ਪੰਜਾਬ ਦੇ ਕਿਸਾਨਾਂ ’ਤੇ ਮੁੜ ਹੱਲਾ ਬੋਲੇਗਾ ਕੇਂਦਰ: ਜਾਖੜ

Congress leader Sunil Jakhar

ਚੰਡੀਗੜ੍ਹ (ਸਮਾਜ ਵੀਕਲੀ):   ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਮਗਰੋਂ ਅੱਜ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੀ ਕਿਸਾਨੀ ’ਤੇ ਮੁੜ ਹੱਲਾ ਬੋਲ ਸਕਦੀ ਹੈ| ਉਨ੍ਹਾਂ ਕਿਹਾ ਕਿ ਬੇਸ਼ੱਕ ਕੇਂਦਰ ਸਰਕਾਰ ਵਾਪਸ ਲਏ ਤਿੰਨ ਖੇਤੀ ਕਾਨੂੰਨਾਂ ਨੂੰ ਮੂਲ ਰੂਪ ਵਿਚ ਵਾਪਸ ਨਾ ਵੀ ਲੈ ਕੇ ਆਵੇ ਪਰ ਕੇਂਦਰ ਨਵੇਂ ਰੰਗ-ਰੂਪ ਵਾਲੇ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆ ਸਕਦੀ ਹੈ| ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਚੋਣਾਂ ਦੇ ਨਤੀਜੇ ਆਉਣ ਮਗਰੋਂ ਕਿਸਾਨੀ ’ਤੇ ਵੱਡਾ ਹੱਲਾ ਬੋਲਣ ਦੀ ਤਿਆਰੀ ਕੀਤੀ ਜਾ ਰਹੀ ਹੈ|

ਸੁਨੀਲ ਜਾਖੜ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਚੋਣਾਂ ਵਿਚ ਬਿਨਾਂ ਤਿਆਰੀ ਤੋਂ ਹੀ ਸੰਯੁਕਤ ਸਮਾਜ ਮੋਰਚਾ ਚੋਣਾਂ ਵਿਚ ਉੱਤਰਿਆ ਅਤੇ ਏਕੇ ਦੇ ਮੰਤਰ ਨੂੰ ਲਾਂਭੇ ਰੱਖ ਕੇ ਇਨ੍ਹਾਂ ਕਿਸਾਨ ਧਿਰਾਂ ਨੇ ਚੋਣਾਂ ਲੜੀਆਂ ਹਨ ਜਿਸ ਦੇ ਦੂਰਗਾਮੀ ਨਤੀਜੇ ਸਾਡੇ ਸਾਹਮਣੇ ਆਉਣਗੇ| ਉਨ੍ਹਾਂ ਕਿਹਾ ਕਿ ਜਿਉਂ ਹੀ ਕੇਂਦਰ ਸਰਕਾਰ ਚੋਣ ਨਤੀਜਿਆਂ ਵਿਚ ਸੰਯੁਕਤ ਸਮਾਜ ਮੋਰਚੇ ਦੀ ਕਾਰਗੁਜ਼ਾਰੀ ਦੇਖੇਗੀ ਤਾਂ ਭਾਜਪਾਈ ਇਸ ਕਾਰਗੁਜ਼ਾਰੀ ਦੇ ਆਧਾਰ ’ਤੇ ਸਿੱਧੇ ਤੌਰ ’ਤੇ ਦਿੱਲੀ ਵਿਚ ਚੱਲੇ ਕਿਸਾਨ ਘੋਲ ਨੂੰ ਫਿੱਕਾ ਕਰਨ ਦੀ ਕੋਸ਼ਿਸ਼ ਕਰਨਗੇ| ਜਾਖੜ ਨੇ ਕਿਹਾ ਕਿ ਚੋਣਾਂ ਵਿਚ ਉੱਤਰੀਆਂ ਕਿਸਾਨ ਧਿਰਾਂ ਨੂੰ ਚੋਣਾਂ ਲੜਨ ਤੋਂ ਪਹਿਲਾਂ ਸਾਰੀਆਂ ਧਿਰਾਂ ਦੇ ਸਹਿਯੋਗ ਅਤੇ ਏਕੇ ਨਾਲ ਚੋਣ ਮੈਦਾਨ ਵਿਚ ਉੱਤਰਨਾ ਚਾਹੀਦਾ ਸੀ ਪਰ ਇਨ੍ਹਾਂ ਕਿਸਾਨ ਧਿਰਾਂ ਨੇ ਕਾਹਲੀ ਵਿਚ ਕਦਮ ਚੁੱਕਿਆ ਜਿਸ ਦੇ ਨਤੀਜੇ ਸਾਹਮਣੇ ਆ ਜਾਣਗੇ|

ਉਨ੍ਹਾਂ ਕਿਹਾ ਕਿ ਕਿਸਾਨ ਧਿਰਾਂ ਦੀ ਮਾੜੀ ਚੋਣ ਕਾਰਗੁਜ਼ਾਰੀ ਦਿੱਲੀ ਅੰਦੋਲਨ ਵਿਚ ਹੋਈਆਂ ਸ਼ਹਾਦਤਾਂ ’ਤੇ ਮਿੱਟੀ ਪਾਉਣ ਦੇ ਤੁੱਲ ਹੋਵੇਗੀ| ਉਨ੍ਹਾਂ ਕਿਹਾ ਕਿ ਇਸ ਨਾਲ ਭਾਜਪਾ ਦੇ ਹੌਸਲੇ ਬੁਲੰਦ ਹੋਣਗੇ ਜੋ ਕੌਮੀ ਪੱਧਰ ’ਤੇ ਕਿਸਾਨੀ ਨੂੰ ਮੁੜ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੇ| ਸੁਨੀਲ ਜਾਖੜ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਦੇ ਦੁਸ਼ਮਣਾਂ ਦੇ ਹੱਥ ਇੱਕ ਮੌਕਾ ਹੋਰ ਲੱਗ ਜਾਵੇਗਾ| ਜਾਖੜ ਨੇ ਕਿਹਾ ਕਿ ਕਿਸਾਨ ਅੰਦੋਲਨ ਵਿਚ ਹੋਈ ਜਿੱਤ ਨੂੰ ਇਹ ਚੋਣ ਨਤੀਜੇ ਢਾਹ ਲਾਉਣਗੇ| ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਕਿਸਾਨੀ ਧਿਰ ਦੇ ਕਿਸੇ ਵਿਅਕਤੀ ਵਿਸ਼ੇਸ਼ ਦੀ ਹਾਰ ਜਿੱਤ ਨਹੀਂ ਹੋਵੇਗੀ ਬਲਕਿ ਕਿਸਾਨ ਵਿਰੋਧੀ ਤਾਕਤਾਂ ਨੂੰ ਕਿਸਾਨ ਘੋਲ ਦੇ ਮੱਥੇ ’ਤੇ ਦਾਗ਼ ਲਾਉਣ ਦਾ ਇੱਕ ਮੌਕਾ ਮਿਲ ਜਾਵੇਗਾ| ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਤਾਂ ਪਹਿਲਾਂ ਹੀ ਤਾਕ ਵਿਚ ਬੈਠੀ ਸੀ| ਜਾਖੜ ਨੇ ਇਹ ਵੀ ਕਿਹਾ ਕਿ ਨਵੇਂ ਕੇਂਦਰੀ ਬਜਟ ਵਿਚ ਕੇਂਦਰ ਸਰਕਾਰ ਨੇ ਖੇਤੀ ਸਬਸਿਡੀ ’ਤੇ ਕੱਟ ਲਾ ਦਿੱਤਾ ਹੈ| ਉਨ੍ਹਾਂ ਕਿਹਾ ਕਿ ਕੇਂਦਰ ਨੇ 40 ਹਜ਼ਾਰ ਕਰੋੜ ਰੁਪਏ ਦੀ ਖਾਦ ਸਬਸਿਡੀ ਘਟਾ ਦਿੱਤੀ ਹੈ| ਜਿਣਸਾਂ ਦੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਹਾਲੇ ਤੱਕ ਕੇਂਦਰ ਨੇ ਕੋਈ ਕਮੇਟੀ ਨਹੀਂ ਬਣਾਈ| ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ|

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਕਰੇਨ ਵਿਵਾਦ: ਪੂਤਿਨ ਨਾਲ ਬੈਠਕ ਲਈ ਬਾਇਡਨ ਤਿਆਰ
Next articleਬਜਰੰਗ ਦਲ ਕਾਰਕੁਨ ਦੀ ਹੱਤਿਆ ਮਗਰੋਂ ਕਰਨਾਟਕ ’ਚ ਤਣਾਅ