ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੇ ਪਿੰਡ ਸਲੇਰਨ ਵਿਚ ਗ੍ਰਾਮ ਪੰਚਾਇਤ ਵੱਲੋਂ ਤੀਆਂ ਅਤੇ ਰੱਖੜੀ ਤਿਉਹਾਰ ’ਤੇ ਆਯੋਜਿਤ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਪਿੰਡ ਦੀਆਂ ਬੱਚੀਆਂ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ। ਪਿੰਡ ਦੀਆਂ ਬੱਚੀਆਂ ਨੇ ਇਸ ਦੌਰਾਨ ਕੈਬਨਿਟ ਮੰਤਰੀ ਨੂੰ ਰੱਖੜੀ ਵੀ ਬੰਨ੍ਹੀ। ਪ੍ਰੋਗਰਾਮ ਦੀ ਸ਼ੁਰੂਆਤ ਰਸਮੀ ਤੌਰ ’ਤੇ ਸ਼ਮ੍ਹਾ ਰੋਸ਼ਨ ਕਰਕੇ ਹੋਈ, ਜਿਸ ਵਿਚ ਪਿੰਡ ਦੀਆਂ ਬੱਚੀਆਂ ਨੇ ਤੀਆਂ ਅਤੇ ਰੱਖੜੀ ਦੇ ਮਹੱਤਵ ਨੂੰ ਦਰਸਾਉਂਦੇ ਗੀਤ, ਡਾਂਸ ਅਤੇ ਸੱਭਿਆਚਾਰਕ ਵੰਨਗੀਆਂ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਪੇਸ਼ਕਾਰੀਆਂ ਵਿਚ ਪੰਜਾਬ ਦਾ ਅਮੀਰ ਸੱਭਿਆਚਾਰਕ ਵਿਰਸਾ ਸਾਫ਼ ਝਲਕ ਰਿਹਾ ਸੀ, ਜਿਸ ਵਿਚ ਲੜਕੀਆਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਰੰਗ ਬੰਨ੍ਹਿਆ। ਉਨ੍ਹਾਂ ਦੇ ਜੋਸ਼ ਅਤੇ ਹੁਨਰ ਨੇ ਹਾਜ਼ਰ ਸਰੋਤਿਆਂ ਦਾ ਮਨ ਮੋਹ ਲਿਆ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਸੰਭਾਲਣਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਮੇਵਾਰੀ ਹੈ। ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਪਿੰਡ ਦੀਆਂ ਬੱਚੀਆਂ ਇਸ ਵਿਰਾਸਤ ਨੂੰ ਅੱਗੇ ਵਧਾ ਰਹੀਆਂ ਹਨ। ਉਨ੍ਹਾਂ ਵੱਲੋਂ ਪੇਸ਼ ਪ੍ਰੋਗਰਾਮਾਂ ਵਿਚ ਜੋ ਸਮਰਪਣ ਅਤੇ ਉਤਸ਼ਾਹ ਦਿਸਿਆ, ਉਹ ਸ਼ਲਾਘਾਯੋਗ ਹੈ। ਬ੍ਰਹਮ ਸ਼ੰਕਰ ਜਿੰਪਾ ਨੇ ਪਿੰਡ ਦੀਆਂ ਮਹਿਲਾਵਾਂ ਅਤੇ ਬੱਚੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਉਨ੍ਹਾਂ ਤੀਆਂ ਅਤੇ ਰੱਖੜੀ ਦੇ ਮਹੱਤਵ ‘ਤੇ ਰੋਸ਼ਨੀ ਪਾਉਂਦੇ ਹੋਏ ਕਿਹਾ ਕਿ ਇਹ ਤਿਉਹਾਰ ਨਾਰੀ ਸਸ਼ਕਤੀਕਰਨ ਅਤੇ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਸਰਕਾਰ ਮਹਿਲਾਵਾਂ ਅਤੇ ਬੱਚੀਆਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਅਤੇ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਤੀਆਂ ਅਤੇ ਰੱਖੜੀ ਦੇ ਇਸ ਪ੍ਰੋਗਰਾਮ ਦੀ ਸਫਲਤਾ ਲਈ ਗ੍ਰਾਮ ਪੰਚਾਇਤ ਸਲੇਰਨ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਆਯੋਜਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਹਾਜ਼ਰ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਅਤੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਲਈ ਹਰ ਸੰਭਵ ਯਤਨ ਕਰੇਗੀ। ਇਸ ਮੌਕੇ ਸਰਪੰਚ ਨਵਜਿੰਦਰ ਸਿੰਘ ਬੇਦੀ, ਪੰਚ ਸ਼ਿਵ ਦਿਆਲ, ਪੰਚ ਕੁਲਦੀਪ, ਪੰਚ ਕਸ਼ਮੀਰ, ਪੰਚ ਰੇਸ਼ਮ, ਸਾਬਕਾ ਸਰਪੰਚ ਰਾਮਧਨ, ਸਰਪੰਚ ਚੌਹਾਲ ਜਸਵੰਤ, ਨੰਬਰਦਾਰ ਸਤਪਾਲ ਤੋਂ ਇਲਾਵਾ ਮਨਦੀਪ, ਸੰਦੀਪ, ਵਰਸ਼ਾ, ਜਾਹਨਵੀ, ਗੁਰਨੂਰ, ਈਸ਼ਿਕਾ, ਅਨੱਨਿਆ, ਸਿਮਰਨ, ਮੋਨਮ, ਦਿਆ, ਅਮਨ, ਪ੍ਰਿਆ, ਹਰਮਨ, ਈਸ਼ੂ, ਸੁਖਲੀਨ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly