(ਸਮਾਜ ਵੀਕਲੀ)
ਬਦਲਣ ਦੀ ਕੋਈ ਉਮਰ ਨਹੀਂ ਹੁੰਦੀ।ਬਦਲਣ ਲਈ ਸਿਰਫ਼ ਇੱਛਾ ਦੀ ਲੋੜ ਹੁੰਦੀ ਹੈ।ਬਦਲਣ ਲਈ ਜ਼ਰੂਰਤ ਵੀ ਹੁੰਦੀ ਹੈ।ਮਨੁੱਖ ਨੂੰ ਜ਼ਰੂਰਤ ਇੱਛਾ ਤੇ ਹਾਲਾਤ ਮੁਤਾਬਿਕ ਬਦਲਣਾ ਚਾਹੀਦਾ ਹੈ।
ਬਦਲਾਅ ਕੁਦਰਤ ਦਾ ਨਿਯਮ ਹੈ।ਰੁੱਤਾਂ ਬਦਲਦੀਆਂ ਹਨ।ਦਿਨ ਰਾਤ ਬਦਲਦੇ ਹਨ।ਕੁਦਰਤੀ ਹਰ ਸ਼ੈਅ ਬਦਲਦੀ ਹੈ।ਮਨੁੱਖ ਨੂੰ ਵੀ ਆਪਣੇ ਚੰਗੇ ਲਈ ਤੇ ਸਮਾਜ ਦੇ ਚੰਗੇ ਲਈ ਬਦਲਣਾ ਚਾਹੀਦਾ ਹੈ।ਵਿਕਾਸ ਲਈ ਬਦਲਣਾ ਬਹੁਤ ਜ਼ਰੂਰੀ ਹੈ।
ਖੜੋਤ ਕਿਸੇ ਵੀ ਪੱਖ ਤੋਂ ਚੰਗੀ ਨਹੀਂ।ਵਿਚਾਰਾਂ ਦੀ ਖਲੋਤਾ ਬਹੁਤ ਹੀ ਹਾਨੀਕਾਰਕ ਹੈ।ਪਾਣੀ ਜੇਕਰ ਖੜ੍ਹਾ ਰਹੇ ਤਾਂ ਬਦਬੂ ਮਾਰਨ ਲੱਗਦਾ ਹੈ।ਪਾਣੀ ਵਹਿੰਦੇ ਹੀ ਚੰਗੇ ਲੱਗਦੇ ਹਨ।ਠੀਕ ਇਸੇ ਤਰ੍ਹਾਂ ਵਿਚਾਰਾਂ ਦੀ ਖੜੋਤ ਇਨਸਾਨ ਲਈ ਨੁਕਸਾਨਦੇਹ ਸਾਬਤ ਹੁੰਦੀ ਹੈ।
ਸਮਾਂ ਸਮਾਂ ਬਦਲਦਾ ਹੈ ਤਾਂ ਸਭ ਕੁਝ ਨਾਲ ਬਦਲ ਜਾਂਦਾ ਹੈ।ਆਦਿ ਮਾਨਵ ਤੋਂ ਲੈ ਕੇ ਹੁਣ ਤਕ ਵੇਖੀਏ ਤਾਂ ਬਹੁਤ ਕੁਝ ਬਦਲਿਆ ਹੈ।ਇਸ ਲਈ ਮਨੁੱਖ ਦੇ ਵਿਚਾਰਾਂ ਦਾ ਬਦਲਣਾ ਬਹੁਤ ਜ਼ਰੂਰੀ ਹੈ।ਆਪਣੇ ਆਲੇ ਦੁਆਲੇ ਨਜ਼ਰ ਮਾਰੋ ਜ਼ਿੰਦਗੀ ਹਰ ਪਲ ਬਦਲ ਰਹੀ ਹੈ।ਸਾਇੰਸ ਤੇ ਤਕਨਾਲੋਜੀ ਨੇ ਦੁਨੀਆਂ ਨੂੰ ਬਹੁਤ ਬਦਲ ਦਿੱਤਾ ਹੈ।ਇਨ੍ਹਾਂ ਸਾਰੇ ਬਦਲਾਅ ਨੇ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ।ਹਰ ਰੋਜ਼ ਨਵੀਂ ਕਾਢ ਹੋ ਰਹੀ ਹੈ ਜੋ ਮਨੁੱਖ ਦੇ ਜੀਵਨ ਨੂੰ ਹੋਰ ਆਸਾਨ ਕਰਦੀ ਜਾ ਰਹੀ ਹੈ।
ਜੇਕਰ ਮਨੁੱਖ ਆਪਣੇ ਬਦਲ ਰਹੇ ਆਲੇ ਦੁਆਲੇ ਦੇ ਨਾਲ ਆਪਣੀ ਵਿਚਾਰਧਾਰਾ ਨੂੰ ਨਾ ਬਦਲੇ ਤਾਂ ਉਹ ਆਪਣੇ ਸਮੇਂ ਤੋਂ ਬਹੁਤ ਪਿੱਛੇ ਰਹਿ ਜਾਏਗਾ।ਸਾਡੇ ਰਹਿਣ ਸਹਿਣ ਦੀ ਤਬਦੀਲੀ ਦੇ ਨਾਲ ਨਾਲ ਸਾਡੇ ਵਿਚਾਰਾਂ ਦਾ ਬਦਲਣਾ ਬਹੁਤ ਜ਼ਰੂਰੀ ਹੈ।ਸਾਡੇ ਸਮਾਜ ਦੀ ਇਕੋ ਇਕ ਸਮੱਸਿਆ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਤੇ ਆਪਣੀ ਸੋਚ ਨੂੰ ਬਦਲਣ ਲਈ ਤਿਆਰ ਨਹੀਂ।
ਸਾਡੇ ਅੰਦਰ ਆਇਆ ਹਰ ਬਦਲਾਅ ਉਪਰਲੀ ਤਹਿ ਤੇ ਹੈ।ਜਦ ਤਕ ਅਸੀਂ ਅੰਦਰ ਤੋਂ ਖੁਦ ਨੂੰ ਨਹੀਂ ਬਦਲਦੇ ਉਪਰਲੇ ਬਦਲਾਅ ਦਾ ਕੋਈ ਫ਼ਾਇਦਾ ਨਹੀਂ।ਵਿਚਾਰਾਂ ਦੀ ਖੜੋਤ ਪੀੜ੍ਹੀਆਂ ਦਾ ਨੁਕਸਾਨ ਕਰਦੀ ਹੈ। ਜਿਵੇਂ ਖਡ਼੍ਹਾ ਪਾਣੀ ਪੁੱਜ ਜਾਂਦਾ ਹੈ ਇਵੇਂ ਹੀ ਪੁਰਾਣੇ ਵਿਚਾਰਾਂ ਦਾ ਧਾਰਨੀ ਮਨੁੱਖ ਬੁਸ ਜਾਂਦਾ ਹੈ।
ਆਓ ਖੜੋਤ ਦੀ ਸ਼ਿਕਾਰ ਨਾ ਬਣੀਏ ਅਤੇ ਆਪਣੇ ਵਿਚਾਰਾਂ ਨੂੰ ਬਦਲੀਏ।ਸਮੇਂ ਅਨੁਸਾਰ ਬਦਲਣ ਵਾਲੇ ਹੀ ਸਮੇਂ ਦੇ ਹਾਣੀ ਬਣਦੇ ਹਨ।
ਹਰਪ੍ਰੀਤ ਕੌਰ ਸੰਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly