(ਸਮਾਜ ਵੀਕਲੀ)
ਤੂੰ ਅਕਸਰ ਕਹਿੰਨੈ
“ਮੈਂ ਜੱਟ ਹਾਂ-
ਜਮੀਨ ਨਾਲ ਜੁੜਿਆ
ਤੇ ਮੈਨੂੰ ਮਾਣ ਹੈ
ਆਪਣੇ ਜੱਟ ਹੋਣ ‘ਤੇ।
ਮੇਰੇ ਨਾਂ ਨਾਲ਼
ਲਗਿਆ ਹੈ ਮੇਰਾ ਗੋਤ
ਪਰ ਫਿਰ ਵੀ
ਮੈਂ ਖੁਦ ਨੂੰ ‘ਉੱਚਾ’
ਤੇ ਕਿਸੇ ਨੂੰ ‘ਨੀਵਾਂ’
ਨਹੀਂ ਮੰਨਦਾ,
ਨਹੀਂ ਕਰਦਾ
ਜਾਤੀਗਤ ਗੱਲਾਂ। ”
ਇਹ ਗੱਲ ਆਖਦਿਆਂ
ਤੇਰਾ ਚਿਹਰਾ ਮੁਸਕਾਉੰਦਾ ਹੈ
ਚਮਕਦੀਆਂ ਹਨ ਅੱਖਾਂ।
ਤੂੰ ਮੇਰੇ ਵੱਲ ਵੇਖਦੈਂ
ਜਿਵੇਂ ਮੇਰੀ ਚੁੱਪ ਤੋਂ
ਪੁੱਛ ਰਿਹਾ ਹੋਵੇਂ
‘ਮੇਰੀ ਜਾਤ’।
ਗੱਲ ਸੁਣ….
ਮੈਂ ਉਹ ਹਾਂ
ਜਿਸਦੀ ਜਾਤ
ਆਪਣੇ ਆਪ ਵਿੱਚ
ਇੱਕ ਗਾਲ਼ ਹੈ।
ਆਪਣੀ ਜਾਤ ਦੱਸ ਕੇ
ਤੇ ਮੇਰੀ ਜਾਤ ਨੂੰ
ਅਣਗੌਲਿਆ ਕਰ ਕੇ
ਆਪਣੇ ਹਉਂਮੇ ਨੂੰ ਨਾ ਸਿੰਜ।
ਇਹ ਊਂਚ-ਨੀਚ ਦੇ ਭੇਦ,
ਜਾਤ-ਪਾਤ ਦੇ ਫਰਕ
ਤੇਰੇ ‘ਮੇਰੀ ਜਾਤ’ ਨੂੰ
ਭੁੱਲਿਆਂ ਨਹੀਂ ਮਿਟਣੇ।
ਇਹ ਉਸ ਦਿਨ ਮੁੱਕਣਗੇ
ਜਿਸ ਦਿਨ ਤੂੰ ਭੁੱਲ ਜਾਏਂਗਾ
‘ਆਪਣੀ ਜਾਤ’
ਤੇ ‘ਆਪਣੀ ਪਹਿਚਾਣ’
ਨਾਲ਼ੇ ਨਹੀਂ ਦੱਸੇਂਗਾ ਕਿਸੇ ਨੂੰ
‘ਆਪਣਾ ਗੋਤ’।
ਇੱਕੋ ਜਿਹੀ ਹੋਵੇਗੀ
ਤੇਰੇ ਤੇ ਮੇਰੇ ਚਿਹਰੇ ‘ਤੇ ਮੁਸਕਾਨ,
ਅੱਖਾਂ ਵਿੱਚ ਚਮਕ।
ਇੱਕੋ ਜਿਹੇ ਹੋਵਾਂਗੇ
ਬਰਾਬਰ ਖੜੇ
ਤੂੰ ਤੇ ਮੈਂ ਉਸ ਦਿਨ।
ਜੋਗਿੰਦਰ ਨੂਰਮੀਤ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly