ਨਵੀਂ ਦਿੱਲੀ (ਸਮਾਜ ਵੀਕਲੀ): ਸੰਯੁਕਤ ਕਿਸਾਨ ਮੋਰਚੇ ਨੇ ਅੱਜ ਦੋਸ਼ ਲਾਇਆ ਕਿ ਕੇਂਦਰ ਸਰਕਾਰ ਐੱਮਐੱਸਪੀ ਅਤੇ ਕਿਸਾਨ ਅੰਦੋਲਨ ਨਾਲ ਜੁੜੇ ਹੋਰ ਮੁੱਦਿਆਂ ਤੋਂ ਟਾਲਾ ਵੱਟ ਰਹੀ ਹੈ। ਸਰਕਾਰ ਨੇ ਐੱਮਐੱਸਪੀ ਸਬੰਧੀ ਕਮੇਟੀ ਨਾਲ ਜੁੜੀਆਂ ਮੱਦਾਂ ਬਾਰੇ ਵੀ ਕੁਝ ਸਪੱਸ਼ਟ ਨਹੀਂ ਕੀਤਾ ਹੈ ਅਤੇ ਮੋਰਚੇ ਵੱਲੋਂ ਉਕਤ ਸਵਾਲਾਂ ਬਾਰੇ 30 ਮਾਰਚ ਨੂੰ ਕੇਂਦਰ ਕੋਲ ਭੇਜੇ ਗਏ ਪੱਤਰ ਦਾ ਵੀ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਡਾ. ਦਰਸ਼ਨ ਪਾਲ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵ ਕੁਮਾਰ ਸ਼ਰਮਾ ‘ਕੱਕਾਜੀ’, ਯੁੱਧਵੀਰ ਸਿੰਘ, ਯੋਗੇਂਦਰ ਯਾਦਵ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਦਸੰਬਰ ਮਹੀਨੇ ਤੋਂ ਸਰਕਾਰ ਨੇ ਇਸ ਕਮੇਟੀ ਦੇ ਗਠਨ ਲਈ ਕੋਈ ਕਦਮ ਨਹੀਂ ਚੁੱਕਿਆ।
ਆਗੂਆਂ ਨੇ ਕਿਹਾ ਕਿ ਅਖੀਰ ਵਿੱਚ 22 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਤਾਲਮੇਲ ਕਮੇਟੀ ਦੇ ਮੈਂਬਰ ਯੁੱਧਵੀਰ ਸਿੰਘ ਨੂੰ ਖੇਤੀਬਾੜੀ ਸਕੱਤਰ ਸੰਜੈ ਅਗਰਵਾਲ ਦਾ ਫੋਨ ਆਇਆ ਜਿਸ ਵਿੱਚ ਭਾਰਤ ਸਰਕਾਰ ਵੱਲੋਂ ਕਮੇਟੀ ਦੇ ਗਠਨ ਲਈ ਮੋਰਚੇ ਤੋਂ ਦੋ-ਤਿੰਨ ਨਾਂ ਮੰਗੇ ਗਏ ਸੀ। ਉਨ੍ਹਾਂ ਕਿਹਾ ਕਿ ਮੋਰਚੇ ਨੇ ਸੰਜੈ ਅਗਰਵਾਲ ਨੂੰ ਈਮੇਲ ਰਾਹੀਂ 25 ਮਾਰਚ ਨੂੰ ਸਵਾਲਾਂ ’ਤੇ ਸਪੱਸ਼ਟੀਕਰਨ ਦੇਣ ਲਈ ਬੇਨਤੀ ਕੀਤੀ। ਆਗੂਆਂ ਨੇ ਕਿਹਾ ਕਿ ਇਹ ਪੱਤਰ 30 ਮਾਰਚ ਨੂੰ ਮੁੜ ਭੇਜਿਆ ਗਿਆ ਸੀ ਪਰ ਅੱਜ ਤੱਕ ਕੋਈ ਜਵਾਬ ਨਹੀਂ ਆਇਆ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਕਿਸਾਨ ਮੋਰਚਾ, ਕਮੇਟੀ ਦੇ ਵੇਰਵਿਆਂ ਬਾਰੇ ਸਪੱਸ਼ਟੀਕਰਨ ਦੀ ਮੰਗ ਕਰਦਾ ਹੈ। ਮੋਰਚਾ ਜਦੋਂ ਤੱਕ ਇਸ ਕਮੇਟੀ ਦੀ ਪ੍ਰਕਿਰਤੀ ਤੇ ਏਜੰਡੇ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹੁੰਦਾ, ਉਦੋਂ ਤੱਕ ਅਜਿਹੀ ਕਿਸੇ ਵੀ ਕਮੇਟੀ ਵਿੱਚ ਹਿੱਸਾ ਲੈਣਾ ਮੁਨਾਸਿਬ ਨਹੀਂ ਹੋਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly