ਸੀਬੀਆਈ ਵੱਲੋਂ ਬਾਲਾਸੌਰ ਰੇਲ ਹਾਦਸੇ ਦੀ ਜਾਂਚ ਸ਼ੁਰੂ

 

  • ਬਾਲਾਸੌਰ ਜੀਆਰਪੀ ਵੱਲੋਂ ਦਰਜ ਐੱਫਆਈਆਰ ਕਬਜ਼ੇ ’ਚ ਲੈ ਕੇ ਨਵੇਂ ਸਿਰੇ ਤੋਂ ਕੇਸ ਦਰਜ

ਨਵੀਂ ਦਿੱਲੀ (ਸਮਾਜ ਵੀਕਲੀ):  ਕੇਂਦਰੀ ਜਾਂਚ ਏਜੰਸੀ ਨੇ ਬਾਲਾਸੌਰ ਰੇਲ ਹਾਦਸੇ ਪਿਛਲੀ ਕਥਿਤ ਅਪਰਾਧਿਕ ਅਣਗਹਿਲੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਬੀਆਈ ਨੇ ਬਾਲਾਸੌਰ ਜੀਆਰਪੀ ਵੱਲੋਂ ਦਰਜ ਐੱਫਆਈਆਰ ਕਬਜ਼ੇ ’ਚ ਲੈਣ ਮਗਰੋਂ ਨਵੇਂ ਸਿਰੇ ਤੋਂ ਕੇਸ ਦਰਜ ਕਰਕੇ ਜਾਂਚ ਦਾ ਅਮਲ ਆਰੰਭਿਆ ਹੈ। ਸ਼ੁੱਕਰਵਾਰ ਨੂੰ ਵਾਪਰੇ ਇਸ ਸਭ ਤੋਂ ਭਿਆਨਕ ਰੇਲ ਹਾਦਸੇ ਵਿੱਚ 278 ਜਾਨਾਂ ਜਾਂਦੀਆਂ ਰਹੀਆਂ ਸਨ ਤੇ 1100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਅਧਿਕਾਰੀਆਂ ਦੀ ਟੀਮ ਫੋਰੈਂਸਿਕ ਮਾਹਿਰਾਂ ਨੂੰ ਨਾਲ ਲੈ ਕੇ ਉੜੀਸਾ ਦੇ ਬਾਲਾਸੌਰ ਜ਼ਿਲ੍ਹੇ ਪੁੱਜ ਗਈ ਹੈ ਤੇ ਅੱਜ ਬਾਅਦ ਦੁਪਹਿਰ ਨਵੇਂ ਸਿਰਿਓਂ ਐੱਫਆਈਆਰ ਦਰਜ ਕੀਤੇ ਜਾਣ ਤੋਂ ਫੌਰੀ ਮਗਰੋਂ ਤਫ਼ਤੀਸ਼ ਵਿੱਢ ਦਿੱਤੀ ਗਈ ਹੈ। ਕਾਬਿਲੇਗੌਰ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਇਲੈਕਟ੍ਰੌਨਿਕ ਇੰਟਰਲਾਕਿੰਗ ਸਿਸਟਮ ਨਾਲ ਛੇੜਖਾਨੀ ਤੇ ‘ਸਾਬੋਤਾਜ’ ਦਾ ਖ਼ਦਸ਼ਾ ਪ੍ਰਗਟਾਏ ਜਾਣ ਮਗਰੋਂ ਰੇਲ ਮੰਤਰਾਲੇ ਨੇ ਜਾਂਚ ਸੀਬੀਆਈ ਨੂੰ ਸੌਂਪਣ ਦਾ ਫੈਸਲਾ ਕੀਤਾ ਸੀ।

ਸੀਬੀਆਈ ਦੇ ਤਰਜਮਾਨ ਨੇ ਕਿਹਾ, ‘‘ਕੇਂਦਰੀ ਜਾਂਚ ਬਿਊਰੋ ਨੇ ਰੇਲ ਮੰਤਰਾਲੇ ਦੀ ਸਿਫਾਰਸ਼, ਉੜੀਸਾ ਸਰਕਾਰ ਦੀ ਸਹਿਮਤੀ ਅਤੇ ਅਮਲਾ ਤੇ ਸਿਖਲਾਈ ਵਿਭਾਗ (ਭਾਰਤ ਸਰਕਾਰ) ਵੱਲੋਂ ਜਾਰੀ ਹੁਕਮਾਂ ਮੁਤਾਬਕ 2 ਜੂਨ 2023 ਨੂੰ ਉੜੀਸਾ ਦੇ ਬਾਹਾਨਾਗਾ ਬਾਜ਼ਾਰ ਨੇੜੇ ਕੋਰੋਮੰਡਲ ਐਕਸਪ੍ਰੈੱਸ, ਯਸ਼ਵੰਤਪੁਰ-ਹਾਵੜਾ ਐਕਸਪ੍ਰੈੱਸ ਤੇ ਮਾਲਗੱਡੀ ਦੀ ਸ਼ਮੂਲੀਅਤ ਵਾਲੇ ਰੇਲ ਹਾਦਸੇ ਦੇ ਸਬੰਧ ਵਿੱਚ ਕੇਸ ਦਰਜ ਕੀਤਾ ਹੈ।’’ ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਨੂੰ ਰੇਲਵੇ ਦੇ ਕੰਮਕਾਜ ਨਾਲ ਨਜਿੱਠਣ ਬਾਰੇ ਬਹੁਤਾ ਤਜਰਬਾ ਨਹੀਂ ਹੈ, ਲਿਹਾਜ਼ਾ ਏਜੰਸੀ ਨੂੰ ਕੇਸ ਦੀ ਤਹਿ ਤੱਕ ਜਾਣ ਲਈ ਰੇਲ ਸੁਰੱਖਿਆ ਤੇ ਫੋਰੈਂਸਿਕ ਮਾਹਿਰਾਂ ਦੀ ਮਦਦ ਦੀ ਲੋੜ ਪੈ ਸਕਦੀ ਹੈ। ਸੀਬੀਆਈ ਨੇ ਨਿਰਧਾਰਿਤ ਅਮਲ ਦਾ ਪਾਲਣ ਕਰਦੇ ਹੋਏ ਬਾਲਾਸੌਰ ਜੀਆਰਪੀ ਵੱਲੋਂ 3 ਜੂਨ ਨੂੰ ਆਈਪੀਸੀ ਦੀਆਂ ਧਾਰਾਵਾਂ 337, 338, 304ਏ(ਅਣਗਹਿਲੀ ਕਰਕੇ ਮੌਤ) ਅਤੇ 34 (ਸਾਂਝਾ ਇਰਾਦਾ) ਅਤੇ ਰੇਲਵੇ ਐਕਟ ਦੀਆਂ ਧਾਰਾਵਾਂ 153(ਗੈਰਕਾਨੂੰਨੀ ਤੇ ਅਣਗਹਿਲੀ ਵਾਲੀ ਕਾਰਵਾਈ ਕਰਕੇ ਰੇਲਵੇ ਯਾਤਰੀਆਂ ਦੀ ਜਾਨ ਨੂੰ ਖ਼ਤਰੇ ’ਚ ਪਾਉਣਾ), 154 ਤੇ 175 (ਜਾਨ ਖਤਰੇ ’ਚ ਪਾਉਣਾ) ਤਹਿਤ ਦਰਜ ਐੱਫਆਈਆਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਨਿਰਧਾਰਿਤ ਵਿਧੀ ਮੁਤਾਬਕ ਸੀਬੀਆਈ ਸਥਾਨਕ ਪੁਲੀਸ ਕੇਸ ਨੂੰ ਆਪਣੀ ਐੱਫਆਈਆਰ ਵਜੋਂ ਮੁੜ ਦਰਜ ਕਰਕੇ ਜਾਂਚ ਸ਼ੁਰੂ ਕਰਦੀ ਹੈ। ਕੇਂਦਰੀ ਜਾਂਚ ਏਜੰਸੀ ਆਪਣੀ ਤਫ਼ਤੀਸ਼ ਮੁਕੰਮਲ ਕਰਨ ਤੋਂ ਬਾਅਦ ਪਹਿਲਾਂ ਦਾਇਰ ਕੀਤੀ ਗਈ ਚਾਰਜਸ਼ੀਟ ਵਿੱਚ ਦੋਸ਼ ਜੋੜਨ ਜਾਂ ਹਟਾਉਣ ਨੂੰ ਲੈ ਕੇ ਫੇਰਬਦਲ ਕਰ ਸਕਦੀ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਐਤਵਾਰ ਨੂੰ ਰੇਲ ਹਾਦਸੇ ਦੀ ਸੀਬੀਆਈ ਜਾਂਚ ਦੀ ਸਿਫਾਰਸ਼ ਕੀਤੀ ਸੀ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBundesliga: Hoeness to restructure Stuttgart after surviving relegation battle
Next articleਡਾ. ਰਾਜੀਵ ਸੂਦ ਬਾਬਾ ਫ਼ਰੀਦ ’ਵਰਸਿਟੀ ਦੇ ਉਪ ਕੁਲਪਤੀ ਨਿਯੁਕਤ