ਇਹ ਸੀਸ ਗੁਰੂ ਸਾਹਿਬ ਦਾ ਨਹੀਂ, ਬਲਕਿ ਉਨ੍ਹਾਂ ਦੇ ਇੱਕ ਹਮਸ਼ਕਲ ਸਿੱਖ ਭਾਈ ਸੰਗਤ ਸਿੰਘ ਦਾ ਏ।’ ਇਹ ਵੀ ਕਿਹਾ ਜਾਂਦਾ ਏ ਕਿ ਵਜ਼ੀਰ ਖਾਂ ਨੇ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਨੂੰ ਵੀ ਸੀਸ ਦਿਖਾਇਆ ਗਿਆ ਤਾਂ ਉਨ੍ਹਾਂ ਵੀ ਇਨਕਾਰ ਕਰਦਿਆਂ ਕਿਹਾ, ‘ਇਹ ਸੀਸ ਸਾਡੇ ਗੁਰੂ ਪਿਤਾ ਜੀ ਦਾ ਨਹੀਂ, ਸਗੋਂ ਅਨਿੰਨ ਸਿੱਖ ਭਾਈ ਸੰਗਤ ਸਿੰਘ ਜੀ ਦਾ ਹੈ।’ ਜਿਸ ਤੋਂ ਸਿੱਧ ਹੋਇਆ ਕਿ ਸੀਸ ਗੁਰੂ ਸਾਹਿਬ ਜੀ ਦਾ ਨਹੀਂ, ਬਲਕਿ ਭਾਈ ਸੰਗਤ ਸਿੰਘ ਦਾ ਹੈ।

      ਅਸਲੀਅਤ ਸਾਹਮਣੇ ਆਉਣ ਨਾਲ ਵਜ਼ੀਰ ਖਾਂ ਤੇ ਅਧਿਕਾਰੀ ਨਿੰਮੋ-ਝੂਣੇ ਜਿਹੇ ਹੋ ਗਏ।ਉਨ੍ਹਾਂ ਨੂੰ ਧਰਤੀ ਵੇਹਲ ਨਹੀਂ ਸੀ ਦੇ ਰਹੀ।ਏਨੀ ਵੱਡੀ ਸੈਨਾ ਨੂੰ ਧੋਖਾ ਦੇ ਕੇ, ਗੁਰੂ ਸਾਹਿਬ ਜੀ ਸਹੀ-ਸਲਾਮਤ ਨਿਕਲ ਗਏ ਸਨ।ਵਜ਼ੀਰ ਖਾਂ ਲਈ ਡੁੱਬ ਮਰਨ ਵਾਲੀ ਗੱਲ ਸੀ।ਮਗਰ ਉਸਨੇ ਗੁਰੂ ਸਾਹਿਬ ਦਾ ਸੀਸ ਹੋਣ ਦੀ ਉੱਡੀ ਅਫ਼ਵਾਹ ਦਾ ਫਾਇਦਾ ਲਿਆ ਤੇ ਰਾਤ ਦੇ ਸਮੇਂ ਹੀ ਸੀਸ ਦਾ ਸਸਕਾਰ ਕਰਨ ਦੀ ਸਲਾਹ ਬਣਾਈ।ਭਾਈ ਮੱਘਰ ਸਿੰਘ ਤੇ ਭਾਈ ਬਘੌਰ ਸਿੰਘ ਹੋਰਾਂ ਨੇ ਸੀਸ ਦਾ ਸਸਕਾਰ ਗੁਰਦੁਆਰਾ ਰੱਥ ਸਾਹਿਬ ਦੇ ਸਥਾਨ ਕੋਲ ਕੀਤਾ।ਇਹ ਵੱਖਰੀ ਗੱਲ ਹੈ ਕਿ ਸਾਡੀ ਕਿਸੇ ਸੰਸਥਾ ਨੇ ਅਜੇ ਤੱਕ ਸਸਕਾਰ ਵਾਲੀ ਜਗ੍ਹਾ ‘ਤੇ ਕੋਈ ਢੁਕਵੀਂ ਯਾਦਗਾਰ ਨਹੀਂ ਬਣਾਈ।

     ਭਾਈ ਸੰਗਤ ਸਿੰਘ ਨੂੰ ਕਲਗੀ ਜਿਗ੍ਹਾ ਦਾ ਜ਼ਿਕਰ ਕਰਦੇ ਹੋਏ, ਪ੍ਰਿੰਸੀਪਲ ਸਤਬੀਰ ਸਿੰਘ ‘ਸਿੱਖ ਇਤਿਹਾਸ’ ਦੇ ਪਹਿਲੇ ਭਾਗ ਵਿਚ ਲਿਖਦੇ ਹਨ- ‘ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦਾ ਹੁਕਮ ਮੰਨ ਕੇ ਗੜ੍ਹੀ ਛੱਡਣਾ ਪ੍ਰਵਾਨ ਕਰ ਲਿਆ ਤੇ ਭਾਈ ਸੰਗਤ ਸਿੰਘ ਨੂੰ ਕਲਗੀ ਦੇ ਕੇ ਗੜ੍ਹੀ ਛੱਡਣ ਦੀ ਤਿਆਰੀ ਕਰ ਲਈ।’

      ਡਾਕਟਰ ਅਨੂਪ ਸਿੰਘ ‘ਦਾਰਸ਼ਨਿਕ ਯੋਧਾ ਗੁਰੂ ਗੋਬਿੰਦ ਸਿੰਘ’ ਵਿੱਚ ਲਿਖਦੇ ਹਨ-‘ਭਾਈ ਸੰਗਤ ਸਿੰਘ ਦੀ ਸ਼ਕਲ ਸੂਰਤ ਤੇ ਕੱਦ-ਕਾਠ ਗੁਰੂ ਜੀ ਨਾਲ ਮਿਲਦਾ-ਜੁਲਦਾ ਸੀ।ਇਸ ਵਾਸਤੇ ਉਸ ਨੂੰ ਕਲਗੀ ਸਜਾਈ ਤੇ ਗੜ੍ਹੀ ਵਿਚਲੇ ਸਿੰਘਾਂ ਨੂੰ ਆਦੇਸ਼ ਦਿੱਤਾ ਕਿ ਸਾਡੇ ਨਿਕਲਣ ਸਮੇਂ ਨਗਾਰਾ ਵਜਾਉਂਦੇ ਰਹਿਣਾ ਤੇ ਦੁਸ਼ਮਣ ਵੱਲੋਂ ਕੀਤੇ ਜਾਂਦੇ ਵਾਰਾਂ ਦਾ ਮੂੰਹ-ਤੋੜ ਜਵਾਬ ਦਿੰਦੇ ਰਹਿਣਾ ਤਾਂ ਜੋ ਦੁਸ਼ਮਣ ਨੂੰ ਗੜ੍ਹੀ ਵਿੱਚ ਬਹੁਤੇ ਸਿੰਘ ਹੋਣ ਦਾ ਭੁਲੇਖਾ ਬਣਿਆ ਰਹੇ।’

       ਇਸ ਤਰ੍ਹਾਂ ਹੋਰ ਵੀ ਅਨੇਕਾਂ ਇਤਿਹਾਸਕਾਰਾਂ ਦੇ ਹਵਾਲੇ ਸਾਡੇ ਸਾਹਮਣੇ ਪਏ ਹਨ, ਪਰ ਸਿਆਣੀਆਂ ਬੀਬੀਆਂ ਤੌੜੀ ‘ਚੋ ਇੱਕ-ਦੋ ਦਾਣੇ ਵੇਖ ਕੇ ਹੀ ਦੱਸ ਦਿੰਦੀਆਂ ਹਨ ਕਿ ਦਾਲ ਰਿੱਝ ਗਈ ਏ ਕਿ ਨਹੀਂ ।

     ਨੌਵੇਂ ਪਾਤਸ਼ਾਹ ਤੋਂ ਬਾਅਦ ਭਾਈ ਸੰਗਤ ਸਿੰਘ ਹੀ ਇੱਕ ਅਜਿਹਾ ਯੋਧਾ ਸੀ, ਜਿਸ ਦੇ ਧੜ ਦਾ ਸਸਕਾਰ ਚਮਕੌਰ ਵਿੱਚ ਤੇ ਸੀਸ ਦਾ ਸਸਕਾਰ ਫਤਹਿਗੜ੍ਹ ਸਾਹਿਬ ਹੋਇਆ।

 ਸੁਖਦੇਵ ਸਿੰਘ ‘ਭੁੱਲੜ  ਸੁਰਜੀਤ ਪੁਰਾ ਬਠਿੰਡਾ

 94170-46117

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੁਰਾਣੀ ਪੈਨਸ਼ਨ ਬਹਾਲੀ ਲਈ ਆਰ-ਪਾਰ ਦੀ ਲੜਾਂਗੇ-ਆਈ ਆਰ ਈ ਐੱਫ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ- ਸਰਵਜੀਤ ਸਿੰਘ
Next article‘ਡਾ. ਅੰਬੇਡਕਰ ਬਨਾਮ ਕਾਂਗਰਸੀ ਆਗੂ’