ਅੰਮ੍ਰਿਤਸਰ (ਸਮਾਜ ਵੀਕਲੀ): ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਇਥੇ ਆਮਦ ਮੌਕੇ ਕੱਲ ਪਾਰਟੀ ਵਰਕਰਾਂ ਦੇ ਹੋਏ ਵੱਡੇ ਇਕੱਠ ਕਾਰਨ ਕਰੋਨਾ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਉਨ੍ਹਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਧਾਰਾ 188, ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 52, ਐਪੀਡੈਮਿਕ ਡਿਸੀਜ਼ਿਜ ਐਕਟ 1897 ਹੇਠ ਥਾਣਾ ਸੁਲਤਾਨਵਿੰਡ ਵਿਚ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਖਿਲਾਫ਼ ਐੱਨਡੀਪੀਐਸ ਐਕਟ ਹੇਠ ਵੀ ਕੇਸ ਦਰਜ ਹੈ ਅਤੇ ਇਸ ਕੇਸ ’ਚੋਂ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਉਹ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਏ ਸਨ। ਉਨ੍ਹਾਂ ਦੀ ਆਮਦ ’ਤੇ ਸਥਾਨਕ ਗੋਲਡਨ ਗੇਟ ਵਿਖੇ ਅਕਾਲੀ ਵਰਕਰ ਵੱਡੀ ਗਿਣਤੀ ਵਿਚ ਇਕੱਠੇ ਹੋਏ ਸਨ, ਜਿਨ੍ਹਾਂ ਸਿਰੋਪਾਓ ਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਸੀ। ਇਥੋਂ ਉਹ ਕਾਫਲੇ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਗਏ ਸਨ।
ਸਰਕਾਰੀ ਬੁਲਾਰੇ ਮੁਤਾਬਕ ਅਕਾਲੀ ਵਰਕਰਾਂ ਦੇ ਵੱਡੇ ਇਕੱਠ ਕਾਰਨ ਕਰੋਨਾ ਪਾਬੰਦੀਆਂ ਦੀ ਉਲੰਘਣਾ ਕੀਤੀ ਗਈ ਹੈ ਜਿਸ ਨੂੰ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਲਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਸਬੰਧ ਵਿਚ ਉਸ ਖਿਲਾਫ਼ ਥਾਣਾ ਸੁਲਤਾਨਵਿੰਡ ਵਿਚ ਸ਼ਿਕਾਇਤ ਦਰਜ ਕਰਾਈ ਗਈ ਸੀ। ਉਨ੍ਹਾਂ ਦੱਸਿਆ ਕਿ ਹਲਕਾ ਪੂਰਬੀ ਦੇ ਇਸ ਇਲਾਕੇ ਵਿਚ ਉਸ ਵੇਲੇ ਤਾਇਨਾਤ ਐੱਫਐੱਸਟੀ ਟੀਮ ਇਸ ਸਬੰਧੀ ਸੂਚਨਾ ਮਿਲਣ ’ਤੇ ਉਥੇ ਪੁੱਜ ਗਈ ਸੀ ਜਿਨ੍ਹਾਂ ਇਸ ਮਾਮਲੇ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਹੈ। ਸੈਂਕੜੇ ਲੋਕ ਮੌਕੇ ’ਤੇ ਇਕੱਠੇ ਸਨ, ਜੋ ਮਜੀਠੀਆ ਨੂੰ ਸਿਰੋਪਾਓ ਤੇ ਹਾਰ ਪਾ ਰਹੇ ਸਨ।
ਬਿਆਨ ’ਚ ਕਿਹਾ ਗਿਆ ਹੈ ਕਿ ਸੈਂਕੜੇ ਲੋਕਾਂ ਦਾ ਇਹ ਇਕੱਠ ਕਰੋਨਾ ਕਾਰਨ ਸਰਕਾਰ ਵਲੋਂ ਲਾਈਆਂ ਗਈਆਂ ਪਾਬੰਦੀਆਂ ਅਤੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਚੋਣਾਂ ਕਾਰਨ ਲਾਈਆਂ ਗਈਆਂ ਪਾਬੰਦੀਆਂ, ਦੋਵਾਂ ਦੀ ਉਲੰਘਣਾ ਹੈ। ਇਸੇ ਤਹਿਤ ਉਸ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly