ਕਨੇਡੀਅਨ ਪੰਜਾਬੀਆਂ ਦੇ ਪੰਜਾਬ ਵਿੱਚ ਪੰਜਾਬੀ ਨੂੰ ਪੁਨਰ ਸਰਜੀਤ ਕਰਨ ਦੇ ਸੁਪਨੇ ਨੂੰ ਬੂਰ ਪੈਣਾ ਸ਼ੁਰੂ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰ ‘ਚ ਕੀਤੇ ਚੌਥੇ ਸਮਾਗਮ ਚੋਂ ਨਿਕਲਿਆ ਸਿੱਟਾ 
ਬੰਗਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸੱਲ ਕਲਾਂ ਤਹਿਸੀਲ ਬੰਗਾ ਦਾ ਇੱਕ ਛੋਟਾ ਜਿਹਾ ਪਿੰਡ ਹੈ। ਮੁਸ਼ਕਿਲ ਨਾਲ ਚਾਰ ਪੰਜ ਸੌ ਘਰਾਂ ਦਾ। ਇੱਥੋਂ ਦੇ ਸਾਬਕਾ ਧੜੱਲੇਦਾਰ ਸਰਪੰਚ ਦੇ ਪੰਜ ਪੁੱਤਰ ਅੱਜ ਕੱਲ੍ਹ ਕਨੇਡਾ ਦੇ ਵਸਨੀਕ ਹਨ। ਇਧਰ ਵਾਂਗ, ਪੰਜਾਂ ਨੇ ਹੱਡ ਭੰਨਵੀਂ ਮਿਹਨਤ ਕਰਕੇ ਉਧਰ ਵੀ ਪੂਰੇ ਸੁੱਖ ਸਾਧਨ ਜੁਟਾ ਲਏ ਹਨ।
ਰੋਟੀ ਟੁੱਕ ਦੇ ਫਿਕਰ ਤੋਂ ਵਿਹਲੇ ਹੋ ਕੇ ਹੁਣ ਸਾਰੇ ਭਰਾਵਾਂ ਨੇ ਆਪਣੇ ਪਿਆਰੇ ਪੰਜਾਬ ਦੇ ਮਸਲਿਆਂ, ਖ਼ਾਸ ਕਰ ਇੱਥੋਂ ਹੋ ਰਹੇ ਪੰਜਾਬੀ ਦੇ ਦੇਸ ਨਿਕਾਲੇ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਹੋਇਆ ਹੈ।
ਪਰਿਵਾਰ ਦੇ ਵੱਡੇ ਮੈਂਬਰ ਕਿਰਪਾਲ ਸਿੰਘ ਗਰਚਾ ਦੀ ਉਸ ਸਮੇਂ ਆਤਮਾ ਬਲੂੰਦਰੀ ਗਈ ਜਦੋਂ ਸਾਲ 2015 ਵਿੱਚ, ਆਪਣੇ ਕਿਸੇ ਨਿੱਜੀ ਕੰਮ ਲਈ ਉਹ ਮਿਉਂਸਪਲ ਕਮੇਟੀ ਬੰਗਾ ਦੇ ਦਫ਼ਤਰ ਗਏ। ਉਨਾਂ ਨੇ ਦੇਖਿਆ ਕਿ ਕਮੇਟੀ ਦੇ ਵਾਹਨਾਂ ਤੇ ਪੰਜਾਬੀ ਵਿੱਚ ਲਿਖੇ ਸ਼ਬਦਾਂ ਨੂੰ ਮਿਟਾ ਕੇ ਹਿੰਦੀ ਲਿਖੀ ਜਾ ਰਹੀ ਹੈ। ਆਪਣਾ ਵਿਰਾਟ ਰੂਪ ਦਿਖਾ ਕੇ ਉਨਾਂ ਨੇ ਕਮੇਟੀ ਦੇ ਅਧਿਕਾਰੀਆਂ ਨਾਲ ਗੱਲ ਕਰਕੇ,  ਇਹ ਪੰਜਾਬੀ ਭਾਸ਼ਾ ਵਿਰੋਧੀ ਵਰਤਾਰਾ ਰੋਕਿਆ।
ਕਨੇਡਾ ਵਾਪਸ ਜਾ ਕੇ ਉਨ੍ਹਾਂ ਨੇ ਆਪਣੀ ਇਹ ਚਿੰਤਾ ਆਪਣੇ ਸਮਾਜ ਸੇਵੀ ਮਿੱਤਰਾਂ ਨਾਲ ਸਾਂਝੀ ਕੀਤੀ।
ਸੋਚ ਵਿਚਾਰ ਬਾਅਦ ਇਹਨਾਂ ਮਿੱਤਰਾਂ ਨੇ ‘ਪੰਜਾਬ ਵਿੱਚ ਪੰਜਾਬੀ ਨੂੰ ਦਰਪੇਸ਼ ਸਮੱਸਿਆਵਾਂ’ ਨੂੰ ਸਮਝਣ ਅਤੇ ਕਨੇਡਾ ਵਸਦੇ ਪੰਜਾਬੀਆਂ ਵਿੱਚ ਮਾਂ ਬੋਲੀ ਪੰਜਾਬੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸਾਲ 2018 ਵਿੱਚ ਕਨੇਡਾ ਦੇ ਚਾਰ ਪੰਜਾਬੀ ਵਸੋਂ ਵਾਲੇ ਵੱਡੇ ਸ਼ਹਿਰਾਂ (ਵੈਨਕੂਵਰ, ਐਡਮਿੰਟਨ, ਕੈਲਗਰੀ ਅਤੇ ਵਿਨੀਪਿਗ) ਵਿੱਚ ਸਮਾਗਮ ਰੱਖੇ। ਉਸ ਸਮਾਗਮ ਵਿੱਚ ਅਮਰੀਕਾ, ਕਨੇਡਾ, ਪਾਕਿਸਤਾਨ ਅਤੇ ਭਾਰਤ ਤੋਂ ਪੰਜਾਬੀ ਭਾਸ਼ਾ ਲਈ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੇ ਕਾਰਕੁਨਾਂ ਨੂੰ ਸੱਦਾ ਦਿੱਤਾ ਗਿਆ। ਪੰਜਾਬ ਤੋਂ ਇਹ ਸਨਮਾਨ ਮਿੱਤਰ ਸੈਨ ਮੀਤ ਅਤੇ ਮਹਿੰਦਰ ਸਿੰਘ ਸੇਖੋਂ ਦੀ ਝੋਲੀ ਪਿਆ।
ਸਮੁੰਦਰ ਮੰਥਨ ਬਾਅਦ ਫ਼ੈਸਲਾ ਹੋਇਆ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਕੰਮ ਕਰਨ ਲਈ ਇੱਕ ਅਜਿਹੀ ਸੰਸਥਾ ਦੀ ਸਥਾਪਨਾ ਕੀਤੀ ਜਾਵੇ ਜਿਸ ਦੀਆਂ ਜੜ੍ਹਾਂ ਸਾਰੀ ਦੁਨੀਆ ਵਿੱਚ ਹੋਣ। ਇਸ ਸੰਸਥਾ ਨੂੰ ‘ਪੰਜਾਬੀ ਭਾਸ਼ਾ ਪਸਾਰ ਭਾਈਚਾਰਾ’ ਦਾ ਨਾਂ ਦਿੱਤਾ ਗਿਆ। ਪੰਜਾਬ ਵਿੱਚ ਇਸ ਸੰਸਥਾ ਲਈ ਕੰਮ ਕਰਨ ਦੀ ਜਿੰਮੇਵਾਰੀ ਮਿੱਤਰ ਸੈਨ ਮੀਤ ਅਤੇ ਮਹਿੰਦਰ ਸਿੰਘ ਸੇਖੋਂ ਨੂੰ ਸੌਂਪੀ ਗਈ। ਵਿਦੇਸ਼ਾਂ ਵਿੱਚ ਇਕਾਈਆਂ ਸਥਾਪਿਤ ਕਰਨ ਦੀ ਜਿੰਮੇਵਾਰੀ ਕਨੇਡਾ ਦੇ ਸੀਨੀਅਰ ਪੱਤਰਕਾਰ  ਸ੍ਰ ਕੁਲਦੀਪ ਸਿੰਘ ਨੂੰ ਦਿੱਤੀ ਗਈ। ਕੁਲਦੀਪ ਸਿੰਘ ਹੋਰਾਂ ਦੇ ਯਤਨਾਂ ਸਦਕਾ ਅੱਜ ਦੁਨੀਆਂ ਦੇ 18 ਦੇਸ਼ਾਂ ਵਿੱਚ 25 ਦੇ ਲਗਭਗ ਸਰਗਰਮ ਇਕਾਈਆਂ ਹਨ।
ਪੰਜਾਬ ਆਉਂਦਿਆਂ ਹੀ ਮਿੱਤਰ ਸੈਨ ਮੀਤ ਅਤੇ ਮਹਿੰਦਰ ਸਿੰਘ ਸੇਖੋਂ ਨੇ 13 ਜ਼ਿਲ੍ਹਿਆਂ ਅਤੇ ਪੰਜ ਤਹਿਸੀਲਾਂ ਵਿੱਚ ਭਾਈਚਾਰੇ ਦੀਆਂ ਇਕਾਈਆਂ ਸਥਾਪਿਤ ਕੀਤੀਆਂ। ਦਿਨ ਰਾਤ ਕੰਮ ਕਰਕੇ, ਪੰਜਾਬ ਵਿੱਚ ਵਸਦੇ ਪੰਜਾਬੀਆਂ ਨੂੰ,  ‘ਪੰਜਾਬੀ ਨੂੰ ਦਰਪੇਸ਼ ਅਸਲ ਸਮੱਸਿਆਵਾਂ’ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਜੱਦੋ ਜਹਿਦ ਦੇ ਸਾਰਥਕ ਸਿੱਟੇ ਨਿਕਲ ਰਹੇ ਹਨ। ਇਹਨਾਂ ਸਿੱਟਿਆਂ ਵਿੱਚੋਂ ਸਭ ਤੋਂ ਵੱਧ ਜ਼ਿਕਰਯੋਗ ਹੈ ਪੰਜਾਬ ਦੇ ਨਿੱਜੀ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਨੂੰ ਦਸਵੀਂ ਜਮਾਤ ਤੱਕ ਲਾਜ਼ਮੀ ਕਰਵਾਉਣਾ।
ਇਸੇ ਜਾਗਰੂਕ ਲਹਿਰ ਦੇ ਹਿੱਸੇ ਵਜੋਂ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ‘ਪੰਜਾਬੀ ਭਾਸ਼ਾ ਸਿੱਖਣੀ ਕਿਉਂ ਜਰੂਰੀ ਹੈ?’  ਵਿਸ਼ੇ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਉਨ੍ਹਾਂ  ਵਿਦਿਆਰਥੀਆਂ ਨੂੰ ਵੀ ਉਤਸ਼ਾਹਿਤ/ਸਨਮਾਨਿਤ ਕੀਤਾ ਜਾ ਰਿਹਾ ਹੈ ਜਿਹੜੇ ਪੰਜਾਬੀ ਸਾਹਿਤ ਸਿਰਜਣ, ਸ਼ੁੱਧ ਉਚਾਰਨ, ਗਾਇਨ ਅਤੇ ਸੁੰਦਰ ਲਿਖਾਈ ਰਾਹੀਂ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਵਿੱਚ ਪ੍ਰਸ਼ੰਸਾਯੋਗ ਯੋਗਦਾਨ ਪਾ ਰਹੇ ਹਨ।
 ਇਸ ਲੜੀ ਦਾ ਚੌਥਾ ਸਮਾਗਮ ਸਰਕਾਰੀ ਸਕੈਡੰਰੀ ਸਕੂਲ ਗੋਬਿੰਦਪੁਰ ਵਿੱਚ ਕੀਤਾ ਗਿਆ। ਇਹ ਉਹ ਸਕੂਲ ਹੈ ਜਿੱਥੇ ਗਰਚਾ ਪਰਿਵਾਰ ਦੇ ਵਿਚਕਾਰਲੇ ਪੁੱਤਰ ਸ੍ਰ ਸੁਖਦੇਵ ਸਿੰਘ ਗਰਚਾ ਨੇ 1988 ਤੱਕ ਸਾਇੰਸ ਪੜ੍ਹਾਈ। ਉਨ੍ਹਾਂ ਦੇ ਕੁੱਝ ਵਿਦਿਆਰਥੀ ਇਸ ਸਕੂਲ ਵਿੱਚ ਅਧਿਆਪਕ ਹਨ। ਇਸ ਸਾਂਝ ਕਾਰਨ ਜਿੱਥੇ ਗਰਚਾ ਪਰਿਵਾਰ ਦੀ ਇਸ ਸਕੂਲ ਨਾਲ ਭਾਵਨਾਤਮਿਕ ਸਾਂਝ ਹੈ ਉੱਥੇ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਉਨ੍ਹਾਂ ਨਾਲ ਅਪਨੱਤ ਰੱਖਦੇ ਹਨ।
ਭਾਈਚਾਰੇ ਦੀ ਕਨੇਡਾ ਅਤੇ ਪੰਜਾਬ ਇਕਾਈ ਦੀ ਸਾਰੀ ਟੀਮ (ਸੁਖਦੇਵ ਸਿੰਘ ਗਰਚਾ, ਮਿੱਤਰ ਸੈਨ ਮੀਤ, ਮਹਿੰਦਰ ਸਿੰਘ ਸੇਖੋ ਅਤੇ ਦਵਿੰਦਰ ਸਿੰਘ ਸੇਖਾ) ਸਮੇਂ ਸਿਰ ਸਕੂਲ ਪਹੁੰਚ ਗਏ। ਸਕੂਲ ਨੂੰ ‘ਵਿਆਹ ਵਾਲੇ ਘਰ’ ਵਾਂਗ ਗੁਬਾਰਿਆਂ ਅਤੇ ਰੰਗੋਲੀਆਂ ਨਾਲ ਸਜ਼ਾਇਆ ਗਿਆ ਸੀ। ਸਕੂਲ ਦੇ ਖੁੱਲੇ ਵੇਹੜੇ ਅਤੇ ਨਿੱਘੀ ਧੁੱਪ ਵਿੱਚ ਸਮਾਗਮ ਦੀ ਸ਼ੁਰੂਆਤ ਹੋਈ।
ਸਕੂਲ ਦੇ ਵਿਦਿਆਰਥੀਆਂ ਪੁਸ਼ਪਾ (ਸੁੰਦਰ ਲਿਖਾਈ), ਸ਼ਿਬਮ (ਸਾਹਿਤ ਸਿਰਜਣ-ਗੀਤ), ਜੱਸੀ (ਸਾਹਿਤ ਸਿਰਜਣ-ਕਵਿਤਾ), ਰਾਘਵ ਸੁਭਰਾ (ਸ਼ੁੱਧ ਪੰਜਾਬੀ ਉਚਾਰਨ), ਮਨਪ੍ਰੀਤ ਕੌਰ (ਪੰਜਾਬੀ ਵਿਸ਼ੇਸ ਵਿਚ 99% ਅੰਕ ਪ੍ਰਾਪਤ ਕਰਨ) ਅਤੇ ਸ਼ਿਲਪਾ ਨੂੰ (ਕਵਿਤਾ ਉਚਾਰਨ) ਲਈ ਸਨਮਾਨਿਤ ਕੀਤਾ ਜਾਣਾ ਸੀ।
ਪਹਿਲਾਂ ਇਨ੍ਹਾਂ ਬੱਚਿਆਂ ਵੱਲੋਂ ਆਪਣੀ ਆਪਣੀ ਕਲਾ ਦੇ ਜੌਹਰ ਦਿਖਾਏ ਗਏ। ਫੇਰ ਸੰਖੇਪ ਵਿੱਚ ਸੁਖਦੇਵ ਸਿੰਘ ਗਰਚਾ, ਮਿੱਤਰ ਸੈਨ ਮੀਤ, ਮਹਿੰਦਰ ਸਿੰਘ ਸੇਖੋ ਅਤੇ ਰਾਜਕੁਮਾਰ ਵੱਲੋਂ ਪੰਜਾਬੀ ਦੀ ਪੜ੍ਹਾਈ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰਕ ਨਾਲ ਜੋੜਨ ਲਈ ਮਾਸਟਰ ਜਸਵੀਰ ਸਿੰਘ ਅਤੇ ਮਾਸਟਰ ਸੁਭਾਸ਼ ਕੂਮਾਰ ਨੂੰ ਵੀ ਭਾਈਚਾਰੇ ਵੱਲੋਂ ਸਨਮਾਨਿਤ ਕੀਤਾ ਗਿਆ। ਸਕੂਲ ਦੀ ਲਾਇਬਰੇਰੀ ਲਈ ਮਿੱਤਰ ਸੈਨ ਮੀਤ ਵੱਲੋਂ ਆਪਣੀਆਂ ਲਿਖੀਆਂ ਪੁਸਤਕਾਂ ਦਾ ਸੈਟ ਪ੍ਰਿੰਸੀਪਲ ਸਾਹਿਬਾ ਨੂੰ ਭੇਂਟ ਕੀਤਾ ਗਿਆ। ਅਖ਼ੀਰ ਵਿਚ ਸਕੂਲ ਵੱਲੋਂ ਆਪਣੇ ਵਿਹੜੇ ਆਏ ਮਹਿਮਾਨਾਂ ਨੂੰ  ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਮਾਨ ਬਖਸ਼ਿਆ ਗਿਆ।
ਫੋਟੋਆਂ ਖਿੱਚਣ ਅਤੇ ਰਿਕਾਰਡਿੰਗ ਦੀ ਜਿੰਮੇਵਾਰੀ ਦਵਿੰਦਰ ਸਿੰਘ ਸੇਖਾ ਵੱਲੋਂ ਨਿਭਾਈ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਮੁੱਚੇ ਪੰਜਾਬ ਦੀ ਮੂੰਹੋਂ ਬੋਲਦੀ ਤਸਵੀਰ
Next articleਭੁਰਥਲਾ ਮੰਡੇਰ ਤੋਂ ਸਿਰਥਲਾ ਨੂੰ ਜਾਣ ਵਾਲੀ ਸੜਕ ਨੂੰ 18 ਫੁੱਟ ਚੌੜਾ ਕਰਨ ਸਬੰਧੀ ਡਾ ਅਮਰ ਸਿੰਘ ਜੀ ਮੈਂਬਰ ਪਾਰਲੀਮੈਂਟ ਸ੍ਰੀ ਫਤਿਹਗੜ੍ਹ ਸਾਹਿਬ ਜੀ ਨੂੰ ਮੰਗ ਪੱਤਰ ਦਿੱਤਾ।