ਕੈਪਟਨ ਹਮਾਇਤੀਆਂ ਨੂੰ ਮਨਾਉਣ ਪੁੱਜੇ ਚੰਨੀ

New Punjab Chief Minister Charanjit Singh Channi.

ਜਲੰਧਰ (ਸਮਾਜ ਵੀਕਲੀ):  ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਜਲੰਧਰ ਦੇ ਤਿੰਨ ਕਾਂਗਰਸੀ ਵਿਧਾਇਕਾਂ, ਇੱਕ ਸੰਸਦ ਮੈਂਬਰ ਤੇ ਇੱਕ ਸਾਬਕਾ ਸੰਸਦ ਮੈਂਬਰ ਦੇ ਘਰ ਫੇਰੀ ਪਾਈ। ਜਲੰਧਰ ਦੇ ਇਸ ਤੂਫ਼ਾਨੀ ਦੌਰੇ ਦੌਰਾਨ ਮੁੱਖ ਮੰਤਰੀ ਚੰਨੀ  9 ਥਾਵਾਂ ’ਤੇ ਗਏ। ਉਨ੍ਹਾਂ ਦੀ ਇਸ ਫੇਰੀ ਨੂੰ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਬਣਾਈ ਜਾ ਰਹੀ ਪਾਰਟੀ ਵਿੱਚ ਜਾਣ ਤੋਂ ਰੋਕਣ ਦੇ ਯਤਨ ਵਜੋਂ ਵੀ ਦੇਖਿਆ ਜਾ ਰਿਹਾ। ਹਾਲਾਂਕਿ ਉਨ੍ਹਾਂ ਆਪਣੀ ਇਸ ਫੇਰੀ ਦੌਰਾਨ ਜਲੰਧਰ ਸ਼ਹਿਰ ਲਈ ਕੋਈ ਵੱਡਾ ਐਲਾਨ ਨਹੀਂ ਕੀਤਾ।

ਇੱਕ ਕਾਂਗਰਸੀ ਵਿਧਾਇਕ ਨੇ ਦੱਸਿਆ ਕਿ ਮੁੱਖ ਮੰਤਰੀ ਹੁੰਦਿਆਂ ਹੋਇਆਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਹੀ ਸਭ ਤੋਂ ਵੱਡੀ ਚਣੌਤੀ ਹੁੰਦੀ ਸੀ ਜਦ ਕਿ ਇਸ ਦੇ ਉਲਟ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੇ ਘਰ ਆ ਰਹੇ ਹਨ, ਉਨ੍ਹਾਂ ਦੇ ਰਿਸ਼ਤੇਦਾਰਾਂ, ਸਾਕ ਸਬੰਧੀਆਂ ਨੂੰ ਮਿਲ ਰਹੇ ਹਨ। ਇੱਕ ਹੋਰ ਕਾਂਗਰਸੀ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਹੋਰਾਂ ਦੀ ਫੇਰੀ ਨਾਲ ਜਿੱਥੇ ਕੌਂਸਲਰ ਪੱਧਰ ਦੇ ਕਾਂਗਰਸੀ ਆਗੂਆਂ ਨਾਲ ਸਿੱਧਾ ਰਾਬਤਾ ਹੋਇਆ ਹੈ ਉੱਥੇ ਆਉਂਦੀਆਂ 2022 ਦੀਆਂ ਚੋਣਾਂ ਲਈ ਜੋਸ਼ ਭਰਿਆ ਗਿਆ ਹੈ। ਚੰਨੀ ਇੱਥੋਂ ਦੇ ਸ੍ਰੀ ਦੇਵੀ ਤਾਲਾਬ ਮੰਦਿਰ ਵਿਖੇ ਮੱਥਾ ਟੇਕਣ ਤੋਂ ਬਾਅਦ ਸਿੱਧਾ  ਜਲੰਧਰ ਕੇਂਦਰੀ ਦੇ ਵਿਧਾਇਕ ਰਜਿੰਦਰ ਬੇਰੀ ਦੇ ਘਰ  ਗਏ, ਜਿੱਥੇ ਉਨ੍ਹਾਂ ਹਲਕੇ ਦੇ  ਸਥਾਨਕ ਕੌਂਸਲਰਾਂ ਨਾਲ ਵੀ ਮੁਲਾਕਾਤ ਕੀਤੀ, ਫਿਰ ਉਹ ਜਲੰਧਰ ਦੇ ਸੰਸਦ ਮੈਂਬਰ  ਚੌਧਰੀ ਸੰਤੋਖ ਸਿੰਘ ਦੇ ਘਰ ਗਏ। ਬਾਅਦ ਵਿੱਚ ਉਨ੍ਹਾਂ ਨੇ ਜਲੰਧਰ ਪੱਛਮੀ ਦੇ ਵਿਧਾਇਕ ਸੁਸ਼ੀਲ ਰਿੰਕੂ ਦੇ ਘਰ ਫੇਰੀ ਪਾਈ।

ਇੱਕ ਸਥਾਨਕ ਕਾਂਗਰਸੀ ਆਗੂ ਨੇ ਕਿਹਾ, ਮੁੱਖ ਮੰਤਰੀ ਨੇ ਵਿਧਾਇਕ ਰਾਜਿੰਦਰ  ਬੇਰੀ ਦੀ ਮਾਂ ਦੇ ਪੈਰੀਂ ਹੱਥ ਲਾਇਆ ਤੇ ਪਿਆਰ ਨਾਲ ਉਨ੍ਹਾਂ ਨੂੰ ਕਲਾਵੇ ਵਿੱਚ ਲਿਆ। ਅਜਿਹਾ ਕਰਕੇ ਚੰਨੀ  ਵਿਧਾਇਕਾਂ ਨਾਲ ਨਿੱਜੀ ਤੌਰ ’ਤੇ ਨਿੱਘ ਵੀ ਵਧਾ ਰਹੇ ਹਨ। ਇਸੇ ਕਾਂਗਰਸੀ ਆਗੂ ਦਾ ਕਹਿਣਾ ਸੀ ਜਦੋਂ ਨਵਜੋਤ ਸਿੰਘ ਸਿੱਧੂ 18 ਜੁਲਾਈ ਨੂੰ ਜਲੰਧਰ ਆਏ ਸਨ ਤਾਂ ਉਨ੍ਹਾਂ ਦੋ ਵਿਧਾਇਕ ਰਾਜਿੰਦਰ ਬੇਰੀ ਤੇ ਸੁਸ਼ੀਲ ਰਿੰਕੂ ਨਾਲ ਮੁਲਾਕਾਤ ਨਹੀਂ ਕੀਤੀ ਸੀ। ਇਹ ਦੋਵੇਂ ਵਿਧਾਇਕ ਕੈਪਟਨ ਖੇਮੇ ਦੇ ਮੰਨੇ ਜਾਂਦੇ ਸਨ ਪਰ ਹੁਣ ਚੰਨੀ ਨੇ ਇਨ੍ਹਾਂ ਨੂੰ ਆਪਣੇ ਨਾਲ ਤੋਰਨ ਦਾ ਯਤਨ ਕੀਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਰਿਸ਼ਤੇਦਾਰ ਤੇ ਸੀਨੀਅਰ ਕਾਂਗਰਸੀ ਆਗੂ  ਸਾਬਕਾ ਸੰਸਦ ਮੈਂਬਰ ਮਹਿੰਦਰ  ਸਿੰਘ ਕੇਪੀ ਦੇ ਘਰ ਵੀ ਗਏ  ਅਤੇ  ਉਸ ਤੋਂ ਬਾਅਦ ਉਹ ਜਲੰਧਰ ਉੱਤਰੀ ਦੇ ਵਿਧਾਇਕ ਬਾਵਾ ਹੈਨਰੀ ਦੇ ਘਰ ਵੀ ਗਏ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁੱਤਿਆਂ ਨੇ ਟੋਏ ਵਿੱਚੋਂ ਕੱਢ ਕੇ ਭਰੂਣ ਨੋਚਿਆ
Next articleਜਮਹੂਰੀਅਤ ਨੂੰ ਬਚਾਉਣਾ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ