ਕੈਪੀਲਾਨੋ ਯੂਨੀਵਰਸਿਟੀ ਵੈਨਕੂਵਰ (ਕੈਨੇਡਾ) ਵਿਚ ਪਹਿਲੀ ਵਾਰ ਵਾਤਾਵਰਣ ਅਤੇ ਅੰਤਰਰਾਸ਼ਟਰੀ ਪੱਧਰ ਤੇ ਦਸਤਾਰ ਦਿਹਾੜਾ ਮਨਾਇਆ

ਸਰੀ/ ਵੈਨਕੂਵਰ (ਸਮਾਜ ਵੀਕਲੀ)  (ਕੁਲਦੀਪ ਚੁੰਬਰ) – ਕੈਨੇਡਾ ਦੇ ਨੋਰਥ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਦੀ ਕੈਪੀਲਾਨੋ ਯੂਨੀਵਰਸਿਟੀ ਵਿੱਚ ਸਥਾਪਿਤ ਸਕੂਲ ਆਫ ਥਾਟਸ ਸੰਸਥਾ ਵਲੋਂ ਈਕੋ ਸਿੱਖ ਸੰਸਥਾ ਦੇ ਸਹਿਯੋਗ ਨਾਲ ਇਕ ਅਹਿਮ ਇਤਿਹਾਸਕ ਪੜਾਅ ‘ਤੇ ਕਦਮ ਰੱਖਦਿਆਂ ਪਹਿਲੀ ਵਾਰ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਲਾਇਬ੍ਰੇਰੀ ਵਿੱਚ ਵਿਸ਼ਵ ਸਿੱਖ ਵਾਤਾਵਰਣ ਦਿਵਸ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਦਸਤਾਰ ਦਿਹਾੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਕਰਕੇ ਕਰਵਾਇਆ ਗਿਆ। ਸਕੂਲ ਆਫ ਥਾਟਸ ਸੰਸਥਾ ਦੇ ਮੁਖੀ ਗੁਰਨੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਮੰਤਵ ਮਨੁੱਖਤਾ ਅਤੇ ਕੁਦਰਤ ਵਿਚਾਲੇ ਆਪਸੀ ਗਹਿਰੇ ਸੰਬੰਧਾਂ ਨੂੰ ਉਜਾਗਰ ਕਰਨਾ ਹੈ । ਸਮਾਗਮ ਵਿੱਚ ਵਾਤਾਵਰਣ ਅਤੇ ਵਿਰਾਸਤ ਨਾਲ ਜੋੜਦੀ ਪੰਜਾਬ ਦੇ ਦਰੱਖਤਾਂ ਦੀ ਫੋਟੋ ਪ੍ਰਦਰਸ਼ਨੀ, ਜ਼ਿੰਦਗੀ ਦੇ ਮਕਸਦ ਵਿਚ ਕੁਦਰਤ ਦੀ ਭੂਮਿਕਾ ਨੂੰ ਉਜਾਗਰ ਕਰਦੀ ਗੁਰਬਾਣੀ ‘ਤੇ ਅਧਾਰਿਤ ਚਰਚਾ, ਦਸਤਾਰ ਦੀ ਸਿੱਖ ਸਮਾਜ ਵਿਚ ਮਹੱਤਤਾ ਨੂੰ ਦਰਸਾਉਂਦਾ ਦਸਤਾਰਾਂ ਸਜਾਉਣ ਦਾ ਕੈਂਪ, ਰਵਾਇਤੀ ਸਿੱਖ ਸਾਜਾਂ ਨਾਲ ਗੁਰਬਾਣੀ ਦਾ ਮਨੋਹਰ ਕੀਰਤਨ ਸਮਾਗਮ ਦਾ ਵਿਸ਼ੇਸ਼ ਹਿੱਸਾ ਸਨ । ਇਸ ਦੌਰਾਨ ਵਿਦਿਅਕ ਤੇ ਸਮਾਜਿਕ ਪੱਧਰ ‘ਤੇ ਸਿੱਖ ਪਹਿਚਾਣ ਅਤੇ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕਤਾ ਨੂੰ ਕਿਵੇਂ ਅੱਗੇ ਵਧਾਉਣਾ ਹੈ ‘ਤੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ । ਜਿਸ ਵਿੱਚ ਬੋਲਦਿਆਂ ਕੈਪੀਲਾਨੋ ਯੂਨੀਵਰਸਿਟੀ ਦੇ ਲਾਇਬ੍ਰੇਰੀਅਨ ਜੋਸਲਿਨ ਰੋਪਰ ਹੈਲਮੈਨ ਨੇ ਕਿਹਾ ਕਿ ਮੈਂ ਕਦੇ ਵੀ ਲਾਇਬ੍ਰੇਰੀ ਵਿੱਚ ਇਸ ਤਰ੍ਹਾਂ ਦੀ ਸਾਰਥਕ ਮਿਲਣੀ ਅਤੇ ਖੋਜ ਭਰਪੂਰ ਵਿਸ਼ੇ ‘ਤੇ ਚਰਚਾ ਨਹੀਂ ਵੇਖੀ ਜੋ ਕਿ ਨੌਜਵਾਨਾਂ ਲਈ ਮਾਰਗ ਦਰਸ਼ਕ ਸਾਬਤ ਹੋਵੇਗੀ । ਡਿਜੀਟਲ ਅੰਬੈਸਡਰ ਵਿਦਿਆਰਥੀ ਪਰਨੀਤ ਕੌਰ ਨੇ ਕਿਹਾ ਕਿ ਇਹ ਸਮਾਗਮ ਸਮਾਜਿਕ ਆਦਰਸ਼ਾਂ ਨੂੰ ਕੇਵਲ ਸਿਖਾਉਣ ਲਈ ਨਹੀਂ ਬਲਕਿ ਆਏ ਹੋਏ ਮਹਿਮਾਨਾਂ ਤੋਂ ਕੁਝ ਨਾ ਕੁਝ ਸਿੱਖਣ ਲਈ ਵੀ ਹੈ ਜਿਸ ਵਜੋਂ ਇਹ ਸਮਾਗਮ ਨਵੀਆਂ ਪੈੜਾਂ ਸਿਰਜੇਗਾ। ਈਕੋ ਸਿੱਖ ਤੋਂ ਪੁੱਜੇ ਰਵਨੀਤ ਸਿੰਘ ਨੇ ਸਮਾਗਮ ਦੇ ਇਤਿਹਾਸਿਕ ਪੱਖ ਨੂੰ ਛੂੰਹਦਿਆਂ ਕਿਹਾ ਕਿ ਅੱਜ ਦਾ ਵਾਤਾਵਰਣ ਦਿਹਾੜਾ ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਵੀ ਸਮਰਪਿਤ ਹੈ ਕਿਉਂਕਿ ਉਹ ਵਾਤਾਵਰਣ ਵਿਚ ਪਾਏ ਅਹਿਮ ਯੋਗਦਾਨ ਲਈ ਵੀ ਜਾਣੇ ਜਾਂਦੇ ਹਨ। ਸਮਾਗਮ ਨੂੰ ਚੀਨੀ ਮੂਲ ਦੇ ਸਿੱਖ ਮਹਿਮਾਨ ਪੈਟ ਸਿੰਘ ਚੇਅੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਸਨੇ ਲੋਅਰ ਮੇਨਲੈਂਡ ਵਿੱਚ ਕਈ ਸਮਾਗਮ ਦੇਖੇ ਹਨ ਪਰ ਇਥੇ ਉਸਨੇ ਸਿੱਖ ਵਿਰਾਸਤ ਅਤੇ ਵਾਤਾਵਰਣ ਦਾ ਜੋ ਸੁਮੇਲ ਦੇਖਿਆ ਉਸਨੂੰ ਵੇਖ ਕੇ ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਨੌਜਵਾਨਾਂ ਦੀ ਇਸ ਪਹਿਲ ਕਦਮੀ ਨਾਲ ਜੁੜ ਕੇ ਕਲੱਬ ਦਾ ਸਹਿਯੋਗ ਕਰਨਾ ਚਾਹੀਦਾ ਹੈ। ਅਖੀਰ ਵਿੱਚ ਸੰਸਥਾਂ ਮੁਖੀ ਗੁਰਨੀਤ ਸਿੰਘ ਨੇ ਆਏ ਹੋਏ 250 ਤੋਂ ਵੱਧ ਮਹਿਮਾਨਾਂ ਅਤੇ 35 ਤੋਂ ਵੱਧ ਸਮਾਗਮ ਸੰਚਲਾਕਾਂ ਦਾ ਇਸ  ਭਾਈਚਾਰਕ ਸਾਂਝ ਨੂੰ ਦਰਸਾਂਦੇ ਸਮਾਗਮ ਦੀ ਸਫਲਤਾ ਲਈ ਵਧਾਈ ਦਿੰਦਿਆਂ ਸਕੂਲ ਆਫ ਥਾਟਸ ਸੰਸਥਾ ਵਲੋਂ  ਵਿਦਿਆਰਥੀਆਂ ਅਤੇ ਭਾਈਚਾਰਕ ਸਾਂਝ ਨੂੰ ਵਧਾਉਣ ਵਾਲੇ ਲੋਕਾਂ ਨੂੰ ਸਾਂਝੇ, ਟਿਕਾਉ, ਅੰਤਰ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੀਆਂ ਕੋਸ਼ਿਸ਼ਾਂ ਵਿਚ ਸ਼ਾਮਿਲ ਹੋਣ ਦਾ ਸਦਾ ਦਿੰਦਿਆਂ ਸਾਰਿਆਂ ਦਾ ਧੰਨਵਾਦ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਨੌਜਵਾਨਾਂ ਦੀ ਪ੍ਰਤਿਭਾ ਨਿਖਾਰੇਗਾ – ਲੈਕਚਰਾਰ ਗੁਰਿੰਦਰ ਸਿੰਘ ਕਡਿਆਣਾ
Next articleਖ਼ਾਲਸਾ ਪੰਥ ਦੀ ਸਾਜਨਾ ਤੇ ਇਸ ਦਾ ਪਿਛੋਕੜ