ਲੁਧਿਆਣਾ (ਸਮਾਜ ਵੀਕਲੀ): ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਦੇ ਨਜ਼ਦੀਕੀ ਕੌਂਸਲਰ ਇੰਦੂ ਥਾਪਰ ਦੇ ਪਤੀ ਸੁਸ਼ੀਲ ਰਾਜੂ ਥਾਪਰ ’ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕਰਵਾਇਆ ਗਿਆ ਹੈ। ਕੌਂਸਲਰ ਪਤੀ ਥਾਪਰ ਦੇ ਖ਼ਿਲਾਫ਼ ਉਨ੍ਹਾਂ ਦੇ ਗੁਆਂਢੀ ਯੋਗੇਸ਼ ਸੈਣੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਫਿਲਹਾਲ ਪੁਲੀਸ ਦੇ ਕੇਸ ਦਰਜ ਹੋਣ ਤੋਂ ਬਾਅਦ ਮੁਲਜ਼ਮ ਫ਼ਰਾਰ ਦੱਸਿਆ ਜਾ ਰਿਹਾ ਹੈ। ਯੋਗੇਸ਼ ਸੈਣੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਸਾਬਕਾ ਕੌਂਸਲਰ ਸੁਸ਼ੀਲ ਰਾਜੂ ਥਾਪਰ ਨੇ ਰਿਹਾਇਸ਼ੀ ਏਰੀਆ ਵਿੱਚ ਹੋਟਲ ਬਣਾਇਆ ਹੋਇਆ ਹੈ।
ਜਿਸਦਾ ਨਕਸ਼ਾ ਵੀ ਪਾਸ ਨਹੀਂ ਕਰਵਾਇਆ। ਉਹ ਆਪਣੇ ਹੋਟਲ ’ਤੇ ਨਾਬਾਲਗ ਬੱਚਿਆਂ ਕੋਲੋਂ ਵੇਟਰ ਦਾ ਕੰਮ ਕਰਵਾ ਰਿਹਾ ਸੀ। ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਚਾਈਲਡ ਹੈਲਪਲਾਈਨ ਵਿਭਾਗ ਨੂੰ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਟੀਮ ਪੁੱਜੀ ਤਾਂ ਉਸਨੇ ਉਥੋਂ ਭਜਾ ਦਿੱਤਾ। ਯੋਗੇਸ਼ ਸੈਣੀ ਨੇ ਇੱਕ ਬੱਚੇ ਨੂੰ ਰੋਕਿਆ ਤਾਂ ਪੂਰੀ ਜਾਣਕਾਰੀ ਵੀਡੀਓ ਵਿੱਚ ਰਿਕਾਰਡ ਕਰ ਲਈ। ਜਦੋਂ ਯੋਗੇਸ਼ ਆਇਆ ਤਾਂ ਸਾਬਕਾ ਕੌਂਸਲਰ ਥਾਪਰ ਨੇ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ, ਨਾਲ ਹੀ ਧਮਕੀਆਂ ਵੀ ਦਿੱਤੀਆਂ। ਉਸਨੇ ਬਾਅਦ ਵਿੱਚ ਵੀਡੀਓ ਸਣੇ ਪੁਲੀਸ ਨੂੰ ਸ਼ਿਕਾਇਤ ਦਿੱਤੀ, ਜਿਸ ’ਤੇ ਕਾਰਵਾਈ ਕਰਦੇ ਹੋਏ ਥਾਣਾ ਡਵੀਜਨ ਨੰਬਰ 8 ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਥਾਣੇ ਦੇ ਨਵੇਂ ਐੱਸਐਚਓ ਸਬ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly