ਸਰਮਾਏਦਾਰਾਂ ਅਤੇ ਸਰਕਾਰਾਂ ਤੋਂ ਮਜਦੂਰਾਂ ਦੀ ਲੁੱਟ-ਖਸੁੱਟ ਵਿਰੁੱਧ – ਮਜਦੂਰ ਪੰਚਾਇਤ 1 ਸਤੰਬਰ ਨੂੰ

ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਲੁਧਿਆਣੇ ਦੀਆਂ ਮਜਦੂਰ ਜਥੇਬੰਦੀਆਂ ਟੈਕਸਟਾਇਲ-ਹੌਜਰੀ ਕਾਮਗਾਰ ਯੂਨੀਅਨ ਅਤੇ ਕਾਰਖਾਨਾ ਮਜਦੂਰ ਯੂਨੀਅਨ ਵੱਲੋਂ 1 ਸਤੰਬਰ ਨੂੰ ਮਜਦੂਰ ਪੰਚਾਇਤ ਸੱਦੀ ਗਈ ਹੈ। ਇਹ ਮਜਦੂਰ ਪੰਚਾਇਤ ਡਾਕਟਰ ਅੰਬੇਡਕਰ ਧਰਮਸ਼ਾਲਾ, ਜਮਾਲਪੁਰ ਲੁਧਿਆਣੇ ਵਿਖੇ ਕੀਤੀ ਜਾਵੇਗੀ। ਇਹ ਫੈਸਲਾ ਈ.ਡਬਲਯੂ.ਐਸ. ਕਲੋਨੀ ਵਿੱਚ ਸਥਿਤ ਮਜਦੂਰ ਲਾਇਬ੍ਰੇਰੀ ਵਿਖੇ ਜਥੇਬੰਦੀ ਦੇ ਨੁਮਾਇੰਦਿਆਂ ਦੀ ਮੀਟਿੰਗ ਵਿੱਚ ਕੀਤਾ ਗਿਆ। ਪੰਚਾਇਤ ਵਿੱਚ ਮਜਦੂਰਾਂ ਦੀ ਸਰਮਾਏਦਾਰਾਂ ਅਤੇ ਸਰਕਾਰ ਵੱਲੋਂ ਹੋ ਰਹੀ ਲੁੱਟ-ਖਸੁੱਟ-ਬੇਇਨਸਾਫੀ ਦੇ ਬਾਰੇ, ਮਜਦੂਰਾਂ ਦੇ ਫੌਰੀ ਮੰਗਾਂ-ਮਸਲਿਆਂ ਤੇ ਸੰਘਰਸ਼ ਅੱਗੇ ਵਧਾਉਣ ਲਈ ਵਿਚਾਰ-ਚਰਚਾ ਕੀਤੀ ਜਾਵੇਗੀ। ਇਸਤੋਂ ਪਹਿਲਾਂ ਲੁਧਿਆਣੇ ਦੇ ਮਜਦੂਰਾਂ-ਕਿਰਤੀਆਂ ਦੇ ਇਲਾਕਿਆਂ ਵਿੱਚ ਪ੍ਰਚਾਰ-ਮੁਹਿੰਮ ਚਲਾਈ ਜਾਵੇਗੀ ਅਤੇ ਮਜਦੂਰਾਂ ਦੀਆਂ ਮੰਗਾਂ ਨੂੰ ਉਭਾਰਣ ਲਈ ਜਾਰੀ ਕੀਤਾ ਗਿਆ ਪਰਚਾ ਵੰਡਿਆ ਜਾਵੇਗਾ। ਪੰਚਾਇਤ ਨੂੰ ਸਫਲ ਬਣਾਉਣ ਲਈ ਮਜਦੂਰ ਵਿਹੜਿਆਂ ਵਿੱਚ ਮੀਟਿੰਗਾਂ, ਨੁੱਕੜ ਸਭਾਵਾਂ ਅਤੇ ਪੋਸਟਰ ਲਾਏ ਜਾਣਗੇ।
ਭਾਰਤ ਦੇ ਸਾਰੇ ਮਜਦੂਰਾਂ ਦੀ ਤਰ੍ਹਾਂ ਅੱਜ ਲੁਧਿਆਣੇ ਦੇ ਮਜਦੂਰਾਂ ਦੇ ਵੀ ਬੁਰੇ ਹਾਲ ਹਨ। ਵੱਧਦੀ ਮਹਿੰਗਾਈ ਦੇ ਹਿਸਾਬ ਨਾਲ਼ ਤਨਖਾਹ-ਪੀਸ ਰੇਟ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ। ਕਾਰਖਾਨਿਆਂ ਵਿੱਚ ਕਿਰਤ-ਕਾਨੂੰਨਾਂ ਦੀ ਅਣਦੇਖੀ ਹੁੰਦੀ ਹੈ। ਮਜਦੂਰਾਂ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਸ਼ਾਸਨ-ਪ੍ਰਸ਼ਾਸਨ ਬੁਨਿਆਦੀ ਸਹੂਲਤਾਂ ਦੇਣ ਲਈ ਜਰੂਰੀ ਪੈਸਾ ਖਰਚਣ ਨੂੰ ਤਿਆਰ ਨਹੀਂ ਜਿਸ ਕਰਕੇ ਮਜਦੂਰਾਂ ਦੀਆਂ ਬਸਤੀਆਂ ਵਿੱਚ ਪਾਣੀ, ਸੀਵਰੇਜ ਜਿਹੀਆਂ ਬੁਨਿਆਦੀ ਸਹੂਲਤਾਂ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਮਜਦੂਰਾਂ ਨੂੰ ਏਕਾ ਬਣਾ ਕੇ ਇਹਨਾਂ ਲੋਟੂ ਸਰਮਾਏਦਾਰਾਂ-ਸਰਕਾਰਾਂ-ਪ੍ਰਸ਼ਾਸਨ ਦੇ ਮਜਦੂਰ ਵਿਰੋਧੀ ਜੁੱਟ ਦੇ ਖਿਲਾਫ ਤਕੜਾ ਸੰਘਰਸ਼ ਛੇੜਣਾ ਪਵੇਗਾ। ਮਜਦੂਰ ਜਥੇਬੰਦੀਆਂ ਨੇ ਇਹਨਾਂ ਹਲਾਤਾਂ ਨੂੰ ਦੇਖਦੇ ਹੋਏ 26000 ਘੱਟੋ-ਘੱਟ ਤਨਖਾਹ ਲਾਗੂ ਕਰਵਾਉਣ, ਔਰਤ ਮਜਦੂਰਾਂ ਨੂੰ ਬਰਾਬਰ ਕੰਮ ਲਈ ਆਦਮੀਆਂ ਦੇ ਬਰਾਬਰ ਤਨਖਾਹ/ਪੀਸਰੇਟ/ਦਿਹਾੜੀ ਲਾਗੂ ਕਰਵਾਉਣ, ਤਨਖਾਹ, ਈ.ਪੀ.ਐਫ. ਆਦਿ ਦੇ ਪੈਸੇ ਦੱਬਣ ਵਾਲ਼ੇ ਮਾਲਕਾਂ ਖਿਲਾਫ ਸਖਤ ਕਾਰਵਾਈ ਕਰਵਾਉਣ, ਕਾਰਖਾਨਿਆਂ ਵਿੱਚ ਸਾਰੇ ਕਿਰਤ-ਹੱਕ ਲਾਗੂ ਕਰਵਾਉਣ, ਹਾਦਸਿਆਂ ਤੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਵਾਉਣ, ਪੱਕੇ ਰੋਜਗਾਰ ਦੀ ਗਰੰਟੀ, ਰਹਾਇਸ਼ੀ ਅਤੇ ਸਿਹਤ ਸਹੂਲਤਾਂ ਵਿੱਚ ਸੁਧਾਰ ਕਰਵਾਉਣ, ਰਾਸ਼ਨ-ਕਾਰਡ, ਵੋਟਰ-ਕਾਰਡ, ਬੁਢਾਪਾ ਪੈਨਸ਼ਨ ਲਾਗੂ ਕਰਵਾਉਣ, ਮਜਦੂਰਾਂ ਦੀ ਸੁਰੱਖਿਆ ਦੇ ਪ੍ਰਬੰਧ ਕਰਵਾਉਣ ਅਤੇ ਹੋਰ ਮੰਗਾਂ ਸਬੰਧੀ ਮਜਦੂਰਾਂ ਨਾਲ਼ ਵਿਚਾਰ-ਚਰਚਾ ਕਰਕੇ ਸੰਘਰਸ਼ ਅੱਗੇ ਵਧਾਇਆ ਜਾਵੇਗਾ। ਜਥੇਬੰਦੀਆਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਪੰਚਾਇਤ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸ਼ਹਿਰ ਨੂੰ ਸਵੱਛ ਅਤੇ ਸੁੰਦਰ ਬਣਾਉਣ ਲਈ ਨਗਰ ਨਿਗਮ ਵੱਲੋਂ ਪੁੱਟਿਆ ਗਿਆ ਅਹਿਮ ਕਦਮ – ਡਾ. ਅਮਨਦੀਪ ਕੌਰ
Next articleਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਰਕਾਰੀ ਸਮਾਰਟ ਮਿਡਲ ਸਕੂਲ ਘੱਕੇਵਾਲ ਵਿਖੇ ਸੈਮੀਨਾਰ ਆਯੋਜਿਤ