ਓਟਵਾ (ਸਮਾਜ ਵੀਕਲੀ): ਪਿਛਲੇ ਤਿੰਨ ਹਫ਼ਤਿਆਂ ਤੋਂ ਕੋਵਿਡ-19 ਪਾਬੰਦੀਆਂ ਖਿਲਾਫ਼ ਕੈਨੇਡਾ ਦੀ ਰਾਜਧਾਨੀ ਓਟਵਾ ਨੂੰ ਘੇਰੀ ਬੈਠੇ ਹਜ਼ਾਰਾਂ ਟਰੱਕ ਡਰਾਈਵਰਾਂ ਦੇ ਦੋ ਆਗੂਆਂ ਨੂੰ ਪੁਲੀਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਕੈਨੇਡਾ ਪੁਲੀਸ ਨੇ ਇਹਤਿਆਤ ਵਜੋਂ ਓਟਵਾ ਦੀ ਪਾਰਲੀਮੈਂਟ ਹਿੱਲ ਨੇੜੇ ਨਫ਼ਰੀ ਵਧਾ ਦਿੱਤੀ ਹੈ। ਸਰਕਾਰੀ ਇਮਾਰਤਾਂ ਨੇੜੇ ਵੀ ਸੁਰੱਖਿਆ ਘੇਰਾ ਮੋਕਲਾ ਕਰ ਦਿੱਤਾ ਗਿਆ ਹੈ। ਪੁਲੀਸ ਨੇ ਵਿਰੋਧ ਪ੍ਰਦਰਸ਼ਨਾਂ ਨੂੰ ਠੱਲ ਪਾਉਣ ਦੇ ਇਰਾਦੇ ਨਾਲ ਡਾਊਨਟਾਊਨ ਖੇਤਰ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਬਾਹਰੋਂ ਕਿਸੇ ਨੂੰ ਵੀ ਪ੍ਰਦਰਸ਼ਨਕਾਰੀਆਂ ਦੀ ਹਮਾਇਤ ਵਿੱਚ ਨਾ ਆਉਣ ਦਿੱਤਾ ਜਾਵੇ। ਇਸੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਨਾਲ ਲੱਗਦੀ ਸਰਹੱਦ ’ਤੇ ਟਰੱਕ ਡਰਾਈਵਰਾਂ ਵੱਲੋਂ ਲਾਈਆਂ ਰੋਕਾਂ ਲਈ ਅੱਧੀ ਤੋਂ ਵੱਧ ਫੰਡਿੰਗ ਅਮਰੀਕਾ ਤੋਂ ਆ ਰਹੀ ਹੈ।
ਓਟਵਾ ਪੁਲੀਸ ਦੇ ਕਾਰਜਕਾਰੀ ਮੁਖੀ ਸਟੀਵ ਬੈੱਲ ਨੇ ਕਿਹਾ, ‘‘ਨੇੜ ਭਵਿੱਖ ’ਚ ਹੋਰ ਕਾਰਵਾਈ ਕਰਾਂਗੇ। ਅਸੀਂ ਇਨ੍ਹਾਂ ਗੈਰਕਾਨੂੰਨੀ ਪ੍ਰਦਰਸ਼ਨਾਂ ਨੂੰ ਖ਼ਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।’’ ਪੁਲੀਸ ਨੇ ਵਿਰੋਧ ਪ੍ਰਦਰਸ਼ਨਾਂ ਦੇ ਪ੍ਰਬੰਧਕਾਂ ਤਮਾਰਾ ਲਿਚ ਤੇ ਕ੍ਰਿਸ ਬਾਰਬਰ ਨੂੰ ਪਾਰਲੀਮੈਂਟ ਹਿੱਲ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ, ਪਰ ਪੁਲੀਸ ਨੇ ਅਜੇ ਤਕ ਮੁਜ਼ਾਹਰਾਕਾਰੀਆਂ ਖਿਲਾਫ਼ ਬਲ ਦੀ ਵਰਤੋਂ ਨਹੀਂ ਕੀਤੀ। ਪੁਲੀਸ ਨੇ ਲਿਚ ਨੂੰ ਵੀਰਵਾਰ ਦੇਰ ਸ਼ਾਮ ਗ੍ਰਿਫ਼ਤਾਰ ਕਰ ਲਿਆ ਸੀ। ਬੈੱਲ ਨੇ ਕਿਹਾ ਕਿ ਧਰਨੇ ਪ੍ਰਦਰਸ਼ਨ ਖ਼ਤਮ ਕਰਵਾਉਣ ਲਈ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਜਾਰੀ ਹੈ ਤੇ ਉਨ੍ਹਾਂ ਨੂੰ ਘਰਾਂ ਨੂੰ ਮੁੜਨ ਲਈ ਰਾਜ਼ੀ ਕੀਤਾ ਜਾ ਰਿਹੈ।
ਪੁਲੀਸ ਅਧਿਕਾਰੀ ਨੇ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਰੋੋਸ ਮੁਜ਼ਾਹਰੇ ਅਮਨ-ਅਮਾਨ ਨਾਲ ਖ਼ਤਮ ਹੋ ਜਾਣ। ਪਰ ਜੇਕਰ ਉਹ ਸ਼ਾਂਤੀਪੂਰਨ ਤਰੀਕੇ ਨਾਲ ਇਥੋਂ ਨਾ ਗਏ ਤਾਂ ਫਿਰ ਇਸ ਲਈ ਵੀ ਸਾਡੇ ਕੋਲ ਯੋਜਨਾ ਹੈ।’’ ਉਧਰ ਟਰੱਕ ਡਰਾਈਵਰਾਂ ਦੇ ਆਗੂਆਂ ’ਚੋਂ ਇਕ ਪੈਟ ਕਿੰਗ ਨੇ ਕਿਹਾ, ‘‘ਮੈਂ ਕੈਨੇਡਾ ਪੁਲੀਸ ਵੱਲੋਂ ਕੀਤੇ ਜਾਣ ਵਾਲੇ ਕਿਸੇ ਵੀ ਤਸ਼ੱਦਦ ਨੂੰ ਸਹਿਣ ਲਈ ਤਿਆਰ ਹਾਂ, ਪਰ ਇਥੋਂ ਨਹੀਂ ਹਟਾਂਗਾ।’’ ਪੈਟ ਨੇ ਕਿਹਾ ਕਿ ਕੈਨੇਡਾ ਵਿੱਚ ਅਜਿਹਾ ਕੋਈ ਟੋਅ ਟਰੱਕ ਨਹੀਂ ਹਨ, ਜੋ ਉਨ੍ਹਾਂ ਨੂੰ ਹੱਥ ਲਾ ਸਕਣ। ਵਧਦੇ ਤਣਾਅ ਦਰਮਿਆਨ ਟਰੱਕ ਡਰਾਈਵਰਾਂ ਨੇ ਕੋਰਟ ਵੱਲੋਂ ਜਾਰੀ ਹਦਾਇਤਾਂ ਦੇ ਉਲਟ ਅੱਜ ਪਾਰਲੀਮੈਂਟ ਹਿੱਲ ਦੇ ਬਾਹਰ ਟਰੱਕਾਂ ਦੇ ਹੌਰਨ ਵਜਾਏ। ਚੇਤੇ ਰਹੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਦਿਨੀਂ ਕੈਨੇਡਾ ਵਿੱਚ ਐਮਰਜੈਂਸੀ ਐਕਟ ਲਾ ਦਿੱਤਾ ਸੀ, ਜਿਸ ਮਗਰੋਂ ਪੁਲੀਸ ਨੇ ਟਰੱਕ ਡਰਾਈਵਰਾਂ ਵੱਲੋਂ ਲਾਏ ਧਰਨਿਆਂ ਨੂੰ ਗੈਰਕਾਨੂੰਨੀ ਐਲਾਨ ਦਿੱਤਾ ਸੀ। ਐਕਟ ਤਹਿਤ ਸਰਕਾਰ ਨੂੰ ਟਰੱਕ ਡਰਾਈਵਰਾਂ ਦੇ ਖਾਤੇ ਜਾਮ ਕਰਨ, ਉਨ੍ਹਾਂ ਦੇ ਲਾਇਸੈਂਸ ਮੁਅੱਤਲ ਕਰਨ ਤੇ ਵਾਹਨ ਕਬਜ਼ੇ ਵਿੱਚ ਲੈਣ ਦਾ ਅਧਿਕਾਰ ਮਿਲ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly