ਕੈਪਟਨ ਨੂੰ ਕਿਸਾਨਾਂ ਦੀਆਂ ਸ਼ਹੀਦੀਆਂ ਦਾ ਮੁੱਲ ਨਹੀਂ ਵੱਟਣ ਦਿਆਂਗੇ: ਚੜੂਨੀ

ਜਲੰਧਰ (ਸਮਾਜ ਵੀਕਲੀ):  ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਮੁਖੀ ਗੁਰਨਾਮ ਸਿੰਘ ਚੜੂਨੀ ਨੇ ਆਪਣਾ ਚੋਣਾਂ ਲੜਨ ਦਾ ਸਟੈਂਡ ਮੁੜ ਦੁਹਰਾਉਂਦਿਆ ਕਿਹਾ ਕਿ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਲਾਂਭੇ ਕਰਕੇ ਕਿਸਾਨਾਂ ਨੂੰ ਆਪਣੇ ਉਮੀਦਵਾਰ ਖੜ੍ਹੇ ਕਰਨੇ ਚਾਹੀਦੇ ਹਨ ਅਤੇ ਕੈਪਟਨ ਨੂੰ ਕਿਸਾਨਾਂ ਦੀਆਂ ਸ਼ਹੀਦੀਆਂ ਦਾ ਮੁੱਲ ਨਹੀਂ ਵੱਟਣ ਦਿੱਤਾ ਜਾਵੇਗਾ। ਇੱਥੋਂ ਨੇੜਲੇੇ ਕਸਬਾ ਕਾਲਾ ਸੰਘਿਆ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਕਿਸਾਨਾਂ ਤੇ ਮਜ਼ਦੂਰਾਂ ਸਮੇਤ ਹਰ ਵਰਗ ਨੂੰ ਲੁੱਟਿਆ ਹੈ।

ਹੁਣ ਜਦੋਂ ਭਾਜਪਾ  ਸਮੁੱਚੇ ਦੇਸ਼ ਨੂੰ ਵੇਚਣ ਦੇ ਰਾਹ ਪਈ ਹੋਈ ਹੈ ਤਾਂ ਉਸ ਦੇ ਅੱਗੇ ਹਿੱਕ ਡਾਹ ਕੇ ਕਿਸਾਨ ਤੇ ਮਜ਼ਦੂਰ ਹੀ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਹਨ। ਸ੍ਰੀ ਚੜੂਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ  ਦਿੱਲੀ ਫੇਰੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਖੇਤੀ ਦੇ ਤਿੰਨੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਨਹੀਂ ਸੀ ਗਏ ਸਗੋਂ ਆਪਣੀ ਬਣਾਈ ਨਵੀਂ ਪਾਰਟੀ ਦਾ ਭਾਜਪਾ ਨਾਲ ਚੋਣ ਗੱਠਜੋੜ ਕਰਨ ਲਈ ਗਏ ਸਨ। ਉਨ੍ਹਾਂ ਕਿਹਾ ਕਿ ਕੈਪਟਨ ਨੂੰ 700 ਤੋਂ ਵੱਧ ਹੋਈਆਂ ਕਿਸਾਨਾਂ ਦੀਆਂ ਸ਼ਹੀਦੀਆਂ ਦਾ ਭਾਜਪਾ ਰਾਹੀਂ ਮੁੱਲ ਨਹੀ ਵੱਟਣ ਦੇਵਾਂਗੇ। ਉਨ੍ਹਾਂ ਕਿਹਾ ਰੋਜ਼ਾਨਾ ਕਿਸਾਨ ਤੇ ਮਜ਼ਦੂਰ ਨਿੱਕੇ ਨਿੱਕੇ ਕਰਜ਼ਿਆਂ ਕਾਰਨ ਖੁਦਕਸ਼ੀ ਕਰਦੇ ਹਨ ਪਰ ਜਿਹੜੇ ਅਰਬਾਂ ਰੁਪਏ ਲੈ ਗਏ ਉਹ ਸਰਕਾਰ ਦੀ ਸ਼ਹਿ ’ਤੇ ਐਸ਼ਾਂ ਕਰ ਰਹੇ ਹਨ।

ਇਸ ਮੌਕੇ ਪਗੜੀ ਸੰਭਾਲ ਲਹਿਰ ਪੰਜਾਬ  ਦੇ ਆਗੂ ਸਤਨਾਮ ਸਿੰਘ ਬਾਗੜੀਆ ਨੇ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਕਿਸਾਨ  ਆਉਂਦੀਆਂ 2024 ਦੀਆਂ ਲੋਕ ਸਭਾ ਚੋਣਾਂ ਤੱਕ ਵੀ ਕਿਸਾਨ ਅੰਦੋਲਨ ਚਲਾਉਣ ਦੇ ਸਮਰੱਥ ਹਨ। ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ  ਭਾਈ ਰਣਜੀਤ ਸਿੰਘ ਨੇ ਕਿਹਾ ਕਿ ਏਕਤਾ, ਦਿੜ੍ਹਤਾ ਦੇ ਨਾਲ ਕਿਸਾਨ ਮੋਰਚੇ ਹਾਜ਼ਰੀ ਵਧਾਉਣਾ ਸਮੇਂ ਦੀ ਲੋੜ ਹੈ। ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੇਲ ਕੀਮਤਾਂ ਤੋਂ ਰਾਹਤ ਦਿਵਾਉਣ ਵਿੱਚ ਕਾਂਗਰਸ ਫਾਡੀ: ਬਾਦਲ
Next articleਡੀਏਪੀ ਮਾਮਲਾ: ਚੜੂਨੀ ਨੇ ਤੋਮਰ ਨੂੰ ਪੱਤਰ ਲਿਖਿਆ