(ਸਮਾਜ ਵੀਕਲੀ)
ਜਾਤ-ਪਾਤ ਦਾ ਟੇਢਾ ਮਸਲਾ
ਕੋਈ ਨਾ ਇਹਦੇ ਜੇਡਾ ਮਸਲਾ
ਸਿਆਸੀ, ਧਰਮੀ, ਸਮਾਜ-ਸੁਧਾਰਕ
ਫੇਲ ਨੇ ਸਭ ਬਾਬੇ ਪ੍ਰਚਾਰਕ
ਕੂਕਾਂ, ਰੋਲ਼ੀ ਭੜਥੂ ਵਾਧੂ
ਨਿੱਜੀ ਅਮਲ ਕਿਤੇ ਨਾ ਲਾਗੂ
ਸਖ਼ਤ ਕਾਨੂੰਨ ਜਾਂ ਧਾਰਾ ਕੋਈ
‘ਗਲ਼ ਦੀ ਹੱਡੀ’ ਸਾਬਿਤ ਹੋਈ
ਇਨਸਾਫ਼ ਮਿਲਣ ਦੁਸ਼ਮਣੀਆਂ ਪਾ ਕੇ
ਡੂੰਘੀਆਂ ਸਾਂਝਾ ਖ਼ਤਮ ਕਰਾ ਕੇ
(2)
ਇੱਕ ਰੀਤ ਨੇ ਅਸਰ ਵਿਖਾਇਆ
ਬਾਕੀਆਂ ਤੋਂ ਵੱਧ ਫਰਕ ਹੈ ਪਾਇਆ
ਜੋ ਮਾਪਿਆਂ ਦੀ ਨਾਲ਼ ਸਲਾਹ
ਅੰਤਰਜਾਤੀ ਹੁੰਦੇ ਵਿਆਹ
ਮਾਪੇ ਜੋ ਜ਼ਜ਼ਬਾਤ ਵਿਚਾਰਨ
ਅਸਲ ‘ਚ ਨਾਲ ਸਮਾਜ ਸੁਧਾਰਨ
ਫੇਰ ਨਵੀਂ ਜੋ ਨਸਲ ਹੈ ਚਲਦੀ
ਰੂੜੀਵਾਦੀਆਂ ਨਾਲ ਨਾ ਰਲ਼ਦੀ
ਹੀਣ ਭਾਵਨਾ ਜਾਂ ਹੰਕਾਰ
ਮਨੋ ਹੁੰਦੇ ਨੇ ਖਤਮ ਵਿਕਾਰ
(3)
ਸਭ ਧਰਮਾਂ ਨੂੰ ਮੰਨਣ ਵਾਲਿਉ
ਸਿਫ਼ਤਾਂ ਦੇ ਪੁਲ਼ ਬੰਨ੍ਹਣ ਵਾਲਿਉ
ਕੋਈ ਇਕ ਤਾਂ ਨਾਮ ਗਿਣਾਉ
ਮੋਢੀ, ਰਹਿਬਰ, ਮੁਖੀ ਸੁਝਾਉ..
ਜੀਹਨੇ ਅਮਲ ਕਮਾਇਆ ਹੋਵੇ
ਏਦਾਂ ਧੀ – ਪੁੱਤ ਵਿਆਹਿਆ ਹੋਵੇ
ਜਾਂ ਫਿਰ ਖੁਦ ਆਪਣੇ ਸੰਜੋ਼ਗ
ਗੈਰ-ਜ਼ਾਤ ਸਮਝੇ ਹੋਣ ਯੋਗ
ਨਹੀਂ ਤੇ ‘ਗੱਲਾਂ ਵਾਲਾ ਕੜਾਹ’
ਅੱਜ ਵੀ ਆਗੂ ਰਹੇ ਬਣਾ
ਰੋਮੀ ਵਰਗੇ ਸੁਣੀਂ ਜਾਂਦੇ ਨੇ
ਆਸਾਂ, ਸੁਪਨੇ ਬੁਣੀਂ ਜਾਂਦੇ ਨੇ
ਪਿੰਡ ਘੜਾਮੇਂ ਅਹੁੜੀਆਂ ਗੱਲਾਂ
ਬੇਸ਼ੱਕ ਲੱਗਣ ਕੌੜੀਆਂ ਗੱਲਾਂ
ਰੋਮੀ ਘੜਾਮੇਂ ਵਾਲਾ
9855281105
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly