ਨਵੀਂ ਦਿੱਲੀ (ਸਮਾਜ ਵੀਕਲੀ): ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਦੇ ਇਕ ਦਿਨ ਬਾਅਦ ਭਵਿੱਖੀ ਮੁੱਖ ਮੰਤਰੀ ਭਗਵੰਤ ਮਾਨ ਅੱਜ ਇਥੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਮਿਲਣ ਲਈ ਪੁੱਜੇ। ਉਨ੍ਹਾਂ ਕੇਜਰੀਵਾਲ ਦੇ ਮਾਪਿਆਂ ਨਾਲ ਵੀ ਮੁਲਾਕਾਤ ਕਰਕੇ ਆਸ਼ੀਰਵਾਦ ਲਿਆ। ਸੂਤਰਾਂ ਮੁਤਾਬਕ ਭਗਵੰਤ ਮਾਨ ਨੇ ਪੰਜਾਬ ਵਿੱਚ ਬਣਨ ਵਾਲੀ ਪਹਿਲੀ ਗ਼ੈਰ-ਕਾਂਗਰਸੀ ਤੇ ਗ਼ੈਰ-ਅਕਾਲੀ ਸਰਕਾਰ ਦੇ ਨਵੇਂ ਮੰਤਰੀ ਮੰਡਲ ਦੀ ਰੂਪ-ਰੇਖਾ ਬਾਰੇ ਵੀ ਕੇਜਰੀਵਾਲ ਨਾਲ ਚਰਚਾ ਕੀਤੀ। ਪਾਰਟੀ ਨੇ ਕਿਹਾ ਕਿ ਚੋਣ ਨਤੀਜਿਆਂ ਮਗਰੋਂ ਇਹ ਸ਼ਿਸ਼ਟਾਚਾਰ ਵਜੋਂ ਮੁਲਾਕਾਤ ਸੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ 13 ਮਾਰਚ ਨੂੰ ਅੰਮ੍ਰਿਤਸਰ ਵਿੱਚ ਇੱਕ ਰੋਡ ਸ਼ੋਅ ਕਰਨਗੇ ਅਤੇ ‘ਆਪ’ ਵਿੱਚ ਵਿਸ਼ਵਾਸ ਜਤਾਉਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨਗੇ। ਭਗਵੰਤ ਮਾਨ ਨੇ 16 ਮਾਰਚ ਨੂੰ ਖਟਕੜ ਕਲਾਂ ਵਿਖੇ ਸਰਕਾਰ ਦੇ ਸਹੁੰ ਚੁੱਕ ਸਮਾਗਮ ਲਈ ਵੀ ਸ੍ਰੀ ਕੇਜਰੀਵਾਲ ਨੂੰ ਰਸਮੀ ਸੱਦਾ ਪੱਤਰ ਦਿੱਤਾ ਹੈ।
ਮੁਲਾਕਾਤ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਿਹਤ ਮੰਤਰੀ ਸਤਿੰਦਰ ਜੈਨ ਅਤੇ ਪੰਜਾਬ ‘ਆਪ’ ਦੇ ਸਹਿ-ਇੰਚਾਰਜ ਰਾਘਵ ਚੱਢਾ ਵੀ ਹਾਜ਼ਰ ਸਨ। ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਕੇਜਰੀਵਾਲ ਨਾਲ ਹੋਈ ਪਹਿਲੀ ਮੁਲਾਕਾਤ ਦੌਰਾਨ ਅੱਜ ਭਗਵੰਤ ਮਾਨ ਨੇ ਉਨ੍ਹਾਂ ਦੇ ਪੈਰ ਛੂਹੇ ਜਦੋਂਕਿ ਕੇਜਰੀਵਾਲ ਨੇ ਉਨ੍ਹਾਂ ਦਾ ਗੱਲਵਕੜੀ ਪਾ ਕੇ ਸਵਾਗਤ ਕੀਤਾ। ਭਗਵੰਤ ਮਾਨ ਨੇ ਸਿਸੋਦੀਆ ਦੇ ਵੀ ਪੈਰ ਛੂਹੇ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, ‘‘ਮੇਰਾ ਛੋਟਾ ਭਰਾ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੇਗਾ। ਅੱਜ ਉਹ ਸਹੁੰ ਚੁੱਕ ਸਮਾਗਮ ਦਾ ਸੱਦਾ ਦੇਣ ਮੇਰੇ ਘਰ ਆਏ ਸਨ। ਮੈਨੂੰ ਯਕੀਨ ਹੈ ਕਿ ਮੁੱਖ ਮੰਤਰੀ ਹੋਣ ਦੇ ਨਾਤੇ ਭਗਵੰਤ ਪੰਜਾਬ ਦੇ ਲੋਕਾਂ ਦੀਆਂ ਹਰ ਉਮੀਦਾਂ ’ਤੇ ਖਰਾ ਉਤਰਨਗੇ।’’ ਇਸ ਦੇ ਨਾਲ ਹੀ ਸਿਸੋਦੀਆ ਨੇ ਟਵੀਟ ਕਰਕੇ ਕਿਹਾ ਕਿ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਘਰ ਪੰਜਾਬ ਦੇ ਲਾਡਲੇ ਪੁੱਤਰ ਅਤੇ ਨਵੇਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਹੋਈ। ਉਨ੍ਹਾਂ ਨੂੰ ਜਿੱਤ ’ਤੇ ਵਧਾਈ ਦਿੱਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly