ਕੇਂਦਰੀ ਸਿਟਰਸ ਖੋਜ ਕੇਂਦਰ ਨਾਗਪੁਰ ਦੀ ਉੱਚ ਪੱਧਰੀ ਟੀਮ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਦੌਰਾ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਭਾਰਤੀ ਕ੍ਰਿਸ਼ੀ ਅਨੁਸੰਧਾਨ ਪ੍ਰੀਸ਼ਦ ਅਧੀਨ ਚੱਲ ਰਹੇ ਕੇਂਦਰੀ ਸਿਟਰਸ ਖੋਜ ਕੇਂਦਰ ਨਾਗਪੁਰ ਦੀ ਉੱਚ ਪੱਧਰੀ ਟੀਮ, ਜਿਸ ਦੇ ਮੁਖੀ ਡਾ. ਆਰ. ਐਸ ਚੰਦੇਲ ਵਾਈਸ ਚਾਂਸਲਰ ਡਾ. ਵਾਈ.ਐਸ.ਪਰਮਾਰ, ਬਾਗਬਾਨੀ ਅਤੇ ਜੰਗਲਾਤ ਯੂਨੀਵਰਸਿਟੀ ਸੋਲਨ ਹਿਮਾਚਲ ਪ੍ਰਦੇਸ਼ ਸਨ, ਦੀ ਅਗਵਾਈ ਅਧੀਨ ਸੀ.ਸੀ.ਆਈ ਨਾਗਪੁਰ ਦੇ ਡਾਇਰੈਕਟਰ ਡਾ. ਦਲੀਪ ਘੋਸ਼, ਡਾ. ਵਿਸਾਖਾ ਸਿੰਘ ਢਿੱਲੋਂ, ਡਾ. ਸਿਸਰ ਮਿੱਤਰਾ ਆਦਿ ਦੀ ਟੀਮ ਵੱਲੋਂ ਜਿਲ੍ਹਾ ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ। ਇਸ ਟੀਮ ਦਾ ਮੁੱਖ ਮੰਤਵ ਰਾਜ ਵਿਚ ਸਿਟਰਸ ਕਾਸ਼ਤ ਅਧੀਨ ਘੱਟ ਰਿਹਾ ਰਕਬਾ ਅਤੇ ਕਾਸ਼ਤਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਸਿਟਰਸ ਦੇ ਵਿਕਾਸ ਲਈ ਚੁੱਕੇ ਜਾਣ ਵਾਲੇ ਜ਼ਰੂਰੀ ਕੰਮਾਂ ਦੀ ਰਿਪੋਰਟ ਤਿਆਰ ਕਰਕੇ ਭਾਰਤ ਸਰਕਾਰ ਨੂੰ ਸੋਂਪਣਾ ਹੈ।  ਇਸ ਮੌਕੇ ਟੀਮ ਵੱਲੋਂ ਸੈਂਟਰ ਆਫ ਐਕਸੀਲੈਂਸ ਫਾਰ ਫਰੂਟਸ ਖਨੌੜਾ ਦਾ ਦੌਰਾ ਕੀਤਾ ਅਤੇ ਸਿਟਰਸ ਅਸਟੇਟ ਹੁਸ਼ਿਆਰਪੁਰ ਵਿਚ ਜਿਲ੍ਹੇ ਦੇ ਅਗਾਂਹਵਧੂ ਕਿਸਾਨਾਂ/ਸਿਟਰਸ ਉਤਪਾਦਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ, ਹੁਸ਼ਿਆਰਪੁਰ ਡਾ. ਜਸਵਿੰਦਰ ਸਿੰਘ ਨੇ ਸਿਟਰਸ ਅਸਟੇਟ ਹੁਸ਼ਿਆਰਪੁਰ ਦੇ ਕੰਮਕਾਜ਼ ਮਿੱਟੀ/ਪੱਤਾ/ਪਾਣੀ ਪਰਖ ਲੈਬਾਰਟਰੀ ਅਤੇ  ਬਾਇਓਫਰਟੀਲਾਈਜ਼ਰ ਲੈਬਾਰਟਰੀ ਅਤੇ ਟਰੈਕਟਰ ਅਤੇ ਮਸ਼ੀਨਰੀ ਦੇ ਕਸਟਮ ਹਾਇਰ ਸਬੰਧੀ ਵਿਸਥਾਰ ਪੂਰਵਕ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸਿਟਰਸ ਅਸਟੇਟ ਸਵੈ-ਨਿਰਭਰ ਹੈ ਅਤੇ ਇਸਦੇ ਸਾਰੇ ਖਰਚੇ ਇਸ ਸਮੇਂ ਇਸ ਦੀ ਆਮਦਨ ਵਿਚੋਂ ਹੀ ਕੀਤੇ ਜਾਂਦੇ ਹਨ। ਕਮੇਟੀ ਵੱਲੋਂ ਸਿਟਰਸ ਅਸਟੇਟ ਵਿਖੇ ਚੱਲ ਰਹੇ ਮਾਡਲ ਦੀ ਸ਼ਲਾਘਾ ਕੀਤੀ ਅਤੇ ਸਿਟਰਸ ਅਸਟੇਟ ਵੱਲੋਂ ਕੀਤੇ ਜਾ ਰਹੇ ਕੰਮਾਂ ਖਾਸ ਕਰ ਮਿੱਟੀ ਪੱਤਾ ਪਰਖ ਦੇ ਆਧਾਰ ’ਤੇ ਖਾਦਾਂ ਦੀ ਵਰਤੋਂ,  ਬਾਇਓਫਰਟੀਲਾਈਜ਼ਰ ਦੀ ਵਰਤੋਂ ਅਤੇ ਟਰੈਕਟਰ ਅਤੇ ਮਸ਼ੀਨਰੀ ਦੀ ਕਸਟਮ ਹਾਇਰਿੰਗ ਦੀਆਂ ਸਕੀਮਾਂ ਕਿਸਾਨਾਂ ਹਿੱਤ ਵਿਚ ਹੋਣ ਅਤੇ ਇਹੋ ਜਿਹੇ ਹੋਰ ਮਾਡਲ ਹਰ ਅਸਟੇਟ ਵਿਚ ਵਿਕਸਿਤ ਕਰਨ ਦੀ ਲੋੜ ਸਬੰਧੀ ਦੱਸਿਆ।
ਇਸ ਮੌਕੇ ਡਾ. ਵਿਕਰਮ ਵਰਮਾ ਬਾਗਬਾਨੀ ਵਿਕਾਸ ਅਫਸਰ (ਮਿੱਟੀ), ਸਿਟਰਸ ਅਸਟੇਟ ਹੁਸ਼ਿਆਰਪੁਰ ਦੁਆਰਾ ਸੁਆਇਲ ਟੈਸਟਿੰਗ ਅਤੇ ਮਹੱਤਤਾ ਸਬੰਧੀ ਟੀਮ ਨੂੰ ਜਾਣ ਕਰਵਾਇਆ ਅਤੇ ਦੱਸਿਆ ਕਿ ਇਸ ਲੈਬਾਰਟਰੀ ਵੱਲੋਂ ਟੈਸਟ ਕੀਤੇ ਸੈਂਪਲਾਂ ਦੇ ਆਧਾਰ ’ਤੇ ਹੀ ਬਾਇਓਫਰਟੀਲਾਈਜ਼ਰ ਲੈਬਾਰਟਰੀ ਸਥਾਪਿਤ ਕਰਨ ਦਾ ਮੁੱਢ ਬੱਝਿਆ ਹੈ ਕਿਉਂਕਿ ਬਹੁਤੇ ਸੈਂਪਲਾਂ ਵਿਚ ਜ਼ਮੀਨ ਵਿਚ ਲੋੜ ਤੋਂ ਵੱਧ ਤੱਤ ਜਿਵੇਂ ਕਿ ਫਾਰਫੋਰਸ, ਪੋਟਾਸ਼ੀਅਮ ਅਤੇ ਜ਼ਿੰਕ ਆਦਿ ਮੋਜੂਦ ਹੁੰਦੇ ਹਨ, ਜੋ ਕਿ ਫਿਕਸ ਫਾਰਮ ਵਿਚ ਹੋਣ ਕਰਕੇ ਬੂਟੇ ਨੂੰ ਉਪਲੱਬਧ ਨਹੀਂ ਹੁੰਦੇ। ਬਾਇਓਫਰਟੀਲਾਈਜ਼ਰ ਦੀ ਵਰਤੋਂ ਕਰਕੇ ਇਹਨਾਂ ਤੱਤਾਂ ਨੂੰ ਘੋਲਿਆ ਜਾਂਦਾ ਹੈ ਜਿਸ ਨਾਲ ਖਾਦਾਂ ਦੀ ਘੱਟ ਵਰਤੋਂ ਹੋਣ ਕਾਰਨ ਖਰਚੇ ਘੱਟਦੇ ਹਨ ਅਤੇ ਜ਼ਮੀਨ ਦੀ ਸਿਹਤ ਵੀ ਚੰਗੀ ਰਹਿੰਦੀ ਹੈ। ਇਸ ਮੌਕੇ ਕੁਲਵੰਤ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਸਿਟਰਸ ਵਿਚ ਜੂਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੈਡੀਸਨਲ ਅਤੇ ਕੌਸਮੈਟਿਕ ਗੁਣ ਹੁੰਦੇ ਹਨ ਅਤੇ ਇਸ ਉੱਤੇ ਖੋਜ਼ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਸਿਟਰਸ ਦੇ ਮੰਡੀਕਰਨ, ਚੰਗੀ ਕੁਆਲਟੀ ਦੀ ਪੈਦਾਵਾਰ ਅਤੇ ਰੋਗ ਰਹਿਤ ਨਵੀਆਂ ਕਿਸਮਾਂ ਦੀ ਜਰੂਰਤ ਹੈ। ਇਸ ਮੌਕੇ ਸੰਤਵੀਰ ਸਿੰਘ ਬਾਜਵਾ ਨੇ ਸਿਟਰਸ ਦੀ ਕਾਸ਼ਤ ਵਿਚ ਚੰਗੇ ਨਰਸਰੀ ਬੂਟਿਆਂ ਦੀ ਮਹੱਤਤਾ ਸਬੰਧੀ ਦੱਸਦਿਆਂ ਲੋੜ ਅਨੁਸਾਰ ਢੁੱਕਵੀਆਂ ਨਵੀਆਂ ਕਿਸਮਾਂ ਦੀ ਮੰਗ ਕੀਤੀ। ਇਸ ਮੌਕੇ ਪਰਮਜੀਤ ਸਿੰਘ ਕਾਲੂਵਾਹਰ ਨੇ ਸਿਟਰਸ ਦੇ ਕਰਾਪ ਇੰਸ਼ੋਰੈਂਸ ਅਤੇ ਘੱਟੋ-ਘੱਟ ਸਮਰਥਨ ਮੁੱਲ ਆਦਿ ਸਬੰਧੀ ਮੰਗਾਂ ਕਮੇਟੀ ਦੇ ਸਾਹਮਣੇ ਰੱਖੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

 

Previous articleਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵਿਦਿਆਰਥੀਆਂ ਨੂੰ ਚਾਈਨਾ ਡੋਰ ਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਕੀਤਾ ਜਾਗਰੂਕ
Next articleਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਦੇ ਸੱਦੇ ‘ਤੇ ਸਰਕਾਰ ਦੇ ਲਾਰਿਆ ਦੀ ਪੰਡ ਫੂਕੀ