ਸੁਰਜੀਤ ਸਿੰਘ ਭੁੱਲਰ
(ਸਮਾਜ ਵੀਕਲੀ) ਅਜੇ ਤਕ, ਮੈਂ ਇਹ ਹੀ ਸੁਣਦਾ ਆ ਰਿਹਾ ਹਾਂ ਕਿ ਜਿਸ ਕਿਸੇ ‘ਭੱਦਰ ਪੁਰਸ਼’ ਨੂੰ ਪ੍ਰਬੰਧਕੀ ਗਲਿਆਰੇ ਵਿੱਚ ਕਿਸੇ ਕਿਸਮ ਦੀ ਕੁਰਸੀ ਮਿਲ ਜਾਵੇ ਤਾਂ ਉਹਦੀ ਗਰਦਨ ਵਿੱਚ ਆਕੜ ਦਾ ਅਜਿਹਾ ‘ਕਿੱਲਾ’ ਗੱਡਿਆ ਜਾਂਦਾ ਹੈ ਕਿ ਉਹ ਫਿਰ ਧਰਤੀ ਵੱਲ ਨਹੀਂ ਝਾਕਦਾ,ਸਿੱਧਾ ਰੱਬ ਨਾਲ ਹੀ ਗੱਲਾਂ ਕਰਦਾ ਹੈ। ਪਰ ਪਿਛਲੇ ਦਿਨੀਂ, ਮੈਨੂੰ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਕੁੱਝ ਨਵਾਂ ਅਨੁਭਵ ਹੋਇਆ,ਜਦੋਂ ਕਿ ਕੁਰਸੀ ਦਾ ਇੱਕ ਜੋੜੀਦਾਰ ਸਾਥੀ ਹੋਰ ਵੀ ਹੁੰਦਾ ਹੈ- ਜਿਸ ਨੂੰ ਮੇਜ਼ ਕਿਹਾ ਜਾਂਦਾ ਹੈ। ਤੁਸੀਂ ਸਾਰੇ ਕੁਰਸੀ ਅਤੇ ਮੇਜ਼ ਦੇ ਫ਼ਰਕ ਤੋਂ ਤਾਂ ਭਲੀਭਾਂਤ ਵਾਕਫ਼ ਹੋ, ਪਰ ਇਸ ਦੀ ‘ਗੁਪਤ ਸ਼ਕਤੀ’ ਦੇ ਭੇਦ ਤੋਂ ਸ਼ਾਇਦ ਨਾਵਾਕਫ਼ ਹੋਵੋ। ਇਸ ਰਿਸ਼ਤਾ ਬਾਰੇ, ਮੇਰੇ ਇੱਕ ਦੋਸਤ ਨੇ ਮੈਨੂੰ ਅਜਿਹੇ ਪ੍ਰੈਕਟੀਕਲ ਤਰੀਕੇ ਨਾਲ ਸਮਝਾਇਆ ਕਿ ਮੇਰੇ ਕੰਨਾਂ ਵਿੱਚੋਂ ਉਦੋਂ ਤੋਂ ਸਾਂ-ਸਾਂ, ਟੀਂ-ਟੀਂ ਦੀ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ,ਜੋ ਅਜੇ ਤੱਕ ਰੁਕਣ ਦਾ ਸਾਹ ਨਹੀਂ ਲੈਂਦੀਆਂ।
ਲਓ,ਤਾਂ ਗੱਲ ਇੰਜ ਹੋਈ ਕਿ ਅਸੀਂ ਦੋ ਦੋਸਤ ਇੱਕੋ ਮਹਿਕਮੇ ਵਿੱਚ ਦਰਜਾ ਤੀਸਰੇ ਕਾਡਰ ਦੇ ਕਰਮਚਾਰੀਆਂ ਵਾਂਗ, ਕਈ ਸਾਲਾਂ ਤੋਂ ਆਪਣੀ ਸਰਕਾਰੀ ਡਿਊਟੀ,ਸੁਹਣੇ ਮਾਹੌਲ ਵਿੱਚ ਨਿਭਾਉਂਦੇ ਆ ਰਹੇ ਸੀ। ਸਾਡੀ ਬਰਾਂਚ ਦੇ ਇੰਚਾਰਜ ਅਫ਼ਸਰ ਦੀ ਸੇਵਾਮੁਕਤੀ ਹੋਣ ‘ਤੇ,ਇਹ ਪੋਸਟ,ਬਰਾਂਚ ਵਿਚਲੇ ਕਰਮਚਾਰੀਆਂ ‘ਚੋਂ ਹੀ ਅੰਦਰੂਨੀ ਤਰੌਂਕੀ ਦੇ ਕੇ ਭਰਨੀ ਸੀ। ਇਸ ਪੋਸਟ ਲਈ ਦਫ਼ਤਰੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਇਹ ਪੋਸਟ ਰਾਖਵੀਂ ਸ਼੍ਰੇਣੀ ਦੇ ਅਧੀਨ ਹੈ।
ਮੇਰੇ ਦੋਸਤ ਨੂੰ ਇਹ ਪਤਾ ਸੀ ਕਿ ਮੈਂ ਸੀਨਿਆਰਿਟੀ ਲਿਸਟ ਵਿੱਚ ਉੁਸ ਤੋਂ ਸੀਨੀਅਰ ਗਿਣਿਆਂ ਜਾਂਦਾ ਸੀ ਪਰ ਕਦੇ ਕਿਸੇ ਦੇ ਦਿਲ ਦਿਮਾਗ਼ ਵਿੱਚ ਇਸ ਬਾਰੇ ਕੋਈ ਖ਼ਿਆਲ ਨਹੀਂ ਆਇਆ ਸੀ ਅਤੇ ਨਾ ਹੀ ਉਸ ਨੇ ਕਦੇ ਇਹ ਖ਼ੁਲਾਸਾ ਕੀਤਾ ਸੀ ਕਿ ਉਹ ਰਿਜ਼ਰਵ ਸ਼੍ਰੇਣੀ ਨਾਲ ਸਬੰਧਿਤ ਹੈ। ਪਰ ਇਹ ਗੱਲ ਇੰਟਰਵਿਊ ਸਮੇਂ ਸਾਹਮਣੇ ਆ ਗਈ, ਜਦੋਂ ਉਸ ਦੀ ਇੰਟਰਵਿਊ ਹੋਰ ਕਈ ਰਿਜ਼ਰਵ ਕੈਟਾਗਰੀ ਉਮੀਦਵਾਰਾਂ ਨਾਲ ਹੋਈ। ਕੁਦਰਤੀ ਤੌਰ ‘ਤੇ ਉਸ ਨੇ ਆਪਣੇ ਬਹੁਤ ਸਾਰੇ ਸੀਨੀਅਰਤਾ ਨੂੰ ਬਾਈਪਾਸ ਕੀਤਾ ਅਤੇ ਆਪਣੀ ਪਛੜੀ ਸ਼੍ਰੇਣੀ ਦੇ ਕਾਰਨ ਇੰਚਾਰਜ ਦੀ ਪੋਸਟ ‘ਤੇ ਚੁਣਿਆ ਗਿਆ।
ਇਸ ਸਿਲੈੱਕਸ਼ਨ ਬਾਰੇ,ਸਾਡੇ ਕਈਆਂ ਦੇ ਦਿਲਾਂ ਨੂੰ ਦੁੱਖ ਪਹੁੰਚਿਆ ਪਰ ਕਰ ਕੁੱਝ ਵੀ ਨਹੀਂ ਸਕਦੇ ਸੀ।
ਉਹ ਚੁਣਿਆ ਗਿਆ ਅਤੇ ਬਰਾਂਚ ਦਾ ਸੈਕਸ਼ਨ ਇੰਚਾਰਜ ਬਣ ਗਿਆ ਜਾਂ ਕਹਿ ਲਓ ਕਿ ਸਾਡਾ ਨਵਾਂ ‘ਬੌਸ’। ਅਸੀਂ ਸੋਚਿਆ ਕਿ ਹੁਣ ਤਾਂ ਮੌਜਾਂ ਹੀ ਮੌਜਾਂ ਹੋ ਗਈਆਂ,ਵੱਡੀਆਂ ਲਹਿਰਾਂ-ਬਹਿਰਾਂ ਹੋਇਆ ਕਰਨਗੀਆਂ,ਕਿਉਂਕਿ ਇਹ ਸੋਚ ਸੁਭਾਵਿਕ ਹੀ ਸੀ। ਜਿਸ ਦਾ ਯਾਰ ਉੱਚੇ ਅਹੁਦੇ ‘ਤੇ ਚਲਾ ਜਾਵੇ,ਉਹਦਾ ਨਾਅ ਲੈ ਕੇ,ਕਦੇ ਨਾ ਕਦੇ ਸ਼ੇਖ਼ੀ ਤਾਂ ਮਾਰੀ ਹੀ ਜਾ ਸਕਦੀ ਹੈ।ਇਹ ਤਾਂ ਰੱਬ ਹੀ ਜਾਣਦਾ ਹੈ ਕਿ ਅਜਿਹੀ ਕੁਰਸੀ ਵਿੱਚ ਪਤਾ ਨਹੀਂ ਕਿਹੜੀ ਚੁੰਬਕ ਸ਼ਕਤੀ ਹੁੰਦੀ ਹੈ ਕਿ ਜੋ ਕੋਈ ਇਸ ‘ਤੇ ਇੱਕ ਵਾਰ ਬੈਠ ਜਾਏ ਤਾਂ ਸਮਝੋ ਨਾਲ ਹੀ ਚਿਪਕ ਗਿਆ। ਦੂਜਿਆਂ ਤੇ ਰੋਹਬ ਪਾੳੇਣਾ ਜਿਵੇਂ ਪੈਦਾਇਸ਼ੀ ‘ਅਧਿਕਾਰ’ ਮਿਲ ਗਿਆ ਹੋਵੇ।
ਇੱਕ ਦਿਨ, ਮੇਰੇ ਇਸੇ ਦੋਸਤ ਉਰਫ਼ ‘ਬੌਸ’ ਨੇ ਮੈਨੂੰ ਆਪਣੇ ਕਮਰੇ ਵਿੱਚ ਬੁਲਾਇਆ। ਮੈਂ ਬੜੇ ਮਾਣ ਨਾਲ ਉਸ ਕੋਲ ਗਿਆ। ਦੇਖਿਆ ਤਾਂ ਉਹ ਘੁੰਮਣ ਵਾਲੀ ਕੁਰਸੀ ‘ਚ ਬੜੇ ਅੰਦਾਜ਼ ਨਾਲ ਬੈਠਾ,ਮੇਰੀ ਉਡੀਕ ਕਰ ਰਿਹਾ ਸੀ। ਮੈਂ ਅਜੇ ਕਮਰੇ ਵਿੱਚ ਪੈਰ ਧਰਿਆ ਹੀ ਸੀ ਕਿ ਉਹਨੇ ਸਵਾਲ ਦਾਗ਼ ਦਿੱਤਾ ਕਿ ਆਉਣ ਨੂੰ ਇੰਨਾ ਸਮਾਂ ਕਿਉਂ ਲਾ ਦਿੱਤਾ?
ਮੈਂ ਹੈਰਾਨੀ ਨਾਲ ਉਸ ਵੱਲ ਦੇਖਿਆ ਕਿ ਅੱਜ ਇਸ ਨੂੰ ਕੀ ਹੋ ਗਿਆ ਹੈ? ਮੈਂ ਉਸੇ ਪੁਰਾਣੇ ਰੁਟੀਨ ਵਿੱਚ ਹੀ ਕਹਿ ਦਿੱਤਾ ਕਿ ਯਾਰ! ਮੇਰਾ ਹਮੀਦ ਦੋਸਤ ਮਿਲਣ ਆਇਆ ਸੀ,ਉਹਨੂੰ ਬਾਹਰ ਤਕ ਛੱਡਣ ਕਰਕੇ ਥੋੜ੍ਹੀ ਦੇਰੀ ਹੋ ਗਈ।
‘ਬੈਠੋ’। ਉਸ ਨੇ ਬੜੇ ਹੰਕਾਰੀ ਲਹਿਜ਼ੇ ਵਿੱਚ ਕਿਹਾ।
ਮੈਂ ਬੈਠ ਗਿਆ।
‘ਤੁਸੀਂ ਕਿੱਥੇ ਬੈਠੇ ਹੋ?’
ਮੈਂ ਜਵਾਬ ਦਿੱਤਾ,’ਕੁਰਸੀ ‘ਤੇ!’
‘ਕਿਹੜੀ ਕੁਰਸੀ ਤੇ?’ ਉਸ ਨੇ ਪੁੱਛਿਆ।
‘ਤੁਹਾਡੇ ਸਾਹਮਣੇ,ਵਾਲੀ ‘ਤੇ।’
‘ਅੱਛਾ। ਇਸ ਨੂੰ ਧਿਆਨ ਨਾਲ ਦੇਖੋ। ਇਹ ਕੁਰਸੀ,ਜਿਸ ‘ਤੇ ਤੁਸੀਂ ਬੈਠੇ ਹੋ ਅਤੇ ਮੇਰੀ ਕੁਰਸੀ ਜਿਸ ‘ਤੇ ਮੈਂ ਬੈਠਾ ਹਾਂ, ਇਨ੍ਹਾਂ ਦੋਹਾਂ ਦੇ ਵਿਚਕਾਰ ਇੱਕ ਮੇਜ਼ ਦੀ ਦੂਰੀ ਹੈ। ਅਤੇ ਜਦੋਂ ਇਹ ਦਫ਼ਤਰੀ ਮੇਜ਼ ਦੋ ਕੁਰਸੀਆਂ ਦੇ ਵਿਚਕਾਰ ਆ ਜਾਂਦਾ ਹੈ ਤਾਂ ਸਾਰੇ ਰਿਸ਼ਤੇ ਅਤੇ ਦੋਸਤੀ ਇੱਕ ਮੇਜ਼ ਦੀ ਦੂਰੀ ਤੱਕ ਚਲੇ ਜਾਂਦੇ ਹਨ। ਮੈਂ ਤੁਹਾਨੂੰ ਇੰਨੇ ਦਿਨ ਬਰਦਾਸ਼ਤ ਕੀਤਾ, ਪਰ ਹੁਣ ਜੇ ਤੁਸੀਂ ਇਸ ਮੇਜ਼ ਦੇ ਫ਼ਰਕ ਨੂੰ ਮਿਟਾਉਣ ਦੀ ਕੋਸ਼ਿਸ਼ ਕਰੋਗੇ ਤਾਂ ਬਹੁਤ ਬੁਰਾ ਹੋਵੇਗਾ। ਸਮਝਦਾਰ ਹੋ,ਸਮਝ ਗਏ ਹੋਵੋਗੇ। ਤੁਸੀਂ ਜਾ ਸਕਦੇ ਹੋ।’
ਮੈਂ ਬਹੁਤ ਬੋਝਲ ਪੈਰਾਂ ਨਾਲ ਉੱਥੋਂ ਬਾਹਰ ਨਿਕਲਿਆ।ਆਪਣੀ ਸੀਟ ਤਕ ਪਹੁੰਚਦਿਆਂ ਬਹੁਤ ਸਾਰੀਆਂ ਗੱਲਾਂ ਮੇਰੇ ਮਨ ਵਿੱਚ ਉੱਭਰੀਆਂ। ਕੁਰਸੀ ਦੇ ਨਸ਼ੇ ਪ੍ਰਤੀ ਪੂਰਾ ਚਾਨਣ ਹੋ ਗਿਆ ਸੀ। ਦਿਮਾਗ਼ ਵਿੱਚ ਇਹੋ ਵਾਕ ਘੁੰਮ ਰਿਹਾ ਸੀ, ‘ਦੋਹਾਂ ਦੇ ਵਿਚਕਾਰ ਇੱਕ ਦਫ਼ਤਰੀ ਮੇਜ਼ ਦੀ ਦੂਰੀ ਹੈ। ਅਤੇ ਜਦੋਂ ਇਹ ਮੇਜ਼ ਦੋ ਕੁਰਸੀਆਂ ਦੇ ਵਿਚਕਾਰ ਆ ਜਾਂਦਾ ਹੈ,ਤਾਂ ਸਾਰੇ ਰਿਸ਼ਤੇ ਅਤੇ ਦੋਸਤੀ ਇੱਕ ਮੇਜ਼ ਦੀ ਦੂਰੀ ਤੱਕ ਚਲੇ ਜਾਂਦੇ ਹਨ।’
ਉਹਦੇ ਕਹੇ ਸ਼ਬਦ ਮੇਰੇ ਕੰਨਾਂ ਵਿੱਚ ਹੁਣ ਤੱਕ ਵੱਜ ਰਹੇ ਸਨ ਅਤੇ ਸਾਂ-ਸਾਂ, ਟੀਂ-ਟੀਂ, ਵਰਗੀਆਂ ਆਵਾਜ਼ਾਂ ਪੈਦਾ ਕਰ ਰਹੇ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly