(ਸਮਾਜ ਵੀਕਲੀ)
ਕੁਰਸੀ – ਕੁਰਸੀ ਕਰਦੇ ਨੇਤਾ ਲੈਂਦੇ ਅਜਬ ਨਜ਼ਾਰੇ।
ਜਿਸਦੇ ਥੱਲੇ ਆ ਜਾਵੇ ਬਈ ਕਰਦੇ ਵਾਰੇ ਨਿਆਰੇ।
ਕੁਰਸੀ ਦੇ ਲਈ ਨੇਤਾ ਸਾਡੇ ਰਹਿਣ ਵੇਲਦੇ ਪਾਪੜ।
ਜਦੋਂ ਇਸ ਤੇ ਬੈਠ ਜਾਂਦੇ ਫਿਰ ਬੜੀ ਵਿਖਾਉਂਦੇ ਆਕੜ।
ਜਨਤਾ ਵਿਚਾਰੀ ਕਹਿੰਦੀ ਰਹੇ ਹੁਣ ਸਾਡੀ ਵੀ ਸੁਣੋ ਸਰਕਾਰੇ।
ਜਿਸਦੇ ਥੱਲੇ ਆ ਜਾਵੇ………………….।
ਗਿਰਗਿਟ ਵਾਂਗੂੰ ਰੰਗ ਬਦਲਦੇ ਟਾਈਮ ਨਾ ਲਾਉਂਦੇ ਯਾਰੋ।
ਭੁੱਲ ਜਾਂਦੇ ਨੇ ਵਾਅਦੇ ਕੀਤੇ ਨਾ ਡਰਨ ਇਹ ਕਰਤਾਰੋਂ।
ਕੁਰਸੀ ਪਤਾ ਨਹੀਂ ਕਿਹੋ ਜਿਹੀ ਸ਼ੈਅ ਕਰਵਾਉਂਦੀ ਪੁੱਠੇ ਕਾਰੇ।
ਜਿਸਦੇ ਥੱਲੇ ਆ ਜਾਵੇ…………………।
ਪੰਜ ਸਾਲ ਨਾ ਭਾਲੇ ਥਿਆਉਣ ਬਹੁਤ ਚਲਾਕ ਇਹ ਨੇਤਾ।
ਗੱਡੀਆਂ ਕੋਠੀਆਂ ‘ਚ ਲੈਣ ਨਜ਼ਾਰੇ ਲੋਕਾਂ ਨੂੰ ਪਾਉਂਣ ਭੁਲੇਖਾ।
ਆਮ ਬੰਦਾ ਫਿਰ ਵੇਖ – ਵੇਖ ਕੇ ਹੱਥ ਮੱਥੇ ਤੇ ਮਾਰੇ।
ਜਿਸਦੇ ਥੱਲੇ ਆ ਜਾਵੇ…………………।
ਜਦੋਂ ਆਉਂਦੀਆਂ ਵੋਟਾਂ ਨੇੜੇ ਫਿਰ ਜੀ – ਜੀ ਕਰਨ ਬਥੇਰਾ।
ਬਸ ਇੱਕ ਵਾਰੀ ਹੋਰ ਕੁਰਸੀ ਦੇ ਦਿਓ ਬਾਕੀ ਕੰਮ ਹੈ ਮੇਰਾ।
‘ਅਟਵਾਲ’ ਤਾਂ ਸੁਣ – ਸੁਣ ਅੱਕ ਗਿਆ ਏ ਇਹਨਾਂ ਦੇ ਲਾਰੇ।
ਜਿਸਦੇ ਥੱਲੇ ਆ ਜਾਵੇ………………..।
ਕਰਨੈਲ ਅਟਵਾਲ
ਸੰ:- 75082-750
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly