(ਸਮਾਜ ਵੀਕਲੀ)
ਅਜਨਾਲਾ ਵਿਖੇ ਨੈਤਿਕ ਤੌਰ ਤੇ ਹਾਰ ਜਾਣ ਵਾਲੇ ਅੰਮ੍ਰਿਤਪਾਲ ਦੀ, ਖੁਦ ਨੂੰ ਜੇਤੂ ਸਮਝਣ ਵਾਲੀ ਖਰੂਦੀ ਵਹੀਰ ਦੇ ਨਿਸ਼ਾਨੇ ਤੇ ਆਇਆ ਇਹ ਨੌਜਵਾਨ ਐਸ ਐਸ ਪੀ ਤੇਜਵੀਰ ਸਿੰਘ ਹੁੰਦਲ਼ ਮੇਰੀ ਤਹਿਸੀਲ ਨਾਲ ਸੰਬੰਧਿਤ ਹੈ। ਤੇਜਬੀਰ ਦੇ ਮਾਤਾ ਜੀ ਪ੍ਰਾਇਮਰੀ ਅਧਿਆਪਕ ਵਜੋਂ ਮੇਰੇ ਨਾਲ ਹੀ ਬਲਾਕ ਰਈਆ ਵਿਚ 20 ਕੁ ਸਾਲ ਪਹਿਲਾਂ ਪੜ੍ਹਾਇਆਂ ਕਰਦੇ ਸਨ। ਉਹ ਇਕ ਸਾਧਾਰਨ ਮੱਧਵਰਗੀ, ਈਮਾਨ ਅਤੇ ਇਖ਼ਲਾਕ ਵਾਲੀਆਂ ਕਦਰਾਂ ਕੀਮਤਾਂ ਵਾਲੇ ਸਿੱਖ ਪਰਿਵਾਰ ਵਿਚ ਜਨਮ ਲੈ ਕੇ ਆਪਣੀ ਮਿਹਨਤ ਨਾਲ ਹਾਕੀ ਵਿਚ ਚਮਕਿਆ ਸਿਤਾਰਾ ਹੈ। ਉਸ ਖੇਡ ਦੀ ਬਦੌਲਤ ਹੀ ਅੱਜ ਉਹ ਇਸ ਉੱਚ ਅਹੁਦੇ ਤੇ ਪਹੁੰਚਿਆ ਹੈ। ਅੰਮ੍ਰਿਤਪਾਲ ਵਰਗੇ ਨਾਲਾਇਕ ਜੋ ਫ਼ੌਜ ਵਿਚ ਸਿਪਾਹੀ ਭਰਤੀ ਹੋਣ ਦੀ ਯੋਗਤਾ ਵੀ ਨਹੀਂ ਰੱਖਦੇ, ਸਿੱਖਾਂ ਨੂੰ ਨੌਕਰੀਆਂ ਛੱਡਣ ਲਈ ਕਹਿ ਰਹੇ ਹਨ।
ਉਸ ਦੀ ਖਰੂਦੀ ਵਹੀਰ ਵਿੱਚੋਂ ਕਿਸੇ ਮੂਰਖ ਨੇ ਅਜਨਾਲੇ ਉਪੱਦਰ ਦੌਰਾਨ, ਅੰਤਰ ਰਾਸ਼ਟਰੀ ਹਾਕੀ ਖਿਡਾਰੀ ਐਸ ਪੀ ਜੁਗਰਾਜ ਸਿੰਘ ਦੇ ਸਿਰ ਵਿਚ ਤਲਵਾਰ ਮਾਰੀ ਸੀ, ਉਸ ਧੋਤਵੇਂ ਦਿਮਾਗ਼ ਵਾਲੇ ਨੇ ਪਤਾ ਨਹੀਂ ਕਦੀ ਗੁੱਲੀ ਡੰਡੇ ਵਿਚ ਫ਼ਾਕਾ ਵੀ ਮਾਰਿਆ ਹੋਣਾ ਕਿ ਨਹੀਂ ? ਐਸ ਐਸ ਪੀ ਤੇਜਬੀਰ ਸਿੰਘ ਹੁੰਦਲ਼, ਐਸ ਪੀ ਜੁਗਰਾਜ ਸਿੰਘ ਸੰਨ੍ਹ 2001 ਵਿਚ ਜੂਨੀਅਰ ਹਾਕੀ ਵਰਲਡ ਕੱਪ ਜਿੱਤਣ ਵਾਲੀ ਟੀਮ ਵਿਚ ਇਕੋ ਹੀ ਤਹਿਸੀਲ ਬਾਬਾ ਬਕਾਲਾ ਦੇ ਪੰਜ ਖਿਡਾਰੀਆਂ ਵਿੱਚੋਂ ਸਨ। ਅਜਨਾਲਾ ਵਿਖੇ ਜੋ ਵਾਪਰਿਆ ਉਸ ਵਿਚ ਤੇਜਬੀਰ ਸਿੰਘ ਇਕੱਲਾ ਕੋਈ ਧਿਰ ਨਹੀਂ ਹੈ। ਅੰਮ੍ਰਿਤਪਾਲ ਦੇ ਸਾਥੀਆਂ ਨੂੰ ਡਿਬੂਰਗੜ੍ਹ ਜ਼ੇਲ੍ਹ ਲੈ ਕੇ ਜਾਣਾ ਉਸਦੀ ਡਿਊਟੀ ਹੈ।
ਉਹ ਉਸ ਪੁਲਿਸ ਪ੍ਰਸ਼ਾਸਨ ਦਾ ਹਿੱਸਾ ਹੈ, ਜੋ ਅਮਨ ਅਤੇ ਕਾਨੂੰਨ ਨੂੰ ਬਹਾਲ ਕਰਨ ਲਈ ਨਿਗਰਾਨ ਅਤੇ ਜ਼ਿੰਮੇਵਾਰ ਹੈ। ਇਕ ਥਾਣੇ ਤੇ ਹਮਲਾ ਕਰਦਿਆਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਇਸਤੇਮਾਲ ਕਰਦਿਆਂ ਅੰਮ੍ਰਿਤਪਾਲ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਹਰ ਜਗ੍ਹਾ ਸਾਹਮਣੇ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਦਾ ਪੋਤਰਾ ਪੁਲਸ ਅਫਸਰ ਨਹੀਂ ਹੋਵੇਗਾ। ਇਹ ਮੌਕੇ ਦੇ ਪੁਲਸ ਕਰਮਚਾਰੀਆਂ ਦੀ ਕੁਤਾਹੀ ਜਾਂ ਕਾਇਰਤਾ ਨਹੀਂ, ਜੋ ਉਨ੍ਹਾਂ ਨੇ ਆਪਣਾ ਫ਼ਰਜ਼ ਨਿਭਾਉਂਦਿਆਂ ਆਪਣੇ ਸਿਰ ਪੜਵਾ ਕੇ, ਪੱਗਾਂ ਲੁਹਾ ਕੇ ਵੀ ਮੱਛਰੀ ਹੋਈ ਭੀੜ ਤੇ ਗੋਲੀ ਨਹੀਂ ਚਲਾਈ।
ਅਜਨਾਲੇ ਵਿਚ ਹੋਈ ਹਿੰਸਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਈ ਨਹੀਂ ਜਾ ਸਕਦੀ। ਇਸ ਦੇ ਤਹਿਤ ਜਿਉਂ ਹੀ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਤੇ ਪਰਚਾ ਦਰਜ ਹੋਇਆ ਤਾਂ ਬਿਆਨ ਦੇਣ ਵਾਲੇ ਪੁਲਸ ਅਫਸਰਾਂ ਨੂੰ ਫੇਸਬੁੱਕੀ ਯੋਧਿਆਂ ਨੇ ਗ਼ੱਦਾਰ, ਦਲਾਲ, ਬੁੱਚੜ ਆਦਿ ਦੇ ਸਰਟੀਫਿਕੇਟ ਵੰਡਣੇ ਸ਼ੁਰੂ ਕਰ ਦਿੱਤੇ। ਗਾਲ੍ਹਾਂ ਕੱਢਣ ਵਾਲੀ ਟਰੋਲ ਆਰਮੀ ਨੇ ਐਸਾ ਮਾਹੌਲ ਸਿਰਜ ਦਿੱਤਾ ਕਿ ਜਿਵੇਂ ਤੇਜਬੀਰ ਸਿੰਘ ਹੁੰਦਲ਼ ਸਿੱਖ ਅਤੇ ਪੰਜਾਬੀ ਹੋ ਹੀ ਨਹੀਂ ਸਕਦਾ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਨ੍ਹਾਂ ਬਹੁਤ ਸਾਰੇ ਸਿੱਖ ਹੋਣ ਦਾ ਦਾਅਵਾ ਕਰਦੇ ਲੋਕਾਂ ਨਾਲ਼ੋਂ ਤੇਜਬੀਰ ਸਿੰਘ ਬਹੁਤ ਵਧੀਆ ਸਿੱਖ ਹੈ। ਸਾਡੇ ਮਨਾਂ ਵਿਚ ਪੁਲਸ ਵਿਭਾਗ ਪ੍ਰਤੀ ਬਣੀ ਹੋਈ ਧਾਰਨਾ ਨੂੰ ਜਦੋਂ ਧਰਮ ਦੀ ਹਵਾ ਮਿਲਦੀ ਹੈ ਤਾਂ ਇਹ ਨਫ਼ਰਤ ਦੀ ਅੱਗ ਵਿਚ ਬਦਲ ਜਾਂਦੀ ਹੈ। ਜਿਹੜੇ ਕਾਲੇ ਦੌਰ ਵਿਚ ਹੁਣ ਫੇਸਬੁੱਕ ਤੇ ਚੱਲਦਾ ਗੂਠਾ ਉਦੋਂ ਚੁੰਘਿਆ ਕਰਦੇ ਸਨ, ਉਹਨਾਂ ਨੂੰ ਕੀ ਪਤਾ ਕਿ ਅੱਤਵਾਦ ਦੀ ਅੱਗ ਨੇ ਆਪਣੀ ਲਪੇਟ ਵਿਚ ਕੀ ਕੀ ਲੈ ਲਿਆ ਸੀ ?
ਪੁਲਸ ਮੁਲਾਜ਼ਮ ਹੋਣ ਕਰਕੇ ਹੀ ਨਹੀਂ, ਉਦੋਂ ਤਾਂ ਰਾਤ ਕੁੱਤਾ ਭੌਂਕਣ ਤੇ, ਲਾਈਟ ਜਗਦੀ ਹੋਣ ਤੇ ਵੀ ਸੋਧਾ ਲੱਗ ਸਕਦਾ ਸੀ। ਇਕ ਬਿਜਲੀ ਬੋਰਡ ਦਾ ਲਾਈਨਮੈਨ ਇਸ ਲਈ ਮਾਰ ਦਿੱਤਾ ਕਿ ਉਸ ਨੇ ਕਿਸੇ ਪਨਾਹਗੀਰ ਦੀ ਬਿਜਲੀ ਦੀ ਕੁੰਡੀ ਲਾਈ ਫੜ ਲਈ ਸੀ। ਇਕ ਨਾਈ ਇਸ ਲਈ ਮਾਰ ਦਿੱਤਾ ਕਿ ਉਹ ਵਾਲ ਕਿਉਂ ਕੱਟਦਾ ਹੈ। ਅਖ਼ਬਾਰਾਂ ਵੰਡਣ ਵਾਲੇ 50 ਦੇ ਕਰੀਬ ਗਰੀਬ ਹਾਕਰ ਇਸ ਲਈ ਮਾਰ ਦਿੱਤੇ ਕਿ ਉਹਨਾਂ ਫਲਾਣੀ ਅਖਬਾਰ ਜਾਂ ਫਲਾਣੇ ਦਿਨ ਦੀ ਅਖਬਾਰ ਕਿਉਂ ਵੰਡੀ। ਤਰਸਿੱਕੇ ਲਾਗੇ ਇਕ ਹਿੰਦੀ ਦੀ ਅਧਿਆਪਕਾ ਇਸ ਲਈ ਮਾਰ ਦਿੱਤੀ ਕਿ ਉਹ ਪ੍ਰਾਰਥਨਾ ਸਭਾ ਵਿਚ ਰਾਸ਼ਟਰੀ ਗੀਤ ਬਲਾਉਂਦੀ ਸੀ। ਲੋਪੋਕੇ ਦੇ ਬਜ਼ਾਰ ਵਿਚ ਪ੍ਰਸਿੱਧ ਲੇਖਕ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਪੋਤਰਿਆਂ ਵਿੱਚੋਂ ਇਕ ਪੱਗੜੀਧਾਰੀ ਭਰਾ ਰੱਤੀ ਕੰਤ ਸਿੰਘ ਦੇ ਨਾਲ਼ੋਂ ਨਿਖੇੜ ਕੇ ਦੂਜੇ ਭਰਾ ਸੁਮੀਤ ਸਿੰਘ ਨੂੰ ਇਸ ਲਈ ਗੋਲੀ ਮਾਰ ਦਿੱਤੀ ਕਿ ਉਸ ਨੇ ਪੱਗ ਨਹੀਂ ਬੰਨੀ ਸੀ।
ਤਰਨਤਾਰਨ ਕੋਲ ਇਕ ਇਮਤਿਹਾਨ ਕੰਟ੍ਰੋਲਰ ਅਧਿਆਪਕ ਨੂੰ ਇਸ ਲਈ ਗੋਲੀ ਮਾਰ ਦਿੱਤੀ ਕਿ ਉਹ ਨਕਲ ਕਰਵਾਉਣ ਤੋਂ ਰੋਕਦਾ ਸੀ। ਚੀਮਾਬਾਠ ਵਿਚ ਸੇਵਾ ਮੁਕਤ ਠਾਣੇਦਾਰ ਜੋਗਿੰਦਰ ਸਿੰਘ ਬਾਠ ਨੂੰ ਇਸ ਲਈ ਗੋਲੀ ਮਾਰ ਦਿੱਤੀ ਕਿ ਉਹ ਗਲੀ ਵਿਚ ਆਸ਼ਕੀ ਕਰਨ ਆਉਂਦੇ ਅਖੌਤੀ ਖਾੜਕੂਆਂ ਨੂੰ ਰੋਕਦਾ ਸੀ। ਪਿੰਡ ਭਲੋਜਲਾ ਵਿਖੇ ਇਕ ਪਨਾਹ ਦੇਣ ਹਿੰਦੂ ਪਰਿਵਾਰ ਨੂੰ ਹੀ ਗੋਲੀਆਂ ਮਾਰ ਦਿੱਤੀਆਂ ਕਿ ਉਹ ਮੁਕਾਬਲੇ ਵਿਚ ਆਪਣਾ ਸਾਥੀ ਸ਼ਹੀਦ ਕਰਵਾ ਕੇ ਆਏ ਹਨ ਤੇ ਤੁਸੀਂ ਮੀਟ ਕਿਉਂ ਬਣਾਇਆ ਹੈ। ਰਈਆ ਲਾਗੇ ਇਕ ਪਿੰਡ ਦੇ ਨੌਜਵਾਨ ਦੀਆਂ ਚਾਕੂ ਨਾਲ ਅੱਖਾਂ ਕੱਢ ਦਿੱਤੀਆਂ ਕਿ ਜਿਸ ਘਰ ਸਾਡੀ ਠਾਹਰ ਹੈ, ਉਹਨਾਂ ਦੀ ਕੁੜੀ ਨਾਲ ਸੰਬੰਧ ਬਣਾਉਣ ਦੀ ਤੇਰੀ ਜੁਰਅਤ ਕਿਵੇਂ ਹੋਈ। ਡਿਪਟੀ ਚੀਫ਼ ਬਲਵਿੰਦਰ ਸ਼ਾਹਪੁਰੀਏ ਨੇ ਆਟੋ ਵਿਚ ਆਪਣੀ ਘਰਵਾਲੀ ਨਾਲ ਲੱਤ ਖਹਿ ਜਾਣ ਤੇ ਹੀ ਇਕ ਸਥਾਨਿਕ ਬੰਦਾ ਮਾਰ ਦਿੱਤਾ ਸੀ।
ਇਹ ਸਾਧਾਰਨ ਲੋਕਾਂ ਨਾਲ ਵਾਪਰੀਆਂ ਹਜ਼ਾਰਾਂ ਘਟਨਾਵਾਂ ਵਿੱਚੋਂ ਬਹੁਤ ਥੋੜੀਆਂ ਜਹੀਆਂ ਉਦਹਾਰਨਾਂ ਹਨ। ਇਸ ਕਰਕੇ ਇਸ ਅੱਗ ਨੂੰ ਹਵਾ ਦੇਣ ਜਾ ਤੇਲ ਪਾਉਣ ਦੀ ਗਲਤੀ ਨਾ ਕਰਿਆ ਕਰੋ। ਇਹਨਾਂ ਲਪਟਾਂ ਦਾ ਸੇਕ ਤੁਹਾਡੀਆਂ ਬਰੂਹਾਂ ਤੀਕ ਵੀ ਪਹੁੰਚ ਸਕਦਾ ਹੈ। ਤੇਜਬੀਰ ਸਿੰਘ ਹੁੰਦਲ਼ ਵਰਗੇ ਅਫਸਰਾਂ ਦੀ ਜਗ੍ਹਾ ਆਪਣਾ ਪੁੱਤ ਜਾਂ ਭਰਾ ਰੱਖ ਕੇ ਵਿਚਾਰਿਆ ਕਰੋ, ਜੇ ਹੱਸਦੇ/ਵੱਸਦੇ ਪੰਜਾਬ ਨੂੰ ਇਸ ਵਾਰ ਅੱਗ ਲਗਾਈ ਗਈ ਤਾਂ ਯਾਦ ਰੱਖਿਓ ਬਹੁਤ ਨੁਕਸਾਨ ਹੋਵੇਗਾ।
ਸਰਬਜੀਤ ਸੋਹੀ
ਆਸਟਰੇਲੀਆ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly