ਕੈਨੇਡਾ: ਟਰੂਡੋ ਦੀ ਅਗਵਾਈ ’ਚ ਮੁੜ ਬਣੇਗੀ ਘੱਟ ਗਿਣਤੀ ਸਰਕਾਰ

Canada prime minister Justin Trudeau.

 

  • ਬਰੈਂਪਟਨ ਦੀਆਂ ਪੰਜ ਸੀਟਾਂ ਉਤੇ ਲਿਬਰਲ ਪਾਰਟੀ ਵੱਲੋਂ ਪੰਜ ਪੰਜਾਬੀ ਚੁਣੇ ਗਏ
  • ਡਾਕ ਰਹੀਆਂ ਪਈਆਂ ਵੋਟਾਂ ਦੀ ਗਿਣਤੀ ਅਜੇ ਬਾਕੀ

ਬਰੈਂਪਟਨ (ਸਮਾਜ ਵੀਕਲੀ): ਕੈਨੇਡਾ ਦੀ ਫੈਡਰਲ ਸਰਕਾਰ ਲਈ ਸੰਸਦ ਮੈਂਬਰਾਂ ਦੀਆਂ ਹੋਈਆਂ ਮੱਧਕਾਲੀ ਚੋਣਾਂ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਮੁੜ ਵੱਡੀ ਪਾਰਟੀ ਵਜੋਂ ਜੇਤੂ ਬਣ ਕੇ ਉੱਭਰੀ ਹੈ। ਪਰ ਉਹ 338 ਸੀਟਾਂ ਵਾਲੇ ਸਦਨ ਵਿਚ ਲੋੜੀਂਦੀਆਂ 170 ਸੀਟਾਂ ਦੀ ਬਹੁਸੰਮਤੀ ਹਾਸਲ ਕਰਨ ਵਿਚ ਸਫ਼ਲ ਨਹੀਂ ਹੋ ਸਕੇ। ਕੈਨੇਡਾ ਦੀ ਇਸ 44ਵੀਂ ਪਾਰਲੀਮੈਂਟ ਚੋਣ ਵਿਚ ਡੇਢ ਦਰਜਨ ਦੇ ਕਰੀਬ ਪਰਵਾਸੀ ਪੰਜਾਬੀ ਮੈਂਬਰ ਚੁਣੇ ਗਏ ਹਨ। ਕੈਨੇਡਾ ਦੀ ਰਾਜਨੀਤੀ ਵਿਚ ਬੇਹੱਦ ਅਹਿਮ ਮੰਨੇ ਜਾਂਦੇ ਓਂਟਾਰੀਓ ਸੂਬੇ ਵਿਚ ਪਿਛਲੀਆਂ ਚੋਣਾਂ ਦਾ ਆਪਣਾ ਰਿਕਾਰਡ ਬਰਕਰਾਰ ਰੱਖਦਿਆਂ ਐਤਕੀਂ ਵੀ ਲਿਬਰਲ ਪਾਰਟੀ ਬਹੁਗਿਣਤੀ ਪਾਰਲੀਮੈਂਟ ਹਲਕਿਆਂ ਵਿਚ ਜੇਤੂ ਰਹੀ ਹੈ।

ਪੰਜਾਬੀਆਂ ਦੇ ਗੜ੍ਹ ਵਾਲ਼ੇ ਬਰੈਂਪਟਨ ਇਲਾਕੇ ਵਿਚ ਲਿਬਰਲ ਉਮੀਦਵਾਰਾਂ ਨੇ ਹੂੰਝਾਫੇਰ ਜਿੱਤ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਬਰੈਂਪਟਨ ਦੀਆਂ ਲਗਭਗ ਸਾਰੀਆਂ ਸੀਟਾਂ ਉਤੇ ਹੀ ਪ੍ਰਮੁੱਖ ਰਾਜਸੀ ਪਾਰਟੀਆਂ ਵੱਲੋਂ ਪੰਜਾਬੀ ਆਗੂ ਹੀ ਮੈਦਾਨ ਵਿਚ ਸਨ। ਇਨ੍ਹਾਂ ਵਿਚੋਂ ਲਿਬਰਲ ਪਾਰਟੀ ਵੱਲੋਂ ਬਰੈਂਪਟਨ ਪੂਰਬੀ ਤੋਂ ਮਨਿੰਦਰ ਸਿਧੂ, ਬਰੈਂਪਟਨ ਉਤਰੀ ਤੋਂ ਰੂਬੀ ਸਹੋਤਾ, ਬਰੈਂਪਟਨ ਦੱਖਣੀ ਤੋਂ ਸੋਨੀਆ ਸਿੱਧੂ, ਬਰੈਂਪਟਨ ਕੇਂਦਰੀ ਤੋਂ ਅਲੀ ਸ਼ਫਕਤ, ਬਰੈਂਪਟਨ ਪੱਛਮੀ ਹਲਕੇ ਤੋਂ ਕਮਲ ਖਹਿਰਾ ਚੋਣ ਜਿੱਤ ਗਏ ਹਨ। ਇਹ ਸਾਰੇ ਹੀ ਪੰਜਾਬੀ ਹਨ।

ਮਨਿੰਦਰ ਸਿੱਧੂ ਜਲੰਧਰ ਜ਼ਿਲ੍ਹੇ ਦੇ ਕਸਬੇ ਮਲਸੀਆਂ ਨਾਲ ਸਬੰਧਤ ਹੈ। ਕੈਲਗਰੀ ਫੋਰੈਸਟ ਲਾਊਨ ਤੋਂ ਕੰਜ਼ਰਵੇਟਿਵ ਜਸਰਾਜ ਸਿੰਘ ਹੱਲਣ ਨੇ ਜਿੱਤ ਪ੍ਰਾਪਤ ਕੀਤੀ ਹੈ। ਜਿੱਤ ਦਰਜ ਕਰਨ ਵਾਲੇ 17 ਇੰਡੋ-ਕੈਨੇਡੀਅਨ ਆਗੂਆਂ ਵਿਚ ਸਾਬਕਾ ਮੰਤਰੀ ਟਿਮ ਉੱਪਲ ਅਤੇ ਤਿੰਨ ਮੌਜੂਦਾ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ ਤੇ ਅਨੀਤਾ ਆਨੰਦ ਵੀ ਸ਼ਾਮਲ ਹਨ। ਬ੍ਰਿਟਿਸ਼ ਕੋਲੰਬੀਆ ਵਿੱਚ ਤਿੰਨ ਵਾਰ ਲਿਬਰਲ ਪਾਰਟੀ ਦੇ ਐੱਮਪੀ ਰਹੇ ਸੁੱਖ ਧਾਲੀਵਾਲ ਨੇ ਐੱਨਡੀਪੀ ਦੇ ਅਵਨੀਤ ਜੌਹਲ ਨੂੰ ਹਰਾ ਕੇ ਆਪਣੀ ਸਰੀ-ਨਿਊਟਨ ਸੀਟ ਬਰਕਰਾਰ ਰੱਖੀ ਹੈ। ਲਿਬਰਲ ਪਾਰਟੀ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਵੀ ਸਰੀ ਸੈਂਟਰ ਸੀਟ ਜਿੱਤ ਲਈ ਹੈ। ਕਿਊਬੈਕ ਵਿੱਚ ਇੰਡੋ-ਕੈਨੇਡੀਅਨ ਅੰਜੂ ਢਿੱਲੋਂ ਨੇ ਸੀਟ ਬਰਕਰਾਰ ਰੱਖੀ ਹੈ। ਚੰਦਰ ਆਰੀਆ ਨੇ ਵੀ ਓਂਟਾਰੀਓ ਵਿੱਚ ਨੇਪੀਅਨ ਸੀਟ ਬਰਕਰਾਰ ਰੱਖੀ ਹੈ। ਲਿਬਰਲ ਪਾਰਟੀ ਲਈ ਮਿਸੀਸਾਗਾ-ਮਾਲਟਨ ਸੀਟ ਜਿੱਤਣ ਵਾਲੇ ਵਕੀਲ ਇਕਵਿੰਦਰ ਗਹੀਰ ਸੰਸਦ ਵਿੱਚ ਪੁੱਜਣ ਵਾਲੇ ਸਭ ਤੋਂ ਘੱਟ ਉਮਰ ਦੇ ਸੰਸਦ ਮੈਂਬਰਾਂ ਵਿੱਚੋਂ ਹੋਣਗੇ।

ਦੇਰ ਰਾਤ ਤੱਕ ਵੋਟਾਂ ਦੀ ਚੱਲੀ ਗਿਣਤੀ ਵਿਚ ਲਿਬਰਲ ਪਾਰਟੀ 158, ਕੰਜ਼ਰਵੇਟਿਵ 119, ਬਲੌਕ ਕਿਊਬਕਾ 34 ਅਤੇ ਐਨਡੀਪੀ ਨੂੰ 24 ਸੀਟਾਂ ਉਤੇ ਜੇਤੂ ਵਿਖਾਇਆ ਜਾ ਰਿਹਾ ਹੈ। ਹਾਲਾਂਕਿ ਡਾਕ ਰਾਹੀਂ ਪਾਈਆਂ ਗਈਆਂ ਲੱਖਾਂ ਵੋਟਾਂ ਦੀ ਗਿਣਤੀ ਭਲਕੇ ਹੋਵੇਗੀ। ਦੱਸਣਯੋਗ ਹੈ ਕਿ 2019 ਵਿਚ ਹੋਈਆਂ ਆਮ ਚੋਣਾਂ ਵਿਚ ਲਿਬਰਲ ਪਾਰਟੀ ਨੂੰ 157, ਕੰਜ਼ਰਵੇਟਿਵ ਨੂੰ 121, ਬਲੌਕ ਕਿਊਬਕਾ ਨੂੰ 32, ਐਨਡੀਪੀ ਨੂੰ 24 ਜਦਕਿ ਗ੍ਰੀਨ ਪਾਰਟੀ ਨੂੰ 3 ਸੀਟਾਂ ਮਿਲੀਆਂ ਸਨ। ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਚਰਚਿਤ ਸਿੱਖ ਆਗੂ ਜਗਮੀਤ ਸਿੰਘ ਆਪਣੀ ਬਰਨਬੀ ਸਾਊਥ ਸੀਟ ਤੋਂ ਮੁੜ ਜੇਤੂ ਰਹੇ ਹਨ। ਕੈਲਗਰੀ ਸਕਾਈ ਵਿਊ ਵਿਚ ਬਹੁਤ ਹੀ ਸਖ਼ਤ ਮੁਕਾਬਲਾ ਵਿਖਾਈ ਦਿੱਤਾ ਜਿੱਥੇ ਲਿਬਰਲ ਪਾਰਟੀ ਦੇ ਜਾਰਜ ਚਾਹਲ ਸਿਰਫ਼ 600 ਵੋਟਾਂ ਦੇ ਫਰਕ ਨਾਲ ਕੰਜ਼ਰਵੇਟਿਵ ਪਾਰਟੀ ਦੇ ਜੈਗ ਸਹੋਤਾ ਤੋਂ ਜਿੱਤ ਗਏ ਹਨ।

ਇੱਥੇ ਹੁਣ ਡਾਕ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਬੇਹੱਦ ਅਹਿਮ ਹੋਵੇਗੀ। ਕੈਲਗਰੀ ਸਕਾਈਵਿਊ ਅਜਿਹਾ ਹਲਕਾ ਹੈ ਜਿੱਥੇ ਚਾਰ ਪ੍ਰਮੁੱਖ ਸਿਆਸੀ ਪਾਰਟੀਆਂ ਵੱਲੋਂ ਪੰਜਾਬੀ ਆਗੂ ਹੀ ਮੈਦਾਨ ਵਿਚ ਸਨ। ਇਨ੍ਹਾਂ ਵਿਚੋਂ ਕੰਜ਼ਰਵੇਟਿਵ ਪਾਰਟੀ ਵੱਲੋਂ ਐਡਵੋਕੇਟ ਜਗਦੀਪ ਕੌਰ ਜੈਗ ਸਹੋਤਾ, ਲਿਬਰਲ ਪਾਰਟੀ ਵੱਲੋਂ ਜਾਰਜ ਚਾਹਲ, ਐਨਡੀਪੀ ਵੱਲੋਂ ਗੁਰਿੰਦਰ ਸਿੰਘ ਗਿੱਲ ਜਦਕਿ ਪੀਪਲਜ਼ ਪਾਰਟੀ ਆਫ ਕੈਨੇਡਾ ਵੱਲੋਂ ਹੈਰੀ ਢਿੱਲੋਂ ਉਮੀਦਵਾਰ ਸੀ।

ਦੋ ਦਹਾਕਿਆਂ ’ਚ ਤਿੰਨ ਸਰਕਾਰਾਂ ਹੀ ਕਾਰਜਕਾਲ ਪੂਰਾ ਕਰ ਸਕੀਆਂ

ਕੈਨੇਡਾ ਵਿਚ ਪਿਛਲੇ ਤਕਰੀਬਨ 20 ਸਾਲਾਂ ਦੌਰਾਨ ਸਿਰਫ਼ ਤਿੰਨ ਸਰਕਾਰਾਂ ਹੀ ਆਪਣਾ 4 ਸਾਲ ਦਾ ਕਾਰਜਕਾਲ ਪੂਰਾ ਕਰ ਸਕੀਆਂ ਹਨ ਅਤੇ 5 ਵਾਰ ਮੱਧਕਾਲੀ ਚੋਣਾਂ ਹੋਈਆਂ ਹਨ। ਇਨ੍ਹਾਂ ਵਿਚੋਂ 2000 ਤੋਂ 2004, 2011 ਤੋਂ 2015 ਤੱਕ ਸਟੀਫਨ ਹਾਰਪਰ ਦੀ ਕੰਜ਼ਰਵੇਟਿਵ ਸਰਕਾਰ ਅਤੇ 2015 ਤੋਂ 2019 ਤੱਕ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਨੇ ਆਪਣਾ ਕਾਰਜਕਾਲ ਪੂਰਾ ਕੀਤਾ। ਇਸ ਤੋਂ ਇਲਾਵਾ ਬਾਕੀ ਸਰਕਾਰਾਂ ਕਿਸੇ ਨਾ ਕਿਸੇ ਕਾਰਨ ਸਮੇਂ ਤੋਂ ਪਹਿਲਾਂ ਹੀ ਟੁੱਟਦੀਆਂ ਰਹੀਆਂ ਅਤੇ ਮੱਧਕਾਲੀ ਚੋਣਾਂ ਹੁੰਦੀਆਂ ਰਹੀਆਂ ਹਨ। ਇਸ ਸਦੀ ਦੀ ਪਹਿਲੀ ਮੱਧਕਾਲੀ ਚੋਣ 2006 ਵਿਚ ਹੋਈ ਸੀ ਅਤੇ ਇਹ ਸਰਕਾਰ ਸਿਰਫ਼ ਦੋ ਸਾਲ ਹੀ ਚੱਲੀ। 2008 ਅਤੇ 2011 ਵਿਚ ਮੁੜ ਮੱਧਕਾਲੀ ਚੋਣਾਂ ਹੋਈਆਂ ਜਦਕਿ ਐਤਕੀਂ 2021 ਵਿਚ ਜਸਟਿਨ ਟਰੂਡੋ ਨੇ ਬਿਨਾਂ ਕਿਸੇ ਚੁਣੌਤੀ ਤੋਂ ਖ਼ੁਦ ਹੀ ਸਰਕਾਰ ਭੰਗ ਕਰਨ ਦਾ ਐਲਾਨ ਕਰਕੇ ਮੱਧਕਾਲੀ ਚੋਣਾਂ ਕਰਵਾ ਦਿੱਤੀਆਂ।

Previous articleਮੁਖ਼ਤਿਆਰ ਸਿੰਘ ਸੁੰਡਾ ਭਰਾਵਾਂ ਨੂੰ ਸਦਮਾਂ ਪਿਤਾ ਸ: ਹਰੀ ਸਿੰਘ ਸੁੰਡਾ ਜੀ ਸਦੀਵੀ ਵਿਛੋੜਾ ਦੇ ਗਏ।
Next articleਪੰਜਾਬ ਵਜ਼ਾਰਤ ’ਚ ਵਾਧੇ ਲਈ ਜੋੜ-ਤੋੜ ਜਾਰੀ