ਕੈਂਸਰ ਪੀੜਤਾਂ ਪ੍ਰਤੀ ਸਾਡੇ ਸਮਾਜ ਦਾ ਰਵੱਈਆ

ਬਰਜਿੰਦਰ ਕੌਰ ਬਿਸਰਾਓ
ਬਰਜਿੰਦਰ ਕੌਰ ਬਿਸਰਾਓ
(ਸਮਾਜ ਵੀਕਲੀ) ਰੋਗ ਤਾਂ ਕੋਈ ਵੀ ਹੋਵੇ ਮਾੜਾ ਹੀ ਹੁੰਦਾ ਹੈ ਪਰ ਜੇ ਕਿਸੇ ਵੀ ਰੋਗੀ ਨੂੰ ਦਿਲਾਸਾ ਦੇ ਕੇ ਉਸ ਨਾਲ ਹਮਦਰਦੀ ਦੇ ਨਾਲ ਨਾਲ ਉਸਾਰੂ ਵਿਚਾਰਾਂ ਦੀ ਚਰਚਾ ਕੀਤੀ ਜਾਵੇ ਤਾਂ ਉਸ ਦਾ ਦੁੱਖ ਘਟ ਕੇ ਅੱਧਾ ਰਹਿ ਜਾਂਦਾ ਹੈ ਪਰ ਜੇ ਕੋਈ ਉਸ ਦੇ ਰੋਗ ਨਾਲ ਸਬੰਧਤ ਦਿਲ ਢਾਹੁਣ ਵਾਲੀ ਚਰਚਾ ਕਰਕੇ ਚਲਿਆ ਜਾਵੇ ਤਾਂ ਰੋਗੀ ਦਾ ਰੋਗ ਦੁੱਗਣਾ ਹੋ ਜਾਂਦਾ ਹੈ ਕਿਉਂਕਿ ਉਸ ਦੇ ਮਨ ਵਿੱਚ ਹਮਦਰਦੀ ਜਤਾਉਣ ਆਏ ਲੋਕਾਂ ਦੇ ਵਿਚਾਰ ਬਹੁਤ ਦੇਰ ਤੱਕ ਘੁੰਮਦੇ ਰਹਿੰਦੇ ਹਨ ਤੇ ਉਹ ਚਰਚਾ ਕੀਤੀਆਂ ਗਈਆਂ ਘਟਨਾਵਾਂ ਨੂੰ ਆਪਣੇ ਨਾਲ ਜੋੜ ਕੇ ਸੋਚਦਾ ਰਹਿੰਦਾ ਹੈ। ਪਿਛਲੇ ਕੁਝ ਮਹੀਨਿਆਂ ਤੋਂ  ਮੈਂ ਵੀ ਕੁੱਝ ਇਸੇ ਤਰ੍ਹਾਂ ਦੀਆਂ ਪ੍ਰਸਥਿਤੀਆਂ ਵਿੱਚੋਂ ਗੁਜ਼ਰ ਰਹੀ ਹਾਂ। ਦਰ ਅਸਲ ਪਹਿਲਾਂ ਕਦੇ ਕਦਾਈਂ ਸਾਲ ਦੋ ਸਾਲ ਬਾਅਦ ਬੁਖ਼ਾਰ ਹੋ ਜਾਣਾ ਤਾਂ ਥੋੜ੍ਹੀ ਬਹੁਤ ਦਵਾਈ ਖਾ ਕੇ ਅਰਾਮ ਆ ਜਾਂਦਾ ਸੀ ,ਪਰ ਇਸੇ ਸਾਲ ਦੇ ਮਾਰਚ ਮਹੀਨੇ ਦੇ ਅਖੀਰਲੇ ਹਫ਼ਤੇ ਵਿੱਚ ਅਜਿਹਾ ਬੁਖ਼ਾਰ ਚੜ੍ਹਿਆ ਕਿ ਦੋ ਮਹੀਨੇ ਤੱਕ ਅਨੇਕਾਂ ਟੈਸਟ ਕਰਵਾਕੇ ਵੀ ਦੋ ਤਿੰਨ ਡਾਕਟਰਾਂ ਦੇ ਹੱਥ ਪੱਲੇ ਕੁਝ ਨਾ ਪਿਆ ਤਾਂ ਆਖ਼ਰ ਪਤੀ ਵੱਲੋਂ ਨਾਮੀ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ। ਉੱਥੇ ਵੀ ਦਸ ਦਿਨ ਤੱਕ ਮਾਹਿਰ ਡਾਕਟਰ ਵੱਲੋਂ ਕਾਫ਼ੀ ਜੱਦੋ ਜਹਿਦ ਕੀਤੀ ਗਈ, ਫਿਰ ਉਹਨਾਂ ਵੱਲੋਂ ਲੰਮੇ ਸਮੇਂ ਦਾ ਬੁਖਾਰ ਹੋਣ ਤੇ ਕੁਝ ਸ਼ੱਕ ਪਿਆ ਤਾਂ ਮੇਰੇ ਵੱਡੇ ਤੋਂ ਵੱਡੇ ਟੈਸਟ ਕੀਤੇ ਗਏ ਜਿਸ ਵਿੱਚ ਉਹਨਾਂ ਨੂੰ ਮੇਰੇ ਅੰਦਰ ਕੈਂਸਰ ਹੋਣ ਦੇ ਸੰਕੇਤ ਮਿਲੇ। ਬਾਇਓਪਸੀ ਤੋਂ ਬਾਅਦ ਸਾਫ਼ ਹੋ ਗਿਆ ਕਿ ਮੈਂ ਲਾਇੰਫੋਮਾ ਨਾਂ ਦੀ ਬੀਮਾਰੀ ਦੀ ਦੂਜੀ ਸਟੇਜ ਨਾਲ਼ ਪੀੜਤ ਹਾਂ ਜੋ ਇੱਕ ਤਰ੍ਹਾਂ ਦਾ ਕੈਂਸਰ ਹੀ ਹੁੰਦਾ ਹੈ ਪਰ ਉਹ ਪੂਰੀ ਤਰ੍ਹਾਂ ਇਲਾਜ ਵਰਧਕ ਹੁੰਦਾ ਹੈ। ਫੇਰ ਮੇਰਾ ਕੇਸ ਮੈਡੀਸਿਨ ਤੋਂ ਔਨਕੌਲੋਜੀ ਵੱਲ ਸ਼ਿਫਟ ਹੋ ਗਿਆ।ਘਰ ਦੇ ਚਾਹੇ ਮੇਰੇ ਤੋਂ ਕਈ ਗੱਲਾਂ ਛੁਪਾ ਰਹੇ ਸਨ ਪਰ ਮੈਨੂੰ ਸਭ ਕੁਝ ਸਮਝ ਆ ਰਿਹਾ ਸੀ।ਹਰ ਇੱਕ ਪਲ ਮੇਰੇ ਲਈ ਅਸਹਿ ਸੀ। ਮੇਰਾ ਬੇਟਾ ਬਹੂ ਅਮਰੀਕਾ ਤੋਂ ਮੈਨੂੰ ਰੋਜ਼ ਫੋਨ ਕਰਕੇ ਬਹੁਤ ਹੌਸਲਾ ਤੇ ਦਿਲਾਸਾ ਦੇ ਰਹੇ ਸਨ ਜੋ ਮੇਰੇ ਲਈ ਕਿਸੇ ਟੌਨਿਕ ਤੋਂ ਘੱਟ ਨਹੀਂ ਸੀ।
         ਮੈਂ ਕੀਮੋਥੈਰੇਪੀ ਤੋਂ ਬਹੁਤ ਡਰਦੀ ਸੀ ਕਿਉਂਕਿ ਸੁਣਿਆ ਹੋਇਆ ਸੀ ਕਿ ਇਹ ਇਲਾਜ ਬਹੁਤ ਦੁਖਦਾਇਕ ਹੁੰਦਾ ਹੈ,ਇਸ ਨਾਲ ਸਿਰ ਦੇ ਸਾਰੇ ਵਾਲ ਉਤਰ ਜਾਂਦੇ ਹਨ ਤੇ ਸਰੀਰ ਵਿੱਚ ਹੋਰ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਹਨ। ਹਰੇਕ ਔਰਤ ਲਈ ਉਸ ਦੇ ਵਾਲ਼ ਸਭ ਤੋਂ ਪਿਆਰੀ ਚੀਜ਼ ਹੁੰਦੀ ਹੈ ਕਿਉਂਕਿ ਉਹਨਾਂ ਨਾਲ਼ ਹੀ ਔਰਤ ਦੀ ਸੁੰਦਰਤਾ ਨੂੰ ਚਾਰ ਚੰਨ ਲੱਗਦੇ ਹਨ।ਜਿਸ ਦਿਨ ਔਨਕੌਲੋਜੀ ਡਾਕਟਰ ਕੋਲੋਂ ਇਲਾਜ ਸ਼ੁਰੂ ਹੋਣਾ ਸੀ, ਡਾਕਟਰ ਦੇ ਸਾਹਮਣੇ ਬੈਠੀ ਮੈਂ ਸਿਰਫ਼ ਪਰਮਾਤਮਾ ਦਾ ਲੜ ਫੜੀ ਬੈਠੀ ਸੀ, ਡਾਕਟਰ ਨੇ ਜਦ ਕਿਹਾ ਕਿ ਤੁਹਾਨੂੰ ਬਾਰਾਂ ਕੀਮੋ ਇੰਜੈਕਸ਼ਨ ਲੱਗਣਗੇ, ਛੇਤੀ ਤੋਂ ਛੇਤੀ ਇਲਾਜ ਸ਼ੁਰੂ ਕਰੋ। ਪਰਮਾਤਮਾ ਦਾ ਲੜ ਛੁੱਟ ਕੇ ਦਿਮਾਗ਼ ਵਿੱਚ ਕੀਮੋ,ਕੀਮੋ ਗੂੰਜਣ ਲੱਗੀ ,ਬਾਹਰ ਨਿਕਲ਼ੇ ਤਾਂ ਮੇਰੇ ਪਤੀ ਆਖਣ ਲੱਗੇ,”ਲੈ….. ਤੂੰ ਤਾਂ ਐਵੇਂ ਘਬਰਾਈ ਜਾਂਦੀ ਸੀ….. ਸਿਰਫ਼ ਬਾਰਾਂ ਇੰਜੈਕਸ਼ਨ ਲੱਗਣੇ ਨੇ….!” ਮੈਂ ਨਾਲ਼ ਤੁਰੀ ਜਾਂਦੀ ਅੱਖਾਂ ਵਿੱਚੋਂ ਪਾਣੀ ਦੀਆਂ ਧਾਰਾਂ ਵਹਿਣ ਤੋਂ ਰੋਕ ਰਹੀ ਸੀ ਤੇ ਗਲੇਡੂ ਭਰੇ ਹੋਣ ਕਾਰਨ ਕੁਝ ਬੋਲਿਆ ਵੀ ਨਹੀਂ ਜਾ ਰਿਹਾ ਸੀ। ਮੈਂ ਕਾਰ ਵਿੱਚ ਬੈਠ ਕੇ ਫੁੱਟ ਫੁੱਟ ਕੇ ਰੋਈ ਤਾਂ ਮੇਰੇ ਪਤੀ ਨੇ ਫ਼ਿਰ ਮੈਨੂੰ ਕਿਹਾ,” ਤੂੰ ਸੋਚ….. ਆਪਾਂ ਕਿੰਨੇ ਲੱਕੀ ਹਾਂ….. ਜਿਹਨਾਂ ਨੂੰ ਸਮੇਂ ਤੇ ਪਤਾ ਲੱਗ ਗਿਆ…. ਜੇ ਬੁਖਾਰ ਠੀਕ ਕਰਕੇ ਹੀ ਛੁੱਟੀ ਕਰ ਦਿੰਦੇ….?”
ਮੈਂ ਕਿਹਾ,” ਨਹੀਂ…. ਮੈਂ ਡਰ ਕੇ ਨਹੀਂ ਰੋ ਰਹੀ…. ਮੈਂ ਆਪਣੇ ਆਪ ਦੇ ਅੰਦਰੋਂ ਗੁਬਾਰ ਬਾਹਰ ਕੱਢ ਕੇ…… ਜ਼ਿੰਦਗੀ ਦੀ ਅਗਲੀ ਜੰਗ ਲੜਨ ਲਈ ਤਿਆਰ ਹੋ ਰਹੀ ਹਾਂ….।”
      ਕੀਮੋਥੈਰੇਪੀ ਸ਼ੁਰੂ ਹੋ ਗਈ, ਸਿਹਤ ਕੁਝ ਵੀ ਕਰਨ ਨੂੰ ਇਜਾਜ਼ਤ ਨਹੀਂ ਦੇ ਰਹੀ ਸੀ। ਇੱਕ ਲੇਖਕ ਲਈ ਲਿਖਣਾ ਛੁੱਟ ਜਾਵੇ,ਇਸ ਤੋਂ ਦੁਖਦਾਈ ਗੱਲ ਕੀ ਹੋ ਸਕਦੀ ਹੈ…? ਇਸ ਦਾ ਅੰਦਾਜ਼ਾ ਹੋਰ ਕੋਈ ਨਹੀਂ ਲਗਾ ਸਕਦਾ। ਇੱਕ ਦੋ ਰੇਡੀਓ ਸਟੇਸ਼ਨਾਂ ਤੋਂ,ਟੀ ਵੀ ਤੋਂ ਟਾਕ ਸ਼ੋਜ਼ ਲਈ ਕਾਲਾਂ ਆਈਆਂ,ਕਈ ਸਮਾਚਾਰ ਪੱਤਰ ਤੋਂ ਆਰਟੀਕਲ ਨਾ ਭੇਜਣ ਦੇ ਕਾਰਨ ਲਈ ਕਾਲਾਂ ਆਈਆਂ,ਉਹਨਾਂ ਸਭ ਨੂੰ ਅਸਮਰਥ ਹੋਣ ਦਾ ਅਸਲੀ ਕਾਰਨ ਦੱਸਿਆ। ਹੁਣ ਮੇਰੇ ਕੈਂਸਰ ਪੀੜਤ ਹੋਣ ਦੀ ਗੱਲ ਕੁਝ ਦਿਨ ਛੁਪਾ ਕੇ ਰੱਖੀ ਸਭ ਨੂੰ ਬੁਖ਼ਾਰ ਵਾਲੀ ਕਹਾਣੀ ਹੀ ਪਤਾ ਸੀ ਪਰ ਕੁਝ ਸਮੇਂ ਬਾਅਦ ਇੱਕ ਰਿਸ਼ਤੇਦਾਰ ਤੋਂ ਗੱਲ ਇੱਕ ਦੋ ਦਿਨਾਂ ਵਿੱਚ ਹੀ ਜੰਗਲ ਦੀ ਅੱਗ ਵਾਂਗ ਫੈਲ ਗਈ। ਰਿਸ਼ਤੇਦਾਰਾਂ ਦੇ ਫੋਨ ਆਉਣ ਲੱਗੇ। ਮੇਰੀਆਂ ਦੋ ਸਹੇਲੀਆਂ ਨੂੰ ਮੈਂ ਆਪ ਹੀ ਦੱਸ ਦਿੱਤਾ ਸੀ। ਉਹਨਾਂ ਨੇ ਮੈਨੂੰ ਬਹੁਤ ਹੌਸਲਾ ਦੇਣਾ ਵਧੀਆ ਵਧੀਆ ਗੱਲਾਂ ਕਰਕੇ ਦੱਸਣਾ ਕਿ ਮੈਡਮ ਤੁਸੀਂ ਬਹੁਤ ਹੌਸਲੇ ਵਾਲੇ ਹੋ,ਤੁਹਾਡੇ ਲਈ ਕੋਈ ਖਾਸ ਗੱਲ ਨਹੀਂ, ਸਭ ਠੀਕ ਹੋ ਜਾਣਾ। ਉਸਨੇ ਮੈਨੂੰ ਚੰਗੀ ਖੁਰਾਕ ਖਾਣ ਲਈ ਨਸੀਹਤ ਦਿੰਦੇ ਰਹਿਣਾ।
           ਮੈਨੂੰ ਮੇਰੇ ਰਿਸ਼ਤੇਦਾਰ ਔਰਤ ਦਾ ਫ਼ੋਨ ਆਇਆ,”ਹੈਲੋ …..ਕੀ ਹੋਇਆ….ਲੈ ਮੈਨੂੰ ਤਾਂ ਕੱਲ੍ਹ ਹੀ ਪਤਾ ਲੱਗਿਆ….. ਫ਼ਲਾਣੇ (ਕਿਸੇ ਦਾ ਨਾਂ ਲੈ ਕੇ) ਨੇ ਦੱਸਿਆ ਕਿ ਤੈਨੂੰ ਤਾਂ ਉਹ ਬੀਮਾਰੀ ਹੋ ਗਈ ਹੈ ਜੀਹਦਾ ਨਾਂ ਵੀ ਨੀ ਲਈਦਾ…… ਆਪਣੀ ਫਲਾਣੀ (ਨਾਂ)ਦੀ ਮਾਂ ਸੀ,ਜਵਾਨ ਪਈ ਸੀ…..ਇਸੇ ਬਿਮਾਰੀ ਨਾਲ ਮਰੀ ਸੀ…… ਮੇਰੇ ਭਰਾ ਦਾ ਸਹੁਰਾ ਵੀ ਇਸੇ ਬੀਮਾਰੀ ਨਾਲ਼ ਮਰਿਆ ਸੀ….. ਤੇਰੇ ਸਿਰ ਦੇ ਵਾਲ ਝੜ ਗਏ…? ਉਹਨਾਂ ਦੇ ਤਾਂ ਝੜ ਗਏ ਸੀ…..!”
“ਸਤਿ ਸ੍ਰੀ ਆਕਾਲ ਜੀ….!” ਕਹਿਕੇ ਮੈਂ ਫੋਨ ਕੱਟ ਦਿੱਤਾ।
ਇਸੇ ਤਰ੍ਹਾਂ ਦੇ ਹੋਰ ਕਈ ਜਾਣ ਪਹਿਚਾਣ ਵਾਲਿਆਂ ਦੇ ਫੋਨ ਆਏ। ਪਰ ਮੇਰੇ ਦੂਰ ਦੀ ਰਿਸ਼ਤੇਦਾਰ ਜੇਠਾਣੀ ਦਾ ਫ਼ੋਨ ਆਇਆ,ਉਸ ਨੇ ਮੇਰਾ ਹਾਲ ਚਾਲ ਪੁੱਛਿਆ ਤੇ ਮੈਨੂੰ ਹੌਸਲਾ ਦਿੰਦੇ ਆਖ਼ਣ ਲੱਗੀ,” ਅੱਜ ਕੱਲ੍ਹ ਇਸ ਬੀਮਾਰੀ ਦਾ ਇਲਾਜ ਹੋ ਜਾਂਦਾ…… ਅੱਜ ਕੱਲ੍ਹ ਸਾਰੇ ਲੋਕ ਤਕਰੀਬਨ ਠੀਕ ਹੋ ਜਾਂਦੇ ਨੇ…… ਤੂੰ ਵੀ ਘਬਰਾਈਂ ਨਾ…..ਤੇਰਾ ਤਾਂ ਇਲਾਜ ਵੀ ਐਨੇ ਵੱਡੇ ਹਸਪਤਾਲ ਵਿੱਚ ਹੋ ਰਿਹਾ……ਸਭ ਠੀਕ ਹੋ ਜਾਣਾ…..।”
ਉਸ ਦੇ ਇਹਨਾਂ ਚਾਰ ਹੌਸਲੇ ਭਰੇ ਬੋਲਾਂ ਨੇ ਉਸ ਦੀ ਅਨਪੜ੍ਹਤਾ ਛੁਪਾ ਕੇ ਸਮਝਦਾਰੀ ਦਾ ਸਬੂਤ ਦੇ ਦਿੱਤਾ।
        ਮੇਰੀ ਤੀਜੀ ਕੀਮੋਥੈਰੇਪੀ ਤੋਂ ਬਾਅਦ ਬੈਠੀ ਸੋਚ ਰਹੀ ਸੀ ਕਿ ਸਾਡੇ ਸਮਾਜ ਵਿੱਚ ਬਹੁਤੇ ਲੋਕਾਂ ਦੀ ਕੈਂਸਰ ਪੀੜਤਾਂ ਪ੍ਰਤੀ ਸੋਚ ਬਦਲਣ ਦੀ ਵੱਡੀ ਲੋੜ ਹੈ ਕਿਉਂਕਿ ਜਿਸ ਸਮੇਂ ਪੀੜਤ ਕਈ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਵਿੱਚੋਂ ਨਿਕਲ ਰਿਹਾ ਹੁੰਦਾ ਹੈ ਤਾਂ ਇਹੋ ਜਿਹੇ ਪਾਤਰ ਮਜ਼ਬੂਤ ਤੋਂ ਮਜ਼ਬੂਤ ਮਨ ਵਾਲ਼ੇ ਵਿਅਕਤੀ ਦਾ ਹੌਸਲਾ ਢਹਿ ਢੇਰੀ ਕਰਨ ਦੀ ਕੋਈ ਕਸਰ ਨਹੀਂ ਛੱਡਦੇ ।  ਜਦ ਕਿ ਹਸਪਤਾਲ ਵਿੱਚ ਜਾ ਕੇ ਪਤਾ ਲੱਗਦਾ ਹੈ ਕਿ ਬਾਕੀ ਬੀਮਾਰੀਆਂ ਦੇ ਮੁਕਾਬਲੇ ਔਨਕੌਲੋਜੀ (ਕੈਂਸਰ) ਸਪੈਸ਼ਲਿਸਟ ਅੱਗੇ ਜ਼ਿਆਦਾ ਮਰੀਜ਼ ਬੈਠੇ ਹੁੰਦੇ ਹਨ। ਉਹਨਾਂ ਵਿੱਚੋਂ ਕਈ ਠੀਕ ਹੋਣ ਤੋਂ ਬਾਅਦ ਰੈਗੂਲਰ ਚੈੱਕਅਪ ਲਈ ਆਏ ਹੁੰਦੇ ਹਨ, ਉਹਨਾਂ ਨੂੰ ਵੇਖ ਕੇ ਮੇਰੇ ਵਰਗੇ ਸ਼ੁਰੂਆਤੀ ਇਲਾਜ ਵਾਲਿਆਂ ਨੂੰ ਵੀ ਹੌਸਲਾ ਮਿਲਦਾ ਹੈ। ਸਾਡੇ ਕਿੰਨੇ ਵੱਡੇ ਵੱਡੇ ਫਿਲਮ ਜਗਤ ਦੇ ਸਿਤਾਰੇ, ਕ੍ਰਿਕਟ ਜਗਤ ਦੇ ਸਿਤਾਰੇ ਅਤੇ ਹੋਰ ਕਈ ਸੈਲੀਬ੍ਰਿਟੀਆਂ ਨੇ ਇਸ ਬੀਮਾਰੀ ਰੂਪੀ ਜੰਗ ਉੱਤੇ ਫਤਹਿ ਪਾ ਕੇ ਤੰਦਰੁਸਤ ਹੋਏ ਹਨ,ਉਹ ਬਾਕੀ ਮਰੀਜ਼ਾਂ ਲਈ ਵੀ ਪ੍ਰੇਰਨਾ ਸਰੋਤ ਹਨ।ਜੇ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਤਾਂ ਉਹਨਾਂ ਦੀਆਂ ਉਦਾਹਰਨਾਂ ਦੇ ਕੇ ਮਰੀਜ਼ ਅੰਦਰ ਸਾਕਾਰਾਤਮਕ ਸੋਚ ਪੈਦਾ ਕਰ ਸਕਦੇ ਹੋ ਜੋ ਸ਼ਾਇਦ ਦਵਾਈ ਨਾਲੋਂ ਵੱਧ ਅਸਰ ਕਰੇਗਾ।  ਜਿੱਥੇ ਕੈਂਸਰ ਦੇ ਮਰੀਜ਼ਾਂ ਨੂੰ ਸਕਾਰਾਤਮਕ ਸੋਚ ਰੱਖਣ ਲਈ ਪ੍ਰੇਰਿਆ ਜਾਂਦਾ ਹੈ ਇਸੇ ਤਰ੍ਹਾਂ ਸਾਡੇ ਸਮਾਜ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਿ ਹੁਣ ਇਲਾਜ ਸੰਭਵ ਹੈ ,ਜਿਸ ਤਰ੍ਹਾਂ ਬਾਕੀ ਬੀਮਾਰੀਆਂ ਦੇ ਮਰੀਜ਼ ਤੰਦਰੁਸਤ ਹੋ ਜਾਂਦੇ ਹਨ ਇਸ ਬੀਮਾਰੀ ਦੇ ਇਲਾਜ ਵੀ ਸੰਭਵ ਹਨ।
          ਇੱਕ ਗੱਲ ਜ਼ਰੂਰ ਹੈ ਕਿ ਇਸ ਬੀਮਾਰੀ ਦੇ ਵਧਦੇ ਹੋਏ ਮਰੀਜ਼ਾਂ ਦੀ ਗਿਣਤੀ ਵੇਖ ਕੇ ਮਨ ਵਿੱਚ ਸੋਚ ਪੈਦਾ ਹੁੰਦੀ ਹੈ ਕਿ ਇਹ ਸਭ ਕੁਝ ਮਨੁੱਖ ਵੱਲੋਂ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ ਕਾਰਨ ਹੀ ਹੋ ਰਿਹਾ ਹੈ ਜਾਂ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ ਕਰਨ ਦਾ ਅਸਰ ਹੈ,ਇਹ ਸੋਚਣ ਦਾ ਵਿਸ਼ਾ ਜ਼ਰੂਰ ਹੈ,ਨਹੀਂ ਤਾਂ ਸਵੇਰੇ ਪੰਜ ਵਜੇ ਤੋਂ ਉੱਠ ਕੇ ਸੈਰ ਕਰਨ ਵਾਲੇ,ਯੋਗਾ ਕਰਨ ਵਾਲੇ ਅਤੇ ਮੈਡੀਟੇਸ਼ਨ ਕਰਨ ਵਾਲੇ ਮੇਰੇ ਵਰਗੇ ਵਿਅਕਤੀ ਨੂੰ ਇਹ ਰੋਗ ਹੋ ਸਕਦਾ ਹੈ ਤਾਂ ਹੋਰ ਕਿਵੇਂ ਸੁਰੱਖਿਅਤ ਰਿਹਾ ਜਾਵੇ। ਪਰ ਜੋ ਵੀ ਹੈ ਸਮਾਂ ਰਹਿੰਦੇ ਸਾਡੇ ਸਮਾਜ ਨੂੰ ਇਸ ਰੋਗ ਪ੍ਰਤੀ ਜਾਗਰੂਕਤਾ ਅਤੇ ਪੀੜਤਾਂ ਪ੍ਰਤੀ ਢਹਿੰਦੀ ਕਲਾ ਵਾਲ਼ੀ ਸੋਚ ਬਦਲਣ ਦੀ ਲੋੜ ਹੈ ਕਿਉਂਕਿ ਹੁਣ ਕੈਂਸਰ ਵਿਗਿਆਨ ਦਾ ਨਾਅਰਾ ਹੈ “Together we are stronger than cancer”.
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਰਬੱਤ ਦਾ ਭਲਾ’ ਟਰੱਸਟ ਵੱਲੋਂ ਲੋੜਵੰਦ ਲਈ ਮਕਾਨ ਦਾ ਕੰਮ ਸ਼ੁਰੂ
Next articleਡੈਮੋਕ੍ਰੇਟਿਕ ਟੀਚਰਜ਼ ਫਰੰਟ ਕਪੂਰਥਲਾ ਦਾ ਜ਼ਿਲ੍ਹਾ ਚੋਣ ਇਜਲਾਸ ਸਫਲਤਾ ਪੂਰਵਕ ਸੰਪੰਨ