ਕੈਲੀਫੋਰਨੀਆਂ, ਅਮਰੀਕਾ ਦੀ ਧਰਤੀ ਉੱਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 25ਵੇਂਂ ਮਹਾਨ ਨਗਰ ਕੀਰਤਨ ਵਿੱਚ ਰਿਕਾਰਡ ਤੋੜ ਇਕੱਠ।

●ਕੀਰਤਨੀ ਜਥਿਆਂ ਵਲੋਂ ਸੰਗਤਾਂ ਨੂੰ ਕੀਤਾ ਗਿਆ ਨਿਹਾਲ।
●ਹੈਲੀਕਾਪਟਰ ਰਾਹੀਂ ਗੁਰੂ ਸਾਹਿਬ ਦੀ ਪਾਲਕੀ ਅਤੇ ਸੰਗਤਾਂ ਉਤੇ ਫੁੱਲਾਂ ਦੀ ਵਰਖਾ

(ਸਮਾਜ ਵੀਕਲੀ) ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 25ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਮੂਹ ਸਾਧਸੰਗਤਿ ਦੇ ਸਹਿਯੋਗ ਨਾਲ ਐਤਵਾਰ 9 ਮਾਰਚ 2025 ਨੂੰ ਸ੍ਰੀ ਗੁਰੂ ਰਵਿਦਾਸ ਟੈਪਲ ਰਿਓ ਲਿੰਡਾ (ਸੈਕਰਾਮੈਂਟੋ) ਯੂ. ਐਸ. ਏ. ਵਿਖੇ ਬਹੁਤ ਸ਼ਰਧਾ ਅਤੇ ਸਤਿਕਾਰ ਪੂਰਵਕ ਸਜਾਏ ਗਏ।
ਹੈਲੀਕਾਪਟਰ ਨਾਲ ਗੁਰੂ ਸਾਹਿਬ ਦੀ ਪਾਲਕੀ ਅਤੇ ਸੰਗਤਾਂ ਉਤੇ ਫੁੱਲ ਵਰਸਾਏ ਗਏ। ਜਿਸ ਵਿੱਚ ਰਿਕਾਰਡ ਤੋੜ ਗਿਣਤੀ ਵਿੱਚ ਸੰਗਤਾਂ ਨੇ ਦੇਸ਼ ਵਿਦੇਸ਼ਾਂ ਤੋਂ ਰਿਓ ਲਿੰਡਾ, ਸੈਕਰਾਮੈਂਟੋ ਪਹੁੰਚ ਕੇ ਨਗਰ ਕੀਰਤਨ ਦੀਆਂ ਰੌਣਕਾਂ ਵਿੱਚ ਵਾਧਾ ਕੀਤਾ ਅਤੇ ਗੁਰਬਾਣੀ ਕੀਰਤਨ ਦਾ ਆਨੰਦ ਲੈ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ। ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਸ਼ੁੱਕਰਵਾਰ 7 ਮਾਰਚ 2025 ਨੂੰ ਹੋਏ ਅਤੇ ਜਿਨ੍ਹਾਂ ਦੇ ਭੋਗ ਐਤਵਾਰ 9 ਮਾਰਚ 2025 ਨੂੰ ਪਏ ਗਏ। ਸ਼ਨੀਵਾਰ 8 ਮਾਰਚ ਸ਼ਾਮ ਨੂੰ ਸ੍ਰੀ ਨਿਸ਼ਾਨ ਸਾਹਿਬ ਦੀ ਸੇਵਾ ਸੇਵਾਦਾਰ ਪਰਿਵਾਰਾਂ ਅਤੇ ਸਮੂਹ ਸਾਧਸੰਗਤਿ ਦੇ ਸਹਿਯੋਗ ਨਾਲ ਹੋਈ, ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤ ਦੇਸ਼ਾਂ ਵਿਦੇਸ਼ਾਂ ਵਿਚੋਂ ਵਿਸ਼ੇਸ਼ ਤੌਰ ਤੇ ਪਹੁੰਚੀ। ਬੇਗਮਪੁਰਾ ਏਡ ਇੰਟਰਨੈਸ਼ਨਲ ਦੇ ਸੰਸਥਾਪਕ ਅਤੇ ਮੁੱਖ ਸੇਵਾਦਾਰ ਸ਼੍ਰੀ ਰਾਮ ਸਿੰਘ ਮੈਂਗੜਾ ਖ਼ਾਸ ਤੌਰ ਤੇ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸੱਦੇ ਉਤੇ ਫਰਾਂਸ ਤੋਂ ਰਿਓ ਲਿੰਡਾ ਸੈਕਰਾਮੈਂਟੋ ਵਿਖੇ ਇਸ ਸਿਲਵਰ ਜੁਬਲੀ ਨਗਰ ਕੀਰਤਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਸਥਾਨਕ ਸਰਕਾਰਾਂ ਦੇ ਵੱਖ ਵੱਖ ਅਧਿਕਾਰੀ ਵੀ ਪ੍ਰਬੰਧਕ ਕਮੇਟੀ ਦੇ ਬੁਲਾਵੇ ਤੇ ਨਗਰ ਕੀਰਤਨ ਵਿੱਚ ਸ਼ਾਮਲ ਹੋਏ। ਇਸੇ ਦੌਰਾਨ 6 ਮਾਰਚ ਵੀਰਵਾਰ ਨੂੰ ਬੱਚਿਆਂ ਦੇ ਕੀਰਤਨ ਦਰਬਾਰ ਸਜਾਏ ਗਏ ਜਿਸ ਵਿੱਚ ਬੱਚਿਆਂ ਦੇ ਕੀਰਤਨੀ ਜਥੇ ਅਤੇ ਢਾਡੀ ਜਥੇ ਗੁਰੂਘਰ ਵਿਖੇ ਗੁਰਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕਰਨ ਲਈ ਪਹੁੰਚੇ। ਬੱਚਿਆਂ ਵਲੋਂ ਭਾਸ਼ਣਾ ਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਬੇਗਮਪੁਰਾ ਦੇ ਸੰਕਲਪ ਅਤੇ ਮਿਸ਼ਨ ਬਾਰੇ ਜਾਣਕਾਰੀ ਦਿੱਤੀ। ਪ੍ਰਬੰਧਕ ਕਮੇਟੀ ਵਲੋਂ ਭਾਗ ਲੈਣ ਵਾਲੇ ਬੱਚਿਆਂ ਨੂੰ ਮਾਇਆ ਅਤੇ ਸ੍ਰੀ ਸਰਿਪਾਓ ਸਾਹਿਬ ਨਾਲ ਸਨਮਾਨਿਤ ਕੀਤਾ ਗਿਆ। 7, 8 ਅਤੇ 9 ਮਾਰਚ ਨੂੰ ਤਿੰਨੇ ਦਿਨ ਦੇਸ਼ਾਂ ਵਿਦੇਸ਼ਾਂ ਤੋਂ ਆਏ ਹੋਏ ਕੀਰਤਨੀ ਜਥਿਆਂ ਵਲੋਂ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ ਗਿਆ। ਇਨ੍ਹਾਂ ਕੀਰਤਨੀ ਜਥਿਆਂ ਵਿੱਚ ਖ਼ਾਸ ਤੌਰ ਤੇ ਭਾਈ ਕਰਨਜੀਤ ਸਿੰਘ ਖ਼ਾਲਸਾ UK (ਮਰਹੂਮ ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਭਤੀਜੇ), ਭਾਈ ਜਸਪ੍ਰੀਤ ਸਿੰਘ ਭਾਈ ਮਨਪ੍ਰੀਤ ਸਿੰਘ (ਸ੍ਰੀ ਫ਼ਤਹਿਗੜ੍ਹ ਸਾਹਿਬ ਵਾਲੇ), ਭਾਈ ਆਤਮਜੋਤ ਸਿੰਘ ਯੂਬਾ ਸਿਟੀ ਵਾਲੇ, ਭਾਈ ਜਸਪਾਲ ਸਿੰਘ ਸਾਰੰਗ, ਭਾਈ ਅਮ੍ਰਿਤਪਾਲ ਸਿੰਘ ਸੰਗਰੂਰ ਵਾਲੇ, ਭਾਈ ਮਨਮੋਹਨ ਸਿੰਘ, ਭਾਈ ਬੇਤਾਬ ਸਿੰਘ ਲੁਧਿਆਣਾ ਵਾਲੇ, ਭਾਈ ਵਿਕਰਮਜੀਤ ਸਿੰਘ ਅਤੇ ਗੁਰੂਘਰ ਦਾ ਹਜ਼ੂਰੀ ਰਾਗੀ ਜਥਾ (ਭਾਈ ਗੁਰਦੀਪ ਸਿੰਘ, ਭਾਈ ਮਨੋਹਰ ਸਿੰਘ, ਭਾਈ ਜੀਵਨ ਸਿੰਘ ਅਤੇ ਭਾਈ ਅਮਰਜੀਤ ਸਿੰਘ) ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਵੱਡੀ ਗਿਣਤੀ ਵਿੱਚ ਵੱਖ ਵੱਖ ਤਰ੍ਹਾ ਦੇ ਲੰਗਰਾਂ ਅਤੇ ਅਨੇਕਾਂ ਪ੍ਰਕਾਰ ਦੇ ਹੋਰ ਸਮਾਨ ਦੇ ਸਟਾਲ ਲਗਾਏ ਗਏ ਸਨ।

Desh Doaba ਦੇ facebook ਅਤੇ Youtube ਚੈਨਲ ਅਤੇ Shri Guru Ravidass Temple Sacramento ਦੇ facebook ਅਤੇ Youtube ਚੈਨਲ ਅਤੇ ਹੋਰ ਅਨੇਕਾਂ ਸੋਸ਼ਲ ਮੀਡੀਆ ਉਤੇ ਇਹ ਨਗਰ ਕੀਰਤਨ ਸਿਧੇ ਪ੍ਰਸਾਰਿਤ ਕੀਤੇ ਗਏ, ਜਿਸ ਦੁਆਰਾ ਇਹ ਸਮਾਗਮ ਪੂਰੀ ਦੁਨੀਆਂ ਵਿੱਚ ਦੇਖੇ ਗਏ। ਇਹ ਸੇਵਾ ਸ਼੍ਰੀ ਅਜੈ ਪੜਵੱਗਾ ਗੁਰੂਘਰ ਮੀਡੀਆ ਟੀਮ ਅਤੇ ਸ਼੍ਰੀ ਪ੍ਰੇਮ ਚੁੰਬਰ ਮੁੱਖ ਸੰਪਾਦਕ ਦੇਸ਼ ਦੋਆਬਾ ਅਤੇ ਅੰਬੇਡਕਰ ਟਾਇਮਸ ਵਲੋਂ ਨਿਭਾਈ ਗਈ।
ਇਸ ਮੌਕੇ ਸਟੇਜ ਸਕੱਤਰ ਸ਼੍ਰੀ ਬਲਜੀਤ ਸਿੰਘ “ਕਾਹਮਾ” ਨੇ ਪ੍ਰਬੰਧਕ ਕਮੇਟੀ ਵਲੋਂ ਗੁਰੂਘਰ ਦੇ ਸੰਸਥਾਪਕ ਮੈਂਬਰਾਂ, ਸਮੂਹ ਬੀਬੀਆਂ, ਭੈਣਾਂ, ਮਾਤਾਵਾਂ, ਬੱਚੇ, ਬੱਚੀਆਂ, ਨੌਜਵਾਨਾਂ, ਬਜੁਰਗਾਂ, ਭਾਈ ਸਾਹਿਬਾਨਾਂ, ਸਾਬਕਾ ਕਮੇਟੀਆਂ ਦੇ ਮੈਂਬਰ ਸਾਹਿਬਾਨਾਂ ਅਤੇ ਸਮੂਹ ਸਾਧਸੰਗਤਿ ਦਾ ਵੱਖ ਵੱਖ ਸੇਵਾਵਾਂ ਲਈ ਧੰਨਵਾਦ ਕੀਤਾ ਗਿਆ। ਸਾਰੇ ਸੇਵਾਦਾਰਾਂ ਜਿਨ੍ਹਾਂ ਨੇ ਇਸ ਮਹਾਨ ਨਗਰ ਕੀਰਤਨ ਦੀ ਤਿਆਰੀ ਲਈ ਕੰਮ ਕਾਰਾ ਤੋਂ ਛੁਟੀਆਂ ਲੈ ਕੇ ਦਿਨ ਰਾਤ ਸੇਵਾ ਕਰਕੇ ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਇਆ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਸਮੂਹ ਸੰਗਤਾਂ ਜੋ ਕੇ ਦੂਰੋਂ ਨੇੜਿਓਂ, ਦੇਸ਼ ਵਿਦੇਸ਼ਾਂ, ਅਮਰੀਕਾ ਦੇ ਵੱਖ ਵੱਖ ਰਾਜਾਂ ਤੋਂ ਵਿਸ਼ੇਸ਼ ਤੌਰ ਉਤੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਪਹੁਚੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ।
ਗੁਰੂਘਰ ਦੀ ਨਵੀਂ ਇਮਾਰਤ ਦੀ ਉਸਾਰੀ ਸੰਬੰਧੀ ਜਾਣਕਾਰੀ ਅਤੇ ਸਹਿਯੋਗ ਲਈ ਸ੍ਰੀ ਗੁਰੂ ਰਵਿਦਾਸ ਟੈਪਲ ਰਿਓ ਲਿੰਡਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰ ਸਕਦੇ ਹੋ:
ਸ਼੍ਰੀ ਰਾਜ ਬੱਧਣ ਜੀ(ਮੁੱਖ ਸੇਵਾਦਾਰ): (916) 601-3842
ਸ਼੍ਰੀ ਤੇਜਪਾਲ ਵਿਰਕ ਜੀ(ਚੇਅਰਮੈਨ): (916) 912-5678
ਸ਼੍ਰੀ ਇੰਦਰਜੀਤ ਪੜਵੱਗਾ ਜੀ(ਜਨਰਲ ਸਕੱਤਰ):
(916) 276-2538
ਸ੍ਰੀ ਗੁਰੂ ਰਵਿਦਾਸ ਟੈਪਲ ਰਿਓ ਲਿੰਡਾ (ਸੈਕਰਾਮੈਂਟੋ)
6221 16th Street, Rio Linda, CA 95673
ਫ਼ੋਨ: (916) 992-1710

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਭੁਲੱਥ ਕਬੱਡੀ ਕੱਪ ਦੇ ਦੁਨੀਆ ਭਰ ‘ਚ ਚਰਚੇ ।
Next articleਤੀਸਰੀ ਉੱਤਰ ਜੋਨ ਵੋਮੈਨ ਮਾਸਟਰਜ਼ ਹਾਕੀ ਚੈਂਪੀਅਨਸ਼ਿਪ ਜਰਖੜ ਸਟੇਡੀਅਮ ਵਿਖੇ 22 ਮਾਰਚ ਤੋਂ ਤਿਆਰੀਆਂ ਜ਼ੋਰਾਂ ਤੇ, ਚੰਡੀਗੜ੍ਹ, ਹਿਮਾਚਲ, ਸਮੇਤ 4 ਟੀਮਾਂ ਪੰਜਾਬ ਦੀਆਂ ਖੇਡਣਗੀਆਂ