ਕੈਨੇਡਾ ‘ਚ ਪੀ.ਆਰ ਪਿੰਡ ਸੰਤੂ ਵਾਲਾ ਦੀ ਰਾਜਪ੍ਰੀਤ ਕੌਰ ਨੇ ਪਿੰਡ ਭਲੂਰ ਦੇ ਕਿਸਾਨ ਪਰਿਵਾਰ ਨਾਲ ਕੀਤੀ ਲੱਖਾਂ ਰੁਪਏ ਦੀ ਧੋਖਾਧੜੀ

ਰਾਜਪ੍ਰੀਤ ਕੌਰ

ਸਮਾਲਸਰ ਥਾਣੇ ਵੱਲੋਂ ਰਾਜਪ੍ਰੀਤ ਕੌਰ ਅਤੇ ਉਸਦੇ ਪਰਿਵਾਰਕ ਮੈਂਬਰਾਂ ‘ਤੇ ਕੇਸ ਦਰਜ 

ਮੋਗਾ, (ਸਮਾਜ ਵੀਕਲੀ) (ਬੇਅੰਤ ਗਿੱਲ) ਹਲਕਾ ਬਾਘਾਪੁਰਾਣਾ ਦੇ ਨਾਮਵਰ ਪਿੰਡ ਭਲੂਰ ਦੇ ਵਸਨੀਕ ਗੁਰਦੀਪ ਸਿੰਘ ਸਪੁੱਤਰ ਕਰਮਜੀਤ ਸਿੰਘ ਦੇ ਪਰਿਵਾਰ ਨੂੰ ਵੀ ਇਕ ਤੇਜ਼ ਤਰਾਰ ਅਤੇ ਧੋਖਾਧੜੀ ਦੀ ਮਾਹਰ ਲੜਕੀ ਵੱਲੋਂ ਲੱਖਾਂ ਰੁਪਏ ਦਾ ਚੂਨਾ ਲਗਾਏ ਜਾਣ ਦੀ ਪੁਲਿਸ ਪ੍ਰਸ਼ਾਸਨ ਅੰਦਰ ਇਤਲਾਹ ਦਰਜ਼ ਹੋਈ ਹੈ ਅਤੇ ਥਾਣਾ ਸਮਾਲਸਰ ਵੱਲੋਂ ਲੜਕੀ ਅਤੇ ਉਸਦੇ ਪਰਿਵਾਰਕ ਮੈਂਬਰਾਂ ‘ਤੇ ਕੇਸ ਦਰਜ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਪਿੰਡ ਭਲੂਰ ਦੇ ਗੁਰਦੀਪ ਸਿੰਘ ਦੇ ਸਪੁੱਤਰ ਅਰਸ਼ਦੀਪ ਸਿੰਘ ਨਾਲ ਵਿਆਹ ਵਰਗੇ ਪਵਿੱਤਰ ਬੰਧਨ ਵਿੱਚ ਬੱਝ ਕੇ  ਅਤੇ ਉਸਦੇ ਲੱਖਾਂ ਰੁਪਏ ਦੇ ਸਿਰ ‘ਤੇ ਕੈਨੇਡਾ ਪਹੁੰਚੀ ਰਾਜਪ੍ਰੀਤ ਕੌਰ ਨੇ ਉਕਤ ਪਰਿਵਾਰ ਨੂੰ ਵੱਡਾ ਧੋਖਾ ਦਿੱਤਾ ਹੈ। ਉਸਨੇ ਇਸ ਕਦਰ ਪੈਰ ਛੱਡ ਦਿੱਤੇ ਹਨ ਕਿ ਪਤੀ ਪਤਨੀ ਦੇ ਰਿਸ਼ਤੇ ਨੂੰ ਵੀ ਤਾਰ ਤਾਰ ਕਰ ਦਿੱਤਾ ਹੈ। ਪੰਜਾਬ ਦੀਆਂ ਹੋਰਾਂ ਲੱਖਾਂ ਧੀਆਂ ਦਾ ਭਵਿੱਖ ਵੀ ਖ਼ਤਰੇ ਵਿਚ ਪਾ ਦਿੱਤਾ ਹੈ। ਇਸ ਮੌਕੇ ਗੁਰਦੀਪ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਸੰਤੂ ਵਾਲਾ ਦੇ ਧੋਖੇਬਾਜ਼ ਪਰਿਵਾਰ ਨੇ ਆਪਣੀ ਲੜਕੀ ਨੂੰ ਵਰਤ ਕੇ ਸਾਡੇ ਨਾਲ ਨਾ- ਸਹਿਣਯੋਗ ਦਗਾ ਕੀਤਾ ਹੈ। ਪੈਸੇ ਦੇ ਲਾਲਚੀ ਲੋਕਾਂ ਨੇ ਜਿੱਥੇ ਪਿੰਡ ਸੰਤੂ ਵਾਲਾ ਦਾ ਨਾਂਅ ਬਦਨਾਮ ਕੀਤਾ ਹੈ, ਉੱਥੇ ਹੀ ਸਮਾਜ ਨੂੰ ਬੁਰੀ ਤਰ੍ਹਾਂ ਕਲੰਕਿਤ ਕੀਤਾ ਹੈ। ਖ਼ਬਰ ਮਿਲੀ ਹੈ ਕਿ ਉਕਤ ਧੋਖੇਬਾਜ਼ ਲੜਕੀ ਦੇ ਖਿਲਾਫ ਸਮਾਲਸਰ ਪੁਲਿਸ ਨੇ 420,120 ਬੀ ਦਾ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਮਾਲਸਰ ਪੁਲਿਸ ਦੇ ਏ.ਐੱਸ.ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਭਲੂਰ ਦੇ ਇੱਕ ਵਿਅਕਤੀ ਗੁਰਦੀਪ ਸਿੰਘ ਨੇ ਐੱਸ.ਐੱਸ.ਪੀ ਮੋਗਾ ਨੂੰ ਦਰਖ਼ਾਸਤ ਦਿੱਤੀ ਸੀ ਕਿ ਉਸ ਦੇ ਲੜਕੇ ਅਰਸ਼ਦੀਪ ਸਿੰਘ ਦਾ ਵਿਆਹ ਰਾਜਪ੍ਰੀਤ ਕੌਰ ਪੁੱਤਰੀ ਕੁਲਵੰਤ ਸਿੰਘ ਵਾਸੀ ਸੰਤੂ ਵਾਲਾ ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਨਾਲ 25 ਮਾਰਚ 2023 ਨੂੰ ਹੋਇਆ ਸੀ। ਰਾਜਪ੍ਰੀਤ ਦੇ ਕੋਲ ਕੈਨੇਡਾ ਦੀ ਪੀ.ਆਰ ਸੀ। ਵਿਆਹ ਕਰਵਾਉਣ ਬਦਲੇ 27 ਲੱਖ ਰੁਪਏ ਲੜਕੇ ਵਾਲਿਆਂ ਨੇ ਲੜਕੀ ਧਿਰ ਨੂੰ ਦੇਣੇ ਸਨ। ਲੜਕੇ ਦੇ ਪਿਤਾ ਗੁਰਦੀਪ ਸਿੰਘ ਨੇ ਵਿਆਹ ਤੋਂ ਪਹਿਲਾਂ 12 ਲੱਖ ਰੁਪਏ 2 ਮਾਰਚ 2023 ਨੂੰ ਅਤੇ 5 ਲੱਖ ਰੁਪਏ 14 ਮਾਰਚ 2023 ਨੂੰ ਰਾਜਪ੍ਰੀਤ ਕੌਰ ਦੇ ਖਾਤੇ ਵਿੱਚ ਪਾਏ ਅਤੇ ਵਿਆਹ ‘ਤੇ 10 ਲੱਖ ਰੁਪਏ ਖਰਚਾ ਵੀ ਲੜਕੇ ਪਰਿਵਾਰ ਵੱਲੋਂ ਕੀਤਾ ਗਿਆ। ਲੜਕੇ ਲੜਕੀ ਦਾ ਵਿਆਹ ਬੜੀ ਧੂਮ ਧਾਮ ਨਾਲ ਹੋਇਆ। ਵਿਆਹ ਤੋਂ ਕਰੀਬ ਮਹੀਨਾ ਮਗਰੋਂ ਹੀ 21 ਅਪ੍ਰੈਲ 2023 ਨੂੰ ਲੜਕੀ ਕੈਨੇਡਾ ਚਲੀ ਗਈ।  ਕੈਨੇਡਾ ਜਾਣ ਮਗਰੋਂ ਲੜਕੀ ਰਾਜਪ੍ਰੀਤ ਕੌਰ ਨੇ ਅਰਸ਼ਦੀਪ ਸਿੰਘ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਇਸ ਗੱਲ ਤੋਂ ਪ੍ਰੇਸ਼ਾਨ ਲੜਕੇ ਦੇ ਪਿਤਾ ਗੁਰਦੀਪ ਸਿੰਘ ਨੇ ਰਾਜਪ੍ਰੀਤ ਕੌਰ ਦੇ ਪਿਤਾ ਕੁਲਵੰਤ ਸਿੰਘ, ਮਾਤਾ ਹਰਜੀਤ ਕੌਰ, ਭਰਾ ਗੁਰਮਨ ਸਿੰਘ, ਨਾਨਾ ਬਲਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਹ ਟਾਲ ਮਟੋਲ ਕਰ ਗਏ ਅਤੇ ਬਾਅਦ ਵਿੱਚ ਕਿਹਾ ਕਿ ਰਾਜਪ੍ਰੀਤ ਕੌਰ ਨੇ ਲੜਕੇ ਨੂੰ ਕੈਨੇਡਾ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਮਗਰੋਂ ਪ੍ਰੇਸ਼ਾਨ ਗੁਰਦੀਪ ਸਿੰਘ ਨੇ ਮਾਨਯੋਗ ਐੱਸ.ਐੱਸ.ਪੀ ਮੋਗਾ ਨੂੰ ਇਸ ਸਬੰਧੀ ਦਰਖਾਸਤ ਦਿੱਤੀ ਤਾਂ ਪੰਚਾਇਤ ਨੇ ਰਾਜੀਨਾਮਾ ਕਰਵਾ ਦਿੱਤਾ। ਜਿਸ ਵਿੱਚ ਲੜਕੀ ਧਿਰ ਨੇ ਲੜਕੇ ਵਾਲਿਆਂ ਨੂੰ 27 ਲੱਖ ਰੁਪਏ ਦੇਣੇ ਸਨ । 17 ਲੱਖ ਰੁਪਏ ਦਾ ਚੈੱਕ ਲੜਕੀ ਵਾਲਿਆਂ  ਨੇ ਲੜਕੇ ਦੇ ਪਿਤਾ ਗੁਰਦੀਪ ਸਿੰਘ ਦੇ ਨਾਂ ਕੱਟ ਕੇ ਇੱਕ ਸਾਂਝੇ ਵਿਅਕਤੀ  ਨੂੰ ਦੇ ਦਿੱਤਾ ਜੋ ਗੁਰਦੀਪ ਸਿੰਘ ਨੇ ਕੈਸ਼ ਕਰਵਾ ਲਿਆ। ਰਾਜੀਨਾਮੇ ਅਨੁਸਾਰ ਦੋਹਾਂ ਧਿਰਾਂ ਨੇ ਮਾਨਯੋਗ ਅਦਾਲਤ ਵਿੱਚ ਤਲਾਕ ਦਾ ਕੇਸ ਦਰਜ ਕਰਨਾ ਸੀ ਅਤੇ 10 ਲੱਖ ਦਾ ਹੋਰ ਚੈੱਕ ਲੜਕੀ ਧਿਰ ਵੱਲੋਂ ਲੜਕੇ ਧਿਰ ਵਾਲਿਆਂ ਨੂੰ ਦਿੱਤਾ ਗਿਆ ਸੀ ਜੋ ਕਿ ਤਲਾਕ ਮਨਜ਼ੂਰ ਹੋਣ ਮਗਰੋਂ ਕੈਸ਼ ਕਰਵਾਇਆ ਜਾਣਾ ਸੀ ਪਰ ਮਗਰੋਂ ਲੜਕੀ ਧਿਰ  ਤਲਾਕ ਦਾ ਕੇਸ ਦਰਜ ਕਰਵਾਉਣ ਤੋਂ ਹੀ ਮੁੱਕਰ ਗਈ। ਪੂਰੀ ਜਾਂਚ ਕਰਨ ਮਗਰੋਂ ਸਮਾਲਸਰ ਥਾਣੇ ਦੇ ਏਐਸਆਈ ਕੁਲਦੀਪ ਸਿੰਘ ਨੇ ਰਾਜਪ੍ਰੀਤ ਕੌਰ ਪੁੱਤਰੀ ਕੁਲਵੰਤ ਸਿੰਘ, ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ, ਹਰਜੋਤ ਕੌਰ ਪਤਨੀ ਕੁਲਵੰਤ ਸਿੰਘ, ਗੁਰਮਨ ਸਿੰਘ ਪੁੱਤਰ ਕੁਲਵੰਤ ਸਿੰਘ, ਸਾਰੇ ਵਾਸੀ ਸੰਤੂ ਵਾਲਾ ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਅਤੇ ਬਲਦੇਵ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਮੱਲੇ ਸ਼ਾਹ ਖਿਲਾਫ 420, 120 ਬੀ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਧਿਰ ਲੜਕੇ ਵਾਲਿਆਂ ਨੇ ਪੰਜਾਬ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਨਾਂ ਨੂੰ ਜਲਦੀ ਤੋਂ ਜਲਦੀ ਇਨਸਾਫ ਦਵਾਇਆ ਜਾਵੇ। ਲੜਕੇ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਲੜਕਾ ਬਹੁਤ ਪ੍ਰੇਸ਼ਾਨੀ ਵਿੱਚ ਹੈ । ਗੁਰਦੀਪ ਸਿੰਘ ਨੇ ਕਿਹਾ ਕਿ ਪੈਸੇ ਦੇ ਲਾਲਚੀ ਲੋਕਾਂ ਨੇ ਆਪਣੀ ਲੜਕੀ ਦਾ ਸਹਾਰਾ ਲੈ ਕੇ ਉਹ ਗੁਨਾਹ ਕੀਤਾ ਹੈ, ਜਿਹੜਾ ਮਾਫੀਯੋਗ ਨਹੀਂ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਕਿਓਂ ਬੇਖੌਫ ਹਨ ਲੁਟੇਰੇ
Next articleਨਰਸਿੰਗ ਪ੍ਰੀਖਿਆਵਾਂ ‘ਚ ਬੇਨਿਯਮੀਆਂ ਦੇ ਦੋਸ਼ਾਂ ‘ਤੇ ਪੀ.ਐੱਨ.ਆਰ.ਸੀ. ਵਿਜੀਲੈਂਸ ਬਿਊਰੋ ਨੇ ਸਾਬਕਾ ਰਜਿਸਟਰਾਰ ਚਰਨਜੀਤ ਕੌਰ ਚੀਮਾ ਅਤੇ ਡਾ: ਅਰਵਿੰਦਰ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕੀਤਾ