(ਸਮਾਜ ਵੀਕਲੀ)-ਪਿਤਾ ਜੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਐਗਰੋਨੋਮੀ ਵਿਭਾਗ ਵਿਚ ਖੇਤੀਬਾੜੀ ਸਬ ਇੰਸਪੈਕਟਰ ਵਜੋਂ ਮੁਲਾਜ਼ਮ ਤਾਇਨਾਤ ਸਨ ।ਆਈ. ਸੀ .ਏ .ਆਰ ਪ੍ਰੋਜੈਕਟ ਤਹਿਤ ਫੀਲਡ ਵਰਕਰ ਹੋਣ ਕਾਰਨ ਹਰੇਕ ਤਿੰਨ ਵਰ੍ਹਿਆਂ ਬਾਅਦ ਉਨ੍ਹਾਂ ਦੀ ਬਦਲੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਹੋ ਜਾਂਦੀ ਸੀ । ਜਿਸ ਕਾਰਨ ਨਾ ਕੇਵਲ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਕਸਬਿਆਂ ਪਿੰਡਾਂ ਨੂੰ ਵੇਖਣ ਦਾ ਮੌਕਾ ਮਿਲਿਆ ਬਲਕਿ ਇਨ੍ਹਾਂ ਦੀਆਂ ਬੋਲੀਆਂ ਉਪਬੋਲੀਆਂ ਰਹਿਣ ਸਹਿਣ ਲੋਕਾਂ ਦੇ ਕੰਮਾਂ ਅਤੇ ਸੁਭਾਅ ਬਾਰੇ ਵੀ ਕਾਫੀ ਕੁਝ ਸਿੱਖਣ ਨੂੰ ਮਿਲਿਆ ।
ਮੈਂ ਵੱਖ ਵੱਖ ਸਰਕਾਰੀ ਸਕੂਲਾਂ ਤੇ ਕਾਲਜਾਂ ਵਿੱਚ ਹੁੰਦਿਆਂ ਹੋਇਆਂ ਪੜ੍ਹਾਈ ਦੇ ਨਾਲ ਨਾਲ ਐੱਨਸੀਸੀ, ਐੱਨਐੱਸਐਸ ,ਡਰਾਮਾ ਆਦਿ ਯੂਨਿਟਾਂ ਦਾ ਮੈਂਬਰ ਜਾਂ ਲੀਡਰ ਜ਼ਰੂਰ ਹੁੰਦਾ ਸੀ ਇਨ੍ਹਾਂ ਦੀ ਬਦੌਲਤ ਹੀ ਮੈਂ ਪੌਂਗ ਡੈਮ ,ਭਾਖੜਾ ਡੈਮ ,ਸੋਲਨ ,ਸ਼ਿਮਲਾ ,ਨਵੀਂ ਦਿੱਲੀ ,ਆਗਰਾ ,ਚੰਬਾ ,ਖਜਿਆਰ, ਕਾਂਗੜਾ ਆਦਿ ਅਨੇਕ ਥਾਵਾਂ ਦੀ ਯਾਤਰਾ ਯੂਥ ਤੇ ਕੌਮੀ ਏਕਤਾ ਕੈਂਪਾਂ ਰਾਹੀਂ ਕੀਤੀ ।
ਵਿਦਿਆਰਥੀ ਜੀਵਨ ਦੌਰਾਨ ਇਹ ਯਾਤਰਾਵਾਂ ਮੇਰੇ ਵਾਸਤੇ ਬਹੁਤ ਉਸਾਰੂ ਰਹੀਆਂ ।
ਹੁਣ ਸਿੱਖਿਆ ਵਿਭਾਗ ਵਿੱਚ ਅਧਿਆਪਨ ਕਾਰਜ ਨਾਲ ਜੁੜੇ ਹੋਣ ਕਾਰਨ ਜਦੋਂ ਵੀ ਕਦੇ ਮੈਨੂੰ ਅਜਿਹੀਆਂ ਯਾਤਰਾਵਾਂ ਦਾ ਮੌਕਾ ਮਿਲਿਆ ਤਾਂ ਮੈਂ ਉਸ ਦਾ ਲਾਹਾ ਲੈਣ ਦੀ ਪੂਰੀ ਕੋਸ਼ਿਸ਼ ਕੀਤੀ ਤਾਂ ਜੋ ਕਿ ਸਿੱਖਣ ਸਿਖਾਉਣ ਵਾਸਤੇ ਕੋਈ ਨਵਾਂ ਅਨੁਭਵ ਜਾਂ ਤਜਰਬਾ ਮਿਲ ਸਕੇ ।
ਸਿੱਖਿਆ ਵਿਭਾਗ ਨੇ ਸੱਤ ਕੁ ਸਾਲ ਪਹਿਲਾਂ ਪੰਜਾਹ ਅਧਿਆਪਕਾਂ ਨੂੰ ਅੰਗਰੇਜ਼ੀ ਵਿਸ਼ੇ ਦੀ ਟ੍ਰੇਨਿੰਗ ਦੇ ਮਨਸੂਬੇ ਨਾਲ ਪੰਦਰਾਂ ਦਿਨਾਂ ਵਾਸਤੇ ਕੈਨੇਡਾ ਭੇਜਣ ਲਈ ਨਾ ਕੇਵਲ ਰਸਮੀ ਤੌਰ ਤੇ ਪੱਤਰ ਜਾਰੀ ਕੀਤਾ ਬਲਕਿ ਵੱਖ ਵੱਖ ਅਖ਼ਬਾਰਾਂ ਵਿੱਚ ਵੀ ਇਸ਼ਤਿਹਾਰ ਜਾਰੀ ਕਰਕੇ ਪ੍ਰਤੀ ਬੇਨਤੀਆਂ ਦੀ ਮੰਗ ਕੀਤੀ “ਸੁਫਨਮਈ ਦੇਸ਼ ਕੈਨੇਡਾ” ਤੇ ਉਹ ਵੀ ਸਰਕਾਰੀ ਦੌਰੇ ਤੇ ਮੈਂ ਵੀ ਆਪਣੇ ਪੱਧਰ ਤੇ ਮਹਿਕਮੇ ਦੀਆਂ ਆਈਲੈੱਟਸ ਬੈਂਡਾਂ ਸਬੰਧੀ ਸ਼ਰਤਾਂ ਪੂਰੀਆਂ ਕਰਨ ਵਾਸਤੇ ਯਤਨ ਆਰੰਭ ਦਿੱਤੇ । ਪਰ ਮੇਰੇ ਕੋਲ ਤਾਂ ਪਾਸਪੋਰਟ ਵੀ ਨਹੀਂ ਸੀ ਸੋ ਮੈਂ ਆਪਣਾ ਪਾਸਪੋਰਟ ਬਣਾਉਣ ਦਾ ਕਾਰਜ ਆਰੰਭ ਦਿੱਤਾ ਇੱਕ ਮਹੀਨੇ ਦੌਰਾਨ ਪਾਸਪੋਰਟ ਮੇਰੇ ਘਰ ਪੁੱਜ ਗਿਆ।
ਅੰਗਰੇਜ਼ੀ ਵਿਸ਼ੇ ਤੇ ਮੇਰੀ ਯੋਗ ਪਕੜ ਹੋਣ ਦੇ ਬਾਵਜੂਦ ਆਈਲੈੱਟਸ ਦੇ ਪੇਪਰਾਂ ਵਿੱਚ ਅੰਗਰੇਜ਼ੀ ਭਾਸ਼ਾ ਸੁਣਨ ਬੋਲਣ ਲਿਖਣ ਅਤੇ ਪੜ੍ਹਨ ਦੀ ਨਿਪੁੰਨਤਾ ਬਾਰੇ ਵੱਖ ਵੱਖ ਤਕਨੀਕਾਂ ਦੀ ਮੁਹਾਰਤ ਹਾਸਲ ਕਰਨ ਹਿੱਤ ਮੈਂ ਆਈਲੈੱਟਸ ਦੇ ਇਕ ਕੋਚਿੰਗ ਸੈਂਟਰ ਵਿਚ ਲੁਧਿਆਣੇ ਦਾਖ਼ਲ ਹੋ ਗਿਆ। ਮੈਂ ਕਿਸੇ ਵੀ ਹੀਲੇ ਵਿਭਾਗ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਚਾਹੁੰਦਾ ਸੀ ।ਮੇਰੇ ਪਰਿਵਾਰਕ ਮੈਂਬਰ ਹੀ ਨਹੀਂ ਬਲਕਿ ਸਟਾਫ ਮੈਂਬਰ ਵੀ ਮੇਰੀਆਂ ਇਨ੍ਹਾਂ ਗਤੀਵਿਧੀਆਂ ਤੇ ਮੁਸਕਰਾਉਂਦੇ ਸਨ ।ਪਰ ਪ੍ਰਿੰਸੀਪਲ ਮੈਡਮ ਨੇ ਜੂਨ ਦੀਆਂ ਛੁੱਟੀਆਂ ਦੌਰਾਨ ਵੀ ਵਿਦੇਸ਼ ਯਾਤਰਾ ਦੀ ਹਰ ਇੱਕ ਚਿੱਠੀ ਪੱਤਰ ਸੰਬੰਧੀ ਮੈਨੂੰ ਪੂਰਾ ਸਹਿਯੋਗ ਦਿੱਤਾ ਇੰਗਲਿਸ਼ ਦੀ ਸੁਣਨ ਨਿਪੁੰਨਤਾ ਵਿੱਚ ਮੇਰਾ ਅੱਧਾ ਬੈਂਡ ਘਟ ਗਿਆ ਪਰ ਮੈਂ ਨਿਰਾਸ਼ ਨਾ ਹੋਇਆ ।
ਕੈਨੇਡਾ ਦੌਰੇ ਦੇ ਚਾਹਵਾਨ ਦੋ ਹੋਰ ਅਧਿਆਪਕ ਮੇਰੇ ਨਾਲ ਰਲ ਗਏ ਅਸੀਂ ਮੁਹਾਲੀ ਦਫ਼ਤਰ ਵਿਚ ਇੰਟਰਵਿਊ ਦੇਣ ਲਈ ਵੀ ਪੁੱਜੇ ਪਰ ਉੱਥੇ ਦੀਆਂ ਜ਼ਮੀਨੀ ਹਕੀਕਤਾਂ ਤੋਂ ਜਾਣੂ ਹੁੰਦਿਆਂ ਅਸੀਂ ਬੇਰੰਗ ਵਾਪਸ ਮੁੜ ਆਏ ।ਵਿਭਾਗ ਨੇ ਯੋਗ ਅਧਿਆਪਕਾਂ ਦੀ ਕੋਈ ਸੂਚੀ ਜਾਂ ਮੈਰਿਟ ਜਨਤਕ ਨਾ ਕੀਤੀ । ਜ਼ਿਆਦਾਤਰ ਪਹੁੰਚ ਵਾਲੇ ਅਧਿਆਪਕ ਕੈਨੇਡਾ ਪਹੁੰਚ ਗਏ।
ਅੰਗਰੇਜ਼ੀ ਵਿਸ਼ੇ ਦੇ ਵੱਖ ਵੱਖ ਪ੍ਰਾਜੈਕਟਾਂ ਜਾਂ ਸਿੱਖਣ ਸਿਖਾਉਣ ਦੀਆਂ ਗਤੀਵਿਧੀਆਂ ਵਿਚ ਕੈਨੇਡਾ ਦੀ ਟ੍ਰੇਨਿੰਗ ਵਾਲੇ ਅਧਿਆਪਕਾਂ ਦੀਆਂ ਸੇਵਾਵਾਂ ਲੈਣ ਤੋਂ ਸ਼ਾਇਦ ਮਹਿਕਮਾ ਹੁਣ ਤਕ ਅਣਜਾਣ ਹੀ ਹੈ ।ਮੈਂ ਆਪਣੀ ਭੱਜ ਨੱਠ ਤੋਂ ਨਿਰਾਸ਼ ਨਾ ਹੋਇਆ ਕਿਉਂ ਜੋ ਆਈਲੈੱਟਸ ਦਾ ਤਜਰਬਾ ਮੈਨੂੰ ਅੰਗਰੇਜ਼ੀ ਵਿਸ਼ਾ ਪੜ੍ਹਾਉਣ ਵਾਸਤੇ ਕੰਮ ਆਉਣ ਲੱਗਾ। ਮੈਂ ਆਪਣੇ ਵਿਦਿਆਰਥੀਆਂ ਨੂੰ ਆਈਲੈਟਸ ਦੀ ਯੋਗ ਅਗਵਾਈ ਦੇਣ ਦੇ ਸਮਰੱਥ ਹੋ ਗਿਆ। ਇਸ ਸਾਰਥਕ ਉਪਰਾਲੇ ਤੋਂ ਮਹਿਜ਼ ਸਾਲ ਕੁ ਬਾਅਦ ਸਿੱਖਿਆ ਵਿਭਾਗ ਦੀ ਕੋਆਰਡੀਨੇਸ਼ਨ ਸ਼ਾਖਾ ਨੇ ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਤੇ ਤਾਲਮੇਲ ਸ਼ਾਖਾ ਦੇ ਹਵਾਲੇ ਨਾਲ ਵੈੱਬਸਾਈਟ ਰਾਹੀਂ ਪਾਕਿਸਤਾਨ ਵਿਖੇ ਵੱਖ ਵੱਖ ਸਮਾਗਮਾਂ ਤੇ ਜਥਿਆਂ ਨਾਲ ਸੰਪਰਕ ਅਫ਼ਸਰ ਤੇ ਪ੍ਰੇਖਕ ਨਿਯੁਕਤ ਕਰਨ ਵਾਸਤੇ ਇਛੁੱਕ ਅਧਿਆਪਕਾਂ ਤੋਂ ਪ੍ਰਤੀ ਬੇਨਤੀਆਂ ਮੰਗ ਲਈਆਂ ਮੈਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸੀ ਸੋ ਮੈਂ ਪ੍ਰਿੰਸੀਪਲ ਸਾਹਿਬਾ ਨੂੰ ਬੇਨਤੀ ਕੀਤੀ ਤਾਂ ਉਨ੍ਹਾਂ ਦੇ ਚਿਹਰੇ ਦੀ ਮੁਸਕਰਾਹਟ ਮੇਰੇ ਮਨ ਵਿੱਚ ਉੱਠਦੇ ਵਲਵਲਿਆਂ ਨੂੰ ਨਿਹਾਰ ਰਹੀ ਸੀ ।
ਮੇਰੇ ਜ਼ਿਹਨ ਵਿੱਚ ਇਹ ਵਿਚਾਰ ਵਾਰ ਵਾਰ ਉੱਭਰ ਰਹੇ ਸਨ ਕਿ ਇਸ ਵਾਰ ਸ਼ਾਇਦ ਫਿਰ ਕੈਨੇਡਾ ਦੀ ਯਾਤਰਾ ਵਾਂਗ ਅਧਿਆਪਕਾਂ ਵਿਚ ਹੋੜ ਲੱਗ ਜਾਵੇਗੀ। ਪਰ ਹਕੀਕਤ ਬਿਲਕੁਲ ਵੱਖਰੀ ਸੀ ਮੈਨੂੰ ਕਈ ਅਧਿਆਪਕਾਂ ਨੇ ਪਾਕਿਸਤਾਨ ਨਾ ਜਾਣ ਦੀ ਨਸੀਹਤ ਦਿੰਦਿਆਂ ਆਖਿਆ, “ਹਰਭਿੰਦਰ ਜੀ ,ਜੇਕਰ ਤੁਹਾਡੇ ਪਾਸਪੋਰਟ ਤੇ ਇੱਕ ਵਾਰ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਤਾਂ ਅਮਰੀਕਾ, ਕੈਨੇਡਾ, ਇੰਗਲੈਂਡ ,ਆਸਟ੍ਰੇਲੀਆ ਦੇ ਸੁਫ਼ਨੇ ਲੈਣਾ ਭੁੱਲ ਜਾਇਓ ,ਕਿਉਂ ਜੋ ਇਨ੍ਹਾਂ ਦੇਸ਼ਾਂ ਨੇ ਕਦੇ ਤੁਹਾਨੂੰ ਵੀਜ਼ਾ ਨਹੀਂ ਦੇਣਾ ਤੁਹਾਡੇ ਤੇ ਸ਼ੱਕ ਕਰਨਗੇ “।ਪਰ ਮੈਂ ਇਸ ਫੇਰੀ ਨੂੰ ਅਧਿਆਤਮਕਤਾ ਨਾਲ ਜੋੜ ਕੇ ਵੇਖ ਰਿਹਾ ਸੀ ਮੈਂ ਛੋਟੀ ਉਮਰੇ ਹੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਆਪਣੀ ਉਪਲੱਬਧੀ ਸਵੀਕਾਰਦਾ ਕਿਉਂ ਜੋ ਮੇਰੇ ਪਿਤਾ ਜੀ ਨਨਕਾਣੇ ਦੇ ਦਰਸ਼ਨਾਂ ਤੋਂ ਵਾਂਝੇ ਹੀ ਜਹਾਨੋਂ ਰੁਖ਼ਸਤ ਹੋ ਗਏ ਸਨ।
ਮੇਰੇ ਮਨ ਵਿਚ ਗੁਰਧਾਮਾਂ ਦੇ ਦਰਸ਼ਨਾਂ ਦੇ ਨਾਲ ਨਾਲ ਪਾਕਿਸਤਾਨੀ ਲੋਕਾਂ ਦੇ ਰਹਿਣ ਸਹਿਣ ਸੱਭਿਆਚਾਰ ਆਰਥਿਕ ਆਧਾਰ ਵਿਕਾਸ ਦੀ ਦਰ ਤੇ ਪੰਜਾਬੀਆਂ ਪ੍ਰਤੀ ਪਿਆਰ ਭਾਵਨਾਵਾਂ ਆਦਿ ਕਈ ਪੱਖਾਂ ਨੂੰ ਵੀ ਟਟੋਲਣਾ ਸੀ ।
ਇੱਕ ਸਾਲ ਬਾਅਦ ਬਤੌਰ ਸੰਪਰਕ ਅਫ਼ਸਰ ਮੇਰੀ ਡਿਊਟੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣ ਵਾਲੇ ਜਥੇ ਨਾਲ ਜਾਣ ਵਾਸਤੇ ਲੱਗੀ।
ਮੇਰੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਮੈਨੂੰ ਪਤਾ ਲੱਗਾ ਕਿ ਪੰਜਾਬ ਭਰ ਵਿੱਚੋਂ ਆਪਣੀ ਪ੍ਰਤੀ ਬੇਨਤੀ ਭੇਜਣ ਵਾਲਾ ਮੈਂ ਇਕਲੌਤਾ ਅਧਿਆਪਕ ਸੀ। ਮੇਰੇ ਨਾਲ ਸਕੱਤਰੇਤ ਦਫਤਰ ਵਿਚੋਂ ਬਲਜੀਤ ਸਿੰਘ ਪੀਏ ਟੂ ਮਨਜੀਤ ਸਿੰਘ ਸਿਰਸਾ, ਕੁਲਵੰਤ ਸਿੰਘ ਅਤੇ ਡੇਅਰੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਜਸਬੀਰ ਸਿੰਘ ਸਨ ।
ਮੈਂ ਪਾਕਿਸਤਾਨ ਜਾਣ ਜਾਣ ਦੇ ਹੁਕਮ ਨਿਜੀ ਤੌਰ ਤੇ ਸਕੱਤਰੇਤ ਦਫ਼ਤਰ ਚੰਡੀਗੜ੍ਹ ਤੋਂ ਲੈ ਕੇ ਆਇਆ ਅਤੇ ਇਸ ਦੀ ਕਾਪੀ ਸਕੂਲ ਨੂੰ ਵੀ ਈ ਮੇਲ ਕਰਵਾਈ। ਪਰ ਮੇਰੀ ਰਵਾਨਗੀ ਤੋਂ ਇਕ ਦਿਨ ਪਹਿਲਾਂ ਹੀ ਪ੍ਰਿੰਸੀਪਲ ਮੈਡਮ ਮੈਨੂੰ ਫਾਰਗ ਕਰਨ ਤੋਂ ਹਿਚਕਚਾਹਟ ਮਹਿਸੂਸ ਕਰਨ ਲੱਗੇ ।ਮੈਨੂੰ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਪ੍ਰਵਾਨਗੀ ਲੈਣ ਵਾਸਤੇ ਭੇਜਿਆ ਪਰ ਮੈਂ ਸਕੱਤਰੇਤ ਦਫਤਰ ਫੋਨ ਕਰਕੇ ਦੁਬਾਰਾ ਫਿਰ ਸਕੂਲ ਨੂੰ ਆਰਡਰ ਕਰਵਾਏ। ਇਸ ਉਪਰੰਤ ਮੈਡਮ ਨੇ ਮੈਥੋਂ ਹਲਫੀਆ ਬਿਆਨ ਲਿਆ ਕਿ ਮੈਂ ਸਫ਼ਰੀ ਭੱਤੇ ਭੱਤੇ ਦੀ ਕੋਈ ਮੰਗ ਨਹੀਂ ਕਰਾਂਗਾ ਜੋ ਕਿ ਮੇਰੇ ਜਾਰੀ ਹੋਏ ਹੁਕਮਾਂ ਦੇ ਬਿਲਕੁਲ ਉਲਟ ਸੀ।
ਮੈਨੂੰ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੇ ਮੁਕਾਬਲੇ ਪੰਦਰਾਂ ਵੀਹ ਹਜ਼ਾਰ ਰੁਪਏ ਨਿਰਮੂਲ ਜਾਪੇ। ਨਨਕਾਣਾ ਸਾਹਿਬ ਦੇ ਦਰਸ਼ਨਾਂ ਦੇ ਮੁਕਾਬਲੇ ਪੰਦਰਾਂ ਵੀਹ ਹਜ਼ਾਰ ਰੁਪਏ ਮੈਨੂੰ ਨਿਰਮੂਲ ਜਾਪੇ ।
ਮੈ ਮਨ ਵਿੱਚ ਧਾਰ ਚੁੱਕਾ ਸੀ ਕਿ ਜੇਕਰ ਮੈਨੂੰ ਸਕੂਲ ਵੱਲੋਂ ਨਹੀਂ ਵੀ ਭੇਜਿਆ ਜਾਂਦਾ ਤਾਂ ਮੈਂ ਆਪਣੀ ਕਮਾਈ ਛੁੱਟੀ ਲੈ ਕੇ ਨਨਕਾਣਾ ਸਾਹਿਬ ਜ਼ਰੂਰ ਜਾਵਾਂਗਾ ।
ਉਸੇ ਵਰ੍ਹੇ ਸਰਜੀਕਲ ਸਟ੍ਰਾਈਕ ਹੋਣ ਕਾਰਨ ਭਾਰਤ ਪਾਕਿਸਤਾਨ ਦੇ ਹਾਲਾਤ ਸਾਜ਼ਗਾਰ ਤਾਂ ਨਹੀਂ ਸਨ ਪਰ ਸਾਨੂੰ ਪ੍ਰੋਟੋਕਾਲ ਵੀਜ਼ੇ ਜਾਰੀ ਹੋ ਚੁੱਕੇ ਸਨ ।
ਮੁੱਲਾਂਪੁਰ ਤੋਂ ਹੀ ਮੈਨੂੰ ਪੁਰਾਣੇ ਸਾਥੀ ਪ੍ਰਿੰਸੀਪਲ ਗੁਰਮੁਖ ਸਿੰਘ ਪੋਹੀੜ ਮਿਲ ਗਏ ਜਿਨ੍ਹਾਂ ਸੰਗ ਮੇਰੀ ਯਾਤਰਾ ਬਹੁਤ ਚੰਗੇ ਪਲਾਂ ਵਿੱਚ ਗੁਜ਼ਰੀ ਅਟਾਰੀ ਸਟੇਸ਼ਨ ਤੋਂ ਲਗਪਗ ਦੋ ਹਜ਼ਾਰ ਸ਼ਰਧਾਲੂਆਂ ਸਮੇਤ ਅਸੀਂ ਪਾਕਿਸਤਾਨ ਪੁੱਜੇ । ਪਾਕਿਸਤਾਨੀਆਂ ਵੱਲੋਂ ਸਾਡਾ ਨਿੱਘਾ ਸਵਾਗਤ ਕੀਤਾ ਗਿਆ। ਸਾਡੇ ਜਥੇ ਦੇ ਨਾਲ ਪਾਕਿਸਤਾਨ ਇਵੈਕਿਊ ਟਰੱਸਟ ਬੋਰਡ ਦੇ ਮੁਲਾਜ਼ਮ ਤਾਇਨਾਤ ਸਨ। ਇਸ ਤੋਂ ਇਲਾਵਾ ਭਾਰੀ ਭਾਰੀ ਪੁਲੀਸ ਸੁਰੱਖਿਆ ਦੇ ਪ੍ਰਬੰਧ ਵੀ ਸਨ। ਨਨਕਾਣਾ ਸਾਹਿਬ ਦਾ ਅਲੌਕਿਕ ਨਜ਼ਾਰਾ ਸ਼ਬਦਾਂ ਦੇ ਬਿਆਨ ਤੋਂ ਬਾਹਰ ਹੈ। ਦੇਸ਼ ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਵਿਚ ਅਥਾਹ ਸ਼ਰਧਾ ,ਪਾਕਿਸਤਾਨੀ ਸਿੰਧੀ ਸਿੱਖਾਂ ਦੀ ਸੇਵਾ ਭਾਵਨਾ ਥਾਂ ਥਾਂ ਤੇ ਭਾਂਤ ਭਾਂਤ ਦੇ ਪਕਵਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਜਦਾ ਕਰਦੇ ਹਿੰਦੂ ,ਸਿੱਖ ,ਮੁਸਲਮਾਨ ਇਕ ਅਦੁੱਤੀ ਅਧਿਆਤਮ ਦਾ ਨਮੂਨਾ ਪੇਸ਼ ਕਰਦੇ ਸਨ।
ਇਸ ਉਪਰੰਤ ਅਸੀਂ ਪੰਜਾ ਸਾਹਿਬ, ਕਰਤਾਰਪੁਰ ਸਾਹਿਬ, ਚੂਨਾ ਮੰਡੀ ਲਾਹੌਰ ,ਕਿਲ੍ਹਾ ਲਾਹੌਰ, ਡੇਰਾ ਸੱਚਾ ਸੌਦਾ ਤੋਂ ਇਲਾਵਾ ਅਨੇਕਾਂ ਹੀ ਛੋਟੇ ਵੱਡੇ ਗੁਰਧਾਮਾਂ ਦੇ ਦਰਸ਼ਨ ਬੜੀ ਸ਼ਰਧਾ ਹੁਲਾਸ ਅਤੇ ਉਤਸ਼ਾਹ ਨਾਲ ਕੀਤੇ ।ਪਾਕਿਸਤਾਨੀਆਂ ਵੱਲੋਂ ਬੜਾ ਸਨੇਹ, ਪਿਆਰ, ਸਤਿਕਾਰ ਅਤੇ ਸਨਮਾਨ ਮਿਲਿਆ ਵੱਖ ਵੱਖ ਥਾਵਾਂ ਤੇ ਉਹ ਸਾਡੇ ਨਾਲ ਫੋਟੋਆਂ ਖਿਚਵਾਉਂਦੇ ਰਹੇ ।ਮੀਡੀਆ ਤੇ ਪ੍ਰੈਸ ਵਾਲੇ ਸਾਡੇ ਕੋਲੋਂ ਭਾਰਤ ਪਾਕਿ ਸਬੰਧਾਂ ਦੇ ਵਿਚਾਰ ਜਾਣਦੇ ਰਹੇ ।ਕੋਈ ਸ਼ੱਕ ਨਹੀਂ ਕਿ ਆਰਥਿਕ ਪੱਖੋਂ ਪਾਕਿਸਤਾਨ ਭਾਰਤ ਦੇ ਮੁਕਾਬਲਤਨ ਪਛੜਿਆ ਮੁਲਕ ਹੈ ਪਰ ਬੋਲੀ ,ਸੱਭਿਆਚਾਰ, ਪਹਿਰਾਵਾ ,ਦਿੱਖ, ਪਿਆਰ, ਮੁਹੱਬਤ ਭਾਵਨਾਵਾਂ ਤੋਂ ਤਾਂ ਮੈਨੂੰ ਓਪਰਾ ਮੁਲਕ ਨਹੀਂ ਜਾਪਿਆ ।
ਭਾਵੇਂ ਕਿ ਮੈਂ ਕੈਨੇਡਾ ਦੇ ਟੂਅਰ ਵਿੱਚ ਅਸਫਲ ਰਿਹਾ। ਪਰ ਅਧਿਆਤਮਕਤਾ ਅਤੇ ਰੂਹਾਨੀਅਤ ਨਾਲ ਲਬਰੇਜ਼ ਪਾਕਿਸਤਾਨ ਦੀ ਯਾਤਰਾ ਅਤੇ ਪਾਕਿਸਤਾਨੀਆਂ ਤੋਂ ਮਿਲੇ ਬੇਸ਼ਕੀਮਤੀ ਸਨੇਹ ਤੇ ਪਿਆਰ ਨਾਲ ਮਨ ਨੂੰ ਅਥਾਹ ਸਕੂਨ ਮਿਲਿਆ ਜੋ ਹਮੇਸ਼ਾਂ ਮੇਰੇ ਚੇਤਿਆਂ ਵਿੱਚ ਵਸਦਾ ਰਹੇਗਾ ।
ਮਾਸਟਰ ਹਰਭਿੰਦਰ “ਮੁੱਲਾਂਪੁਰ” ਸੰਪਰਕ
95308-20106
ਗੁਰ ਸੁੱਖ ਨਿਵਾਸ, ਪੁਰਾਣੀ ਮੰਡੀ, ਮੰਡੀ ਮੁੱਲਾਂਪੁਰ, ਜ਼ਿਲ੍ਹਾ ਲੁਧਿਆਣਾ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly