ਚੱਜ ਦੀ ਫੈਂਟੀ

ਜਸਪਾਲ ਜੱਸੀ
(ਜਸਪਾਲ ਜੱਸੀ)
(ਸਮਾਜ ਵੀਕਲੀ) ਸੱਥ ਵਿਚ ਤਾਸ਼ ਖੇਡਦੇ ਮੁੰਡੇ, ਦੇਸ਼ ਦੇ ਹਾਲਤਾਂ ਤੋਂ ਬੇਖ਼ਬਰ ਜਾਪਦੇ ਸਨ। ਸ਼ਾਇਦ ਬੇਰੁਜ਼ਗਾਰੀ ਨੂੰ ਉਹਨਾਂ ਆਪਣੀ ਹੋਣੀ ਸਵੀਕਾਰ ਕਰ ਲਿਆ ਸੀ। ਪੜ੍ਹ ਲਿਖ ਕੇ ਵੀ ਉਹਨਾਂ ਕੋਲ ਕੋਈ ਕੰਮ ਨਹੀਂ ਸੀ। ਅਸਲ ਵਿਚ ਉਹ ਸਰਕਾਰੀ ਨੌਕਰੀ ਨੂੰ ਹੀ ਕੰਮ ਸਮਝ ਰਹੇ ਸਨ ‌ਜੋ ਭਾਲਿਆਂ ਨਹੀਂ ਸੀ ਮਿਲਦੀ।
ਕੁਝ ਥੱਕੇ ਹਾਰੇ ਨਸ਼ਿਆਂ ਦੇ ਚੁੰਗਲ਼ ਵਿਚ ਫਸ ਗਏ ਸਨ। ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਸੀ। ਕਿਸੇ ਪਾਸੇ ਵੀ ਉਹਨਾਂ ਨੂੰ ਕੋਈ ਬਦਲ ਨਜ਼ਰ ਨਹੀਂ ਸੀ ਆ ਰਿਹਾ।
ਤਾਸ਼ ਦੀ ਬਾਜ਼ੀ ਲਾਉਂਦਿਆਂ, ਹੁਣ ਪੱਤੇ ਵੀ‌ ਵਾਰ ਵਾਰ ਉਹੀ ਆ ਰਹੇ ਸਨ।
“ਮੀਤਿਆ ! ਪੱਤੇ ਚੱਜ ਨਾਲ ਰਲਾ !
 ਵਾਰੀ ਵਾਰੀ ਉਹੀ ਆ ਰਹੇ ਨੇ। ਸੁਆਦ ਨਹੀਂ ਆ ਰਿਹਾ ਖੇਡਣ ਦਾ।”
ਗਿੰਦਰ ਨੇ ਮੀਤੇ ਨੂੰ ਕਿਹਾ।
ਬਿਸ਼ਨਾ ਚਾਚਾ,ਸੱਥ ‘ਚੋਂ ਲੰਘਦਾ ਮੁੰਡਿਆਂ ਕੋਲ ਹੀ ਖੜ੍ਹ ਗਿਆ। ਉਸ ਨੂੰ ਗਿੰਦਰ ਦੀ ਗੱਲ ਸੁਣ ਗਈ ਸੀ ਜੋ ਉਸ ਨੇ ਮੀਤੇ ਨੂੰ ਕਹੀ ਸੀ।
“ਵਾਰੀ ਵਾਰੀ ਉਹੀ ਪੱਤੇ ਆ ਰਹੇ ਨੇ,ਚੱਜ ਨਾਲ ਰਲਾ।”
“ਬੈਠ ਜਾ ਤਾਇਆ ! ਤੂੰ ਵੀ ਲਾ ਲੈ ਇੱਕ ਬਾਜ਼ੀ।”
“ਬੱਸ ਪੁੱਤਰਾ ! ਸਾਡੀ ਤਾਂ ਸਾਰੀ ਉਮਰ ਬੇਸਮਝੀ ‘ਚ ਲੰਘ ਗਈ। ਜ਼ਿੰਦਗੀ ਦੀ ਬਾਜ਼ੀ ਜੇ ਚੱਜ ਨਾਲ ਫੈਂਟੀ ਲਾ ਕੇ ਖੇਡ੍ਹੀ ਹੁੰਦੀ,ਆਹ ਦਿਨ ਨਾ ਦੇਖਣੇ ਪੈਂਦੇ। ਹੁਣ ਤੁਸੀਂ ਨਾ ਸਾਡੇ ਆਂਗੂੰ ਖੇਡਿਓ। ਚੱਜ ਨਾਲ ਰਲਾ ਲਓ ਪੱਤੇ, ‌ਨਹੀਂ ਤਾਂ  ਵਾਰੀ ਵਾਰੀ ਉਹੀ ਆਈ ਜਾਂਦੇ ਨੇ।”
“ਚੱਜ ਨਾਲ ਫੈਂਟੀ ਮਾਰਿਓ।”
ਬਿਸ਼ਨਾ ਚਾਚਾ ਇਹ ਗੱਲ ਕਹਿ ਕੇ,ਅੱਗੇ ਚਲਦਾ ਬਣਿਆ। ਮੀਤਾ,ਸੇਮਾ, ਸੁੱਖਾ‌ ਤੇ ਗਿੰਦਰ ਜਾਂਦੇ ਚਾਚੇ ਵੱਲ ਵੇਖ ਰਹੇ ਸਨ ਪਰ ਕਿਸੇ ਨੂੰ ਵੀ ਬਿਸ਼ਨੇ ਚਾਚੇ ਦੀ ਗੱਲ ਸਮਝ ਨਹੀਂ ਸੀ ਪਈ।
ਗੋਲ ਪਾਏਦਾਰ ਤੇ ਗੁੱਝੀ ਗੱਲ,ਬਿਸ਼ਨੇ ਚਾਚੇ ਦੀ ਆਦਤ ਸੀ।
ਬਿਸ਼ਨਾ ‌ਚਾਚਾ ਅਜੇ ਵੀਹ ਤੀਹ ਚਾਰ ਕਰਮ ਵੀ ਅੱਗੇ ਨਹੀਂ ਗਿਆ ਹੋਣਾ, ਪਿਆਰਾ ਤਾਇਆ ਸੱਥ ‘ਚ ਤਾਸ਼ ਖੇਡਦਿਆਂ ਮੁੰਡਿਆਂ ਕੋਲ ਰੁਕ ਗਿਆ।
“ਕੀ ਕਹਿ ਰਿਹਾ ਸੀ,ਬਿਸ਼ਨਾ ਮੁੰਡਿਓ ਅੱਜ !” ਤਾਇਆ! ਸਮਝ ਨਹੀਂ ਲੱਗੀ,
ਕਹਿੰਦਾ ਪੱਤੇ,ਚੱਜ ਨਾਲ ਰਲਾਇਆ ਕਰੋ,
ਫੈਂਟੀ ਚੱਜ ਨਾਲ ਮਾਰਿਓ।”
ਨਹੀਂ ਤਾਂ ਉਹੀ ‌ਪੱਤੇ ਵਾਰ ਵਾਰ ਆਈ ਜਾਂਦੇ ਨੇ।” ਮੀਤੇ ਨੇ ਕਿਹਾ।
ਵਾਹ ! ਕਿਆ ਮਾਅਰਕੇ ਦੀ ਗੱਲ ਕਹਿ ਕੇ ਗਿਐ ਬਿਸ਼ਨਾ।
ਪਰ ਤਾਇਆ ਸਾਨੂੰ ਤਾਂ ਸਮਝ ਨੀਂ ਲੱਗੀ ਗੱਲ !
ਸਮਝ ਲੋ ਫ਼ੇਰ। ਮੈਂ ਸਮਝਾਉਨੈਂ !
ਫੈਂਟੀ ਦਾ ਮਤਲਬ ਐ,
ਜਦੋਂ ਜ਼ਿੰਦਗੀ ਦੀ ਬਾਜ਼ੀ ਖੇਡਣੀ ਹੋਵੇ,ਇਸ ਨੂੰ ਚੰਗੀ ਤਰ੍ਹਾਂ ਸਮਝ ਕੇ ਖੇਡੋ। ਇਹ ਜੋ ਤਾਸ਼ ਦੀ ਬਾਜ਼ੀ ਤੁਸੀਂ ਜੋ ਖੇਡ ਰਹੇ ਹੋ, ਅਸਲ ਵਿਚ ਇਹ ਜ਼ਿੰਦਗੀ ਦੀ ਬਾਜ਼ੀ ਹੈ।
ਉਸ ਜ਼ਿੰਦਗੀ ਦੀ ਬਾਜ਼ੀ ਨੂੰ ਜੇ ਤੁਸੀਂ ਚੱਜ ਨਾਲ ਫੈਂਟੀ ਮਾਰ ਕੇ ਨਹੀਂ ਮਿਲਾਓਂਗੇ ਤਾਂ ਇਹ ਰਾਜਨੀਤਕ ਪਾਰਟੀਆਂ ਵਾਲੇ, ਵਾਰੀ ਵਾਰੀ ਤਾਸ਼ ਦੇ ਉਹੀ ਪੱਤਿਆਂ ਵਾਂਗ ਇਸ ਤਰ੍ਹਾਂ ਹੀ ਲੁੱਟਣ ਆਉਂਦੇ ਰਹਿਣਗੇ।
ਤਾਇਆ ਪਿਆਰਾ ਗੱਲ ਕਹਿ ਕੇ ਅੱਗੇ ਚਲਦਾ ਬਣਿਆ। ਮੀਤਾ,ਸੇਮਾ, ‌ਸੁੱਖਾ‌ ਤੇ ਗਿੰਦਰ ਉਹਨਾਂ ਦੀਆਂ ਡੂੰਘੀਆਂ ਤੇ ਅਰਥ ਭਰਪੂਰ ਗੱਲਾਂ ਸੁਣ ਕੇ ਹੈਰਾਨ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਰੱਬ ਦੇ ਫੱਕਰ
Next articleਸਾਥੀ ਨਾਮਦੇਵ ਭੁਟਾਲ ਦੀ ਪਹਿਲੀ ਬਰਸੀ ਤੇ ਮਹਿਬੂਬ ਨੇਤਾ ਨੂੰ ਦਿੱਤੀ ਸੈਂਕੜੇ ਲੋਕਾਂ ਨੇ ਸ਼ਰਧਾਂਜਲੀ