ਸਮਾਜ ਵੀਕਲੀ ਯੂ ਕੇ
ਰਾਏਕੋਟ, 11 ਜਨਵਰੀ : ਗੁਰਭਿੰਦਰ ਗੁਰੀ- ਆਪ ਪਾਰਟੀ ਦੀ ਸਰਕਾਰ ਪੰਜਾਬ ਦੇ ਬੁਨਿਆਦੀ ਮੁੱਦਿਆਂ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਫਜ਼ੂਲ ਖਰਚਿਆਂ ’ਤੇ ਸਵਾਲ ਉਠਾਉਣ ਵਾਲਿਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਆਮ ਆਦਮੀ ਦੇ ਨਾਮ ’ਤੇ ਬਣੀ ਸਰਕਾਰ ਹੁਣ ਤਾਨਾਸ਼ਾਹੀ ਦੇ ਰਾਹ ’ਤੇ ਤੁਰ ਪਈ ਹੈ, ਜੋ ਆਪਣੇ ਵਿਰੁੱਧ ਇੱਕ ਵੀ ਸ਼ਬਦ ਸੁਣਨ ਨੂੰ ਤਿਆਰ ਨਹੀਂ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਾਵਾ ਰਾਏਕੋਟ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਨੇ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਭਗਵੰਤ ਮਾਨ ਸੰਸਦ ਮੈਂਬਰ ਸਨ ਤਾਂ ਉਹ ਖੁਦ ਉਸ ਸਮੇਂ ਸਰਕਾਰਾਂ ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਸਨ, ਪਰ ਅੱਜ ਜਦੋਂ ਉਨ੍ਹਾਂ ਵਿਰੁੱਧ ਉਹੀ ਸਵਾਲ ਉੱਠ ਰਹੇ ਹਨ, ਤਾਂ ਉਹ ਸੱਚ ਨੂੰ ਦਬਾਉਣ ਲਈ ਕਈ ਤਰ੍ਹਾਂ ਦੇ ਹੱਥ ਕੰਢੇ ਅਪਣਾ ਰਹੇ ਹਨ।ਬਾਵਾ ਨੇ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੌਥ ਥੰਮ ਹਨ, ਜੋ ਸਰਕਾਰ ਦੀਆਂ ਖਾਮੀਂਆਂ ਹਨ ਉਨ੍ਹਾਂ ਨੂੰ ਲੋਕਾਂ ਅੱਗੇ ਉਜ਼ਾਗਰ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੁੱਝ ਪੱਤਰਕਾਰਾਂ ਨੇ ਮੁੱਖ ਮੰਤਰੀ ਦੇ ਵਿਦੇਸ਼ ਦੌਰੇ ਦੌਰਾਨ ਪੰਜਾਬ ਦੇ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਸਬੰਧੀ ਜਾਇਜ਼ ਸਵਾਲ ਉਠਾਏ ਸਨ।ਸਰਕਾਰ ਨੂੰ ਉਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਸਨ, ਪਰ ਸਰਕਾਰ ਨੇ ਇਸ ਦੇ ਉਲਟ ਪੱਤਰਕਾਰ ਮਿੰਟੂ ਗੁਰੂਸਰੀਆ, ਪੱਤਰਕਾਰ ਮਨਿੰਦਰਜੀਤ ਸਿੱਧੂ, ਆਰਟੀਆਈ ਕਾਰਕੁਨ ਮਾਣਿਕ ਗੋਇਲ ਸਮੇਤ 10 ਲੋਕਾਂ ਤੇ ਪਰਚਾ ਦਰਜ ਕਰ ਦਿੱਤਾ ਹੈ।
ਉਨ੍ਹਾਂ ਪੱਤਰਕਾਰਾਂ ਤੇ ਝੂਠੇ ਪਰਚੇ ਦਰਜ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਬਿਨਾਂ ਸ਼ਰਤ ਦੇ ਦਰਜ ਕੀਤੇ ਪਰਚੇ ਰੱਦ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਸੱਚ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਕਿਉਂਕਿ ਸੱਚ ਹਮੇਸ਼ਾ ਸੱਚ ਹੀ ਹੁੰਦਾ ਹੈ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੱਤਰਕਾਰ ਭਾਈਚਾਰੇ ਦੇ ਨਾਲ ਹੈ।



