ਕੈਬਨਿਟ ਮੰਤਰੀ ਜਿੰਪਾ ਨੇ ਨੇਤਰਦਾਨ ਐਸੋਸੀਏਸ਼ਨ ਦੇ ਨੇਤਰਦਾਨ ਜਾਗਰੂਕਤਾ ਪੰਦਰਵਾੜੇ ਦੀ ਕਰਵਾਈ ਸ਼ੁਰੂਆਤ

ਹੁਸ਼ਿਆਰਪੁਰ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੇ 39ਵੇਂ ਰਾਸ਼ਟਰੀ ਨੇਤਰਦਾਨ ਜਾਗਰੂਕਤਾ ਪੰਦਰਵਾੜੇ ਤਹਿਤ ਨੇਤਰਦਾਨ ਐਸੋਸੀਏਸ਼ਨ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਨੇਤਰਦਾਨ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਨੇਤਰਦਾਨ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਨੇਤਰਦਾਨ ਐਸੋਸੀਏਸ਼ਨ ਪਿਛਲੇ 25 ਸਾਲਾਂ ਤੋਂ ਨਿਰਸਵਾਸਥ ਸੇਵਾ ਕਰ ਰਹੀ ਹੈ। ਐਸੋਸੀਏਸ਼ਨ ਨੇ ਪੂਰੇ ਸੂਬੇ ਵਿਚ ਵੱਖ-ਵੱਖ ਸੈਮੀਨਾਰ ਅਤੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਲੋਕਾਂ ਨੂੰ ਨੇਤਰਦਾਨ ਦੇ ਪ੍ਰਤੀ ਜਾਗਰੂਕ ਕਰਨ ਦਾ ਮਹੱਤਵਪੂਰਨ ਕੰਮ ਕੀਤਾ ਹੈ।
ਕੈਬਨਿਟ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨੇਤਰਦਾਨ ਇਕ ਮਹਾਨ ਸੇਵਾ ਹੈ, ਜੋ ਕਿਸੇ ਦੀ ਦੁਨੀਆ ਨੂੰ ਰੋਸ਼ਨੀ ਨਾਲ ਭਰ ਸਕਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਕਾਰਨੀਅਲ ਬਲਾਇੰਡਨੈਸ ਤੋਂ ਮੁਕਤ ਕਰਨ ਲਈ ਸਾਨੂੰ ਸਾਰਿਆਂ ਨੂੰ ਨੇਤਰਦਾਨ ਪ੍ਰਤੀ ਜਾਗਰੂਕ ਹੋਣਾ ਅਤੇ ਦੂਸਰਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਛੋਟੀ ਜਿਹੀ ਪਹਿਲ ਕਿਸੇ ਦੇ ਜੀਵਨ ਵਿਚ ਵੱਡਾ ਪਰਿਵਰਤਨ ਲਿਆ ਸਕਦੀ ਹੈ। ਇਸ ਲਈ ਸਾਰੇ ਇਸ ਪੁੰਨ ਦੇ ਕੰਮ ਵਿਚ ਭਾਗੀਦਾਰ ਬਣਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਨੇਤਰਦਾਨ ਦੇ ਲਈ ਪ੍ਰੇਰਿਤ ਕਰਨ।
ਨੇਤਰਦਾਨ ਐਸੋਸੀਏਸ਼ਨ ਦੇ ਸਰਪ੍ਰਸਤ ਪ੍ਰੋ. ਬਹਾਦਰ ਸਿੰਘ ਸੁਨੇਤ ਨੇ ਦੱਸਿਆ ਕਿ ਇਸ ਮੌਕੇ ’ਤੇ ਮੇਅਰ ਸੁਰਿੰਦਰ ਕੁਮਾਰ ਨੇ ਨੇਤਰਦਾਨ ਸਬੰਧੀ ਪ੍ਰਣ ਪੱਤਰ ਭਰਿਆ ਜਦਕਿ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਪਹਿਲਾਂ ਹੀ ਨੇਤਰਦਾਨ ਸਬੰਧੀ ਪ੍ਰਣ ਪੱਤਰ ਭਰ ਚੁੱਕੇ ਹਨ। ਪ੍ਰੋਗਰਾਮ ਵਿਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰੋ. ਸੁਨੇਤ ਨੇ ਦੱਸਿਆ ਕਿ ਐਸੋਸੀਏਸ਼ਨ ਦਾ ਮੁੱਖ ਉਦੇਸ਼ ਦੇਸ਼ ਨੂੰ ਕਾਰਨੀਅਲ ਬਲਾਇੰਡਨੈਸ ਤੋਂ ਮੁਕਤ ਕਰਨਾ ਹੈ। ਉਨਾਂ ਦੱਸਿਆ ਕਿ ਕਾਰਨੀਅਲ ਬਲਾਇੰਡਨੈਸ ਇਕ ਅਜਿਹੀ ਸਥਿਤੀ ਹੈ ਜਿਸ ਵਿਚ ਵਿਅਕਤੀ ਦੀ ਨਜ਼ਰ ਖਰਾਬ ਹੋ ਜਾਂਦੀ ਹੈ ਅਤੇ ਉਹ ਦੇਖਣ ਤੋਂ ਅਸਮਰੱਥ ਹੋ ਜਾਂਦਾ ਹੈ। ਇਸ ਸਥਿਤੀ ਨੂੰ ਸੁਧਾਰਨ ਲਈ ਨੇਤਰਦਾਨ ਇਕ ਮਹੱਤਵਪੂਰਨ ਯਤਨ ਹੈ। ਪ੍ਰੋ. ਸੁਨੇਤ ਨੇ ਸਮਾਜ ਦੇ ਹਰੇਕ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਾਰਨੀਅਲ ਬਲਾਇੰਡਨੈਸ ਤੋਂ ਪੀੜਤ ਹੈ, ਤਾਂ ਉਹ ਨੇਤਰਦਾਨ ਐਸੋਸੀਏਸ਼ਨ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਚ ਸੰਪਰਕ ਕਰ ਸਕਦਾ ਹੈ। ਐਸੋਸੀਏਸ਼ਨ ਇਸ ਤਰ੍ਹਾਂ ਦੇ ਮਰੀਜ਼ਾਂ ਦੇ ਇਲਾਜ ਦਾ ਪੂਰਾ ਖਰਚਾ ਖੁਦ ਚੁੱਕੇਗੀ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਰੋਸ਼ਨੀ ਪ੍ਰਦਾਨ ਕੀਤੀ ਜਾ ਸਕੇ ਅਤੇ ਉਨ੍ਹਾਂ ਦੇ ਜੀਵਨ ਨੂੰ ਰੋਸ਼ਨੀ ਨਾਲ ਭਰਿਆ ਜਾ ਸਕੇ। ਇਸ ਮੌਕੇ ਸ਼ਹਿਰ ਦੇ ਮੇਅਰ ਸੁਰਿੰਦਰ ਕੁਮਾਰ, ਵਰਿੰਦਰ ਸ਼ਰਮਾ ਬਿੰਦੂ, ਬਲਜੀਤ ਸਿੰਘ ਪਨੇਸਰ, ਹਰਭਜਨ ਸਿੰਘ,  ਸੰਤੋਸ਼ ਸੈਣੀ, ਹਰਵਿੰਦਰ ਸਿੰਘ, ਸਰਵਣ ਸਿੰਘ, ਹਰਵਿੰਦਰ ਕੌਰ ਅਤੇ ਡਾ. ਕ੍ਰਿਸ਼ਨ ਲਾਲ ਵਰਗੀਆਂ ਕਈ ਪ੍ਰਮੁੱਖ ਹਸਤੀਆਂ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੰਜਾਬ ਵਿਧਾਨ ਸਭਾ ਵਿੱਚ ਉੱਠਿਆ ਰੇਲਵੇ ਰੋਡ ਨਵਾਂ ਸ਼ਹਿਰ ਦਾ ਮੁੱਦਾ।
Next articleਡਾਕਟਰੀ ਪਰਚੀ ਤੋਂ ਬਿਨਾਂ ਪ੍ਰੀਗੈਬਲਿਨ ਕੈਪਸੂਲ ਦੀ ਵਿਕਰੀ ’ਤੇ ਰੋਕ ਬਿਨਾਂ ਲਾਇਸੰਸ ਅਤੇ ਮਨਜੂਰਸ਼ੁਦਾ ਮਾਤਰਾ ਤੋਂ ਵੱਧ ਰੱਖਣ ਤੇ ਵੇਚਣ ’ਤੇ ਵੀ ਰਹੇਗੀ ਪਾਬੰਦੀ