(ਸਮਾਜ ਵੀਕਲੀ)
ਨਸ਼ੇ ਖਾ ਕੇ ਪੁੱਤ ਮੇਰਾ ਜਦੋਂ ਮੋਇਆ ਸੀ,
ਅਰਥੀ ਚੁੱਕ ਮੈਂ ਭੁੱਬਾਂ ਮਾਰ ਰੋਇਆ ਸੀ।
ਕਾਹਦੀ ਸਜ਼ਾ ਮਿਲ਼ੀ ਰੱਬਾ ਮੇਰਿਆ,
ਕਿੱਥੇ ਬੀਜ਼ ਦਰਦਾਂ ਦਾ ਮੈਂ ਬੋਇਆ ਸੀ?
ਨਸ਼ੇ ਖਾ ਕੇ…….
ਵੱਡੇ ਹੋਣ ਦਾ ਕੀਤਾ ਸੀ ਮੈਂ ਤਾਂ,
ਪੁੱਤਰ ਦਾ ਇੰਤਜ਼ਾਰ ਬਹੁਤ।
ਮੈਨੂੰ ਕੀ ਪਤਾ ਸੀ ਡਾਹਢੇ ਨੇ
ਪੱਲੇ ਲਿਖਤੀ ਓਹਦੇ ਮੌਤ।
ਹੰਝੂ ਬਣ-ਬਣ ਕੇ ਖੂਨ ਮੇਰਾ,
ਅੱਖੀਆਂ ‘ਚੋਂ ਚੋਇਆ ਸੀ।
ਨਸ਼ੇ ਖਾ ਕੇ…..
ਹਾੜਾ ਐ, ਸਰਕਾਰੋ, ਓਏ!,
ਸਾਡੇ ਤੇ ਕੁੱਝ ਤਾਂ ਤਰਸ ਕਰੋ।
ਬੰਦ ਸ਼ਰਾਬ ਭੁੱਕੀ ਤੇ ਡੋਡੇ,
ਨਾਲ਼ੇ ਚਿੱਟਾ ਤੇ ਚਰਸ ਕਰੋ।
ਆ ਕੇ ਵੇਖੋ ਹਾਲ ਪਿਓ ਦਾ,
ਜੀਹਨੇ ਪੁੱਤ ਨੂੰ ਖੋਇਆ ਸੀ।
ਨਸ਼ੇ ਖਾ ਕੇ……
ਖੁੱਲ੍ਹੇ ਵਿੱਕਦੇ ਨਸ਼ੇ ਪੰਜਾਬ ‘ਚ,
ਕੋਈ ਨਾ ਲੈਂਦਾ ਸਾਰ ਹੈ।
ਮਾਪੇ ਰੁੱਲ਼ ਜਾਂਦੇ ਜਿਹਨਾਂ ਦੇ,
ਘਰਾਂ ਵਿੱਚ ਪੈਂਦੀ ਮਾਰ ਹੈ।
ਦਿਲ ਤੇ ਰੱਖ ਬੋਝ ‘ਮਨਜੀਤ’,
ਹੱਡਾਂ ਨੇ ਸਾਰੀ ਉਮਰੇ ਢੋਇਆ ਸੀ।
ਨਸ਼ੇ ਖਾ ਕੇ…..
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly