ਕਿਸਾਨਾਂ ਨੇ ਐਸ ਡੀ ਐਮ ਨੂੰ ਸੌਂਪਿਆ ਮੰਗ ਪੱਤਰ, ਯੋਗ ਸਹਾਇਤਾ ਅਤੇ ਅੱਗ ਲਗਾਉਣ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਦੀ ਕੀਤੀ ਅਪੀਲ
ਦੋ ਕਿਸਾਨਾਂ ਵੱਲੋਂ ਤੂੜੀ ਦੀਆਂ ਕਰੀਬ 180 ਟਰਾਲੀਆਂ ਕੀਤੀਆਂ ਗਈਆਂ ਸਨ ਸਟਾਕ, ਸੜ ਕੇ ਹੋਈਆਂ ਸੁਆਹ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬੀਤੇ ਦਿਨੀ ਹਲਕਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਡ ਮਿਆਣੀ ਮਲਾਹ ਚ ਦੋ ਕਿਸਾਨਾਂ ਵੱਲੋਂ ਸਟਾਕ ਕੀਤੀ ਗਈ ਲੱਖਾਂ ਰੁਪਏ ਦੀ ਤੁੜੀ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਸੀ। ਜਿਸ ਕਾਰਣ ਖੇਤ ਵਿੱਚ ਸਟਾਕ ਕੀਤੀਆਂ ਲਗਭਗ 180 ਟਰਾਲੀਆਂ ਤੂੜੀ ਸੜ ਕੇ ਸਵਾਹ ਹੋ ਗਈਆਂ ਸਨ। ਤੂੜੀ ਸੜਨ ਕਾਰਨ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਸੀ।
ਇਸ ਚਲਦਿਆਂ ਹੁਣ ਪੀੜਿਤ ਇੰਦਰਜੀਤ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਪਿੰਡ ਧੂੰਦਾ ਤਹਿਸੀਲ ਖੱਡੂਰ ਸਾਹਿਬ ਅਤੇ ਅਮਰ ਸਿੰਘ ਮੰਡ ਪੁੱਤਰ ਸੁਖਦੇਵ ਸਿੰਘ ਪਿੰਡ ਮਹੀਂਵਾਲ, ਤਹਿਸੀਲ ਸੁਲਤਾਨਪੁਰ ਲੋਧੀ, ਜਿਲ੍ਹਾ ਕਪੂਰਥਲਾ ਜਿੰਨਾ ਵੱਲੋਂ ਠੇਕੇ ਤੇ ਲਈ ਜ਼ਮੀਨ ਅਤੇ ਕੁਝ ਕਿਸਾਨਾਂ ਤੋਂ ਨਾੜ ਖਰੀਦਕੇ ਉਸਦੀ ਤੂੜੀ ਬਣਾਈ ਗਈ ਸੀ, ਜਿਸਨੂੰ ਕਿ ਉਨ੍ਹਾਂ ਵਲੋਂ ਉਕਤ ਖੇਤ ਵਿਚ ਹੀ ਇਕੱਠਾ ਕਰਕੇ ਸਾਂਭਿਆ ਗਿਆ ਸੀ, ਦੋਹਾਂ ਕਿਸਾਨਾਂ ਨੇ ਐਸ ਡੀ ਐਮ ਸੁਲਤਾਨਪੁਰ ਲੋਧੀ ਚੰਦਰਾ ਜਯੋਤੀ ਸਿੰਘ ਦੇ ਨਾਂ ਇਕ ਮੰਗ ਪੱਤਰ ਸੌਂਪ ਕੇ ਯੋਗ ਸਹਾਇਤਾ ਅਤੇ ਅੱਗ ਲਗਾਉਣ ਵਾਲਿਆਂ ਦਾ ਪਤਾ ਲਗਾਕੇ ਉਨ੍ਹਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਉਕਤ ਪੀੜਿਤ ਕਿਸਾਨਾਂ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਕੁਝ ਕਿਸਾਨਾਂ ਵੱਲੋਂ ਆਪੋ ਆਪਣੇ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਈ ਗਈ ਸੀ ਤਾਂ ਉਕਤ ਉਸ ਅੱਗ ਦੀਆਂ ਲਪਟਾਂ ਵਿੱਚ ਉਕਤ ਤੂੜੀ ਦੇ ਭੰਡਾਰ ਤੱਕ ਪਹੁੰਚੀ ਗਈਆਂ ਸਨ ਅਤੇ ਵੇਖਦਿਆਂ ਹੀ ਵੇਖਦਿਆਂ ਇਸ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਹਾਲਾਂਕਿ ਅੱਗ ਨੂੰ ਬੁਝਾਉਣ ਦੇ ਲਈ ਉਨ੍ਹਾਂ ਵੱਲੋਂ ਕੜੀ ਮਸ਼ੱਕਤ ਕੀਤੀ ਗਈ ਪਰੰਤੂ ਉਹ ਪੂਰੀ ਤਰ੍ਹਾਂ ਦੇ ਨਾਲ ਅਸਫਲ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਕਿਸੇ ਇੰਦਰਜੀਤ ਸਿੰਘ ਦੀਆਂ 150 ਟਰਾਲੀਆ ਅਤੇ ਅਮਰ ਸਿੰਘ ਮੰਡ ਦੀਆਂ 30 ਟਰਾਲੀਆਂ ਤੂੜੀ ਦੀਆਂ ਸੜ ਕੇ ਸਵਾਹ ਹੋ ਗਈਆਂ ਹਨ। ਜਿਸ ਨਾਲ ਉੰਨਾ ਦਾ 5 ਤੋਂ 6 ਲੱਖ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਜਿਸ ਦੀ ਭਰਪਾਈ ਕਰ ਪਾਉਣਾ ਉਨ੍ਹਾਂ ਲਈ ਬਹੁਤ ਵੱਡੀ ਚੁਨੌਤੀ ਹੈ।
ਲਿਹਾਜ਼ਾ ਪੀੜਿਤ ਕਿਸਾਨਾਂ ਨੇ ਐਸ ਡੀ ਐਮ ਪਾਸੋਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਇਸ ਮੁਸ਼ਕਲ ਘੜੀ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ ਹੈ। ਇਸ ਮੌਕੇ ਕਿਸਾਨ ਮਨਜੀਤ ਸਿੰਘ ਮੰਨਾ, ਹਰਦੀਪ ਸਿੰਘ ਕਿਸਾਨ ਵੀ ਮੌਜੂਦ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly