ਤਹਿਸੀਲਦਾਰ ਵਲੋਂ ਦੋ ਦਿਨਾਂ ‘ਚ ਇਨਸਾਫ਼ ਦੇਣ ਦਾ ਭਰੋਸਾ
ਕਰਤਾਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਅੱਜ ਏਥੇ ਅੰਬੇਡਕਰ ਚੌਂਕ ਵਿੱਚ ਧਰਨਾ ਪ੍ਰਦਰਸ਼ਨ ਕਰਕੇ 8 ਸਤੰਬਰ ਨੂੰ ਥਾਣਾ ਕਰਤਾਰਪੁਰ ਅਧੀਨ ਪੈਂਦੇ ਪਿੰਡ ਕਾਲ਼ਾ ਬਾਹੀਆਂ ਵਿਖੇ ਇੱਕ ਕਿਸਾਨ ਪਰਿਵਾਰ ਦੀ ਕੰਧ ਉਸਾਰੀ ਨੂੰ ਲੈ ਕੇ ਜਾਤ ਹੰਕਾਰੀ ਲੋਕਾਂ ਵਲੋਂ ਮੌਤ ਦੇ ਘਾਟ ਉਤਾਰੇ ਦਲਿਤ ਉਸਾਰੀ ਮਜ਼ਦੂਰਾਂ ਦੇ ਮਾਮਲੇ ਵਿੱਚ ਰਹਿੰਦੇ ਕਸੂਰਵਾਰਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਪੀੜਤਾਂ ਨੂੰ ਨਿਆਂ ਦੇਣ ਦੀ ਮੰਗ ਕੀਤੀ ਗਈ। ਮੌਕੇ ਉੱਤੇ ਧਰਨਾਕਾਰੀਆਂ ਚ ਪੁੱਜ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡੀਐੱਸਪੀ ਕਰਤਾਰਪੁਰ ਸੁਰਿੰਦਰਪਾਲ ਧੋਗੜੀ ਨੇ ਦੱਸਿਆ ਕਿ 5 ਨਾਮਜ਼ਦ ਕਸੂਰਵਾਰਾਂ ਸਮੇਤ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇੱਕ ਵਿਅਕਤੀ ਖਿਲਾਫ਼ ਐੱਲ ਓ ਸੀ ਜਾਰੀ ਕਰ ਦਿੱਤੀ ਹੈ ਅਤੇ ਉਸਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਨਾਇਬ ਤਹਿਸੀਲਦਾਰ ਕਰਤਾਰਪੁਰ ਅਮਰਜੀਤ ਸਿੰਘ ਨੇ ਦੋ ਦਿਨਾਂ ਦੇ ਅੰਦਰ ਅੰਦਰ 8.50 ਲੱਖ ਰੁਪਏ ਮੁਆਵਜ਼ਾ ਰਾਸ਼ੀ ਚੋਂ ਅੱਧੀ ਰਾਸ਼ੀ ਮ੍ਰਿਤਕ ਸੁਖਦੇਵ ਸਿੰਘ ਵਾਸੀ ਪੱਤੜ ਖ਼ੁਰਦ ਦੇ ਪੀੜਤ ਪਰਿਵਾਰ ਨੂੰ ਮੁਹੱਈਆ ਕਰਵਾਉਣ ਸਮੇਤ ਇਨਸਾਫ਼ ਦਾ ਭਰੋਸਾ ਦਿੱਤਾ। ਜਿਸ ‘ਤੇ ਯੂਨੀਅਨ ਨੇ ਧਰਨਾ ਪ੍ਰਦਰਸ਼ਨ ਖ਼ਤਮ ਕਰਕੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਆਪਣਾ ਵਾਅਦਾ ਪੂਰਾ ਨਾ ਕੀਤਾ ਤਾਂ ਮਜ਼ਬੂਰਨ ਮ੍ਰਿਤਕ ਦੇਹ ਪ੍ਰਸ਼ਾਸਨ ਦੇ ਦਰਾਂ ਉੱਪਰ ਰੱਖ ਕੇ ਧਰਨਾ ਪ੍ਰਦਰਸ਼ਨ ਕਰਾਂਗੇ।
ਪੀੜਤ ਪਰਿਵਾਰ ਨੇ ਅੱਜ 11 ਵੇਂ ਦਿਨ ਵੀ ਮ੍ਰਿਤਕ ਦਾ ਸੰਸਕਾਰ ਨਹੀਂ ਕੀਤਾ ਅਤੇ ਮੰਗਾਂ ਉੱਪਰ ਅਮਲ ਹੋਣ ਉਪਰੰਤ ਹੀ ਅੰਤਿਮ ਸੰਸਕਾਰ ਕਰਨ ਦਾ ਐਲਾਨ ਕੀਤਾ ਹੈ।
ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਵੀ ਮਜ਼ਦੂਰਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝ ਰਹੀ ਹੈ। ਉਨ੍ਹਾਂ ਕਿਹਾ ਕਿ ਪੀੜਤ ਦਲਿਤ ਪਰਿਵਾਰ ਨੇ ਇਨਸਾਫ਼ ਦੀ ਮੰਗ ਨੂੰ ਲੈਕੇ 8 ਸਤੰਬਰ ਤੋਂ ਅਜੇ ਤੱਕ ਮ੍ਰਿਤਕ ਉਸਾਰੀ ਮਜ਼ਦੂਰ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਪ੍ਰੰਤੂ ਇਸ ਸਰਕਾਰ ਨੇ ਵੀ ਮਜ਼ਦੂਰ ਵਿਰੋਧੀ ਰੁੱਖ਼ ਧਾਰਨ ਕੀਤਾ ਹੋਇਆ ਹੈ। ਨਿੱਤ ਦਿਨ ਕਦੇ ਮਜ਼ਦੂਰਾਂ ਨਾਲ ਮਾੜੀਆਂ ਘਟਨਾਵਾਂ ਵਾਪਰ ਰਹੀਆਂ। ਸੂਬੇ ਅੰਦਰ ਮਜ਼ਦੂਰਾਂ ਦੀ ਸੁਰੱਖਿਆ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਅਤੇ ਨਾ ਹੀ ਸਰਕਾਰ ਮਜ਼ਦੂਰਾਂ ਦੀ ਵਾਲੀ ਵਾਰਿਸ ਬਣਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਕਾਲਾ ਬਾਹੀਆ ਕਤਲ ਕਾਂਡ ਵਿੱਚ ਸਾਰੇ ਕਸੂਰਵਾਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਕਾਨੂੰਨ ਅਨੁਸਾਰ ਬਣਦਾ ਢੁੱਕਵਾਂ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ। ਭਾਵੇਂ ਕਿ ਦਲਿਤ ਕਤਲ ਕਾਂਡ ਦੇ ਮਸਲੇ ਵਿੱਚ ਪੋਸਟਮਾਰਟਮ ਤੋਂ ਪਹਿਲਾਂ ਪਹਿਲਾਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀਆਂ ਕਮਿਸ਼ਨ ਵੀ ਲੰਬੀ ਤਾਣ ਕੇ ਸੁੱਤਾ ਪਿਆ ਹੈ ਅਤੇ ਚਿੱਟਾ ਹਾਥੀ ਸਾਬਿਤ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ 8 ਸਤੰਬਰ ਨੂੰ ਪਿੰਡ ਕਾਲਾ ਬਾਹੀਆ ਵਿਖੇ ਇੱਕ ਕਿਸਾਨ ਪਰਿਵਾਰ ਨੇ ਆਪਣੇ ਪਲਾਟ ਦੀ ਕੰਧ ਉਸਾਰਨ ਲਈ ਇੱਕ ਮਿਸਤਰੀ ਅਤੇ ਹੋਰ ਮਜ਼ਦੂਰਾਂ ਨੂੰ ਦਿਹਾੜੀ ਉੱਪਰ ਬੁਲਾਇਆ ਸੀ। ਕੰਧ ਦਾ ਗੁਆਂਢੀਆਂ ਨਾਲ ਕੋਈ ਰੌਲਾ ਸੀ, ਜਦੋਂ ਕੰਧ ਉਸਾਰਨ ਉਪਰੰਤ ਮਿਸਤਰੀ ਤੇ ਮਜ਼ਦੂਰਾਂ ਨੂੰ ਪਰਿਵਾਰ ਅੱਡੇ ਉੱਤੇ ਛੱਡਣ ਜਾ ਰਿਹਾ ਸੀ ਤਾਂ ਦੂਸਰੀ ਧਿਰ ਨੇ ਮਿੱਥੀ ਸਾਜ਼ਿਸ਼ ਤਹਿਤ ਹਮਲਾ ਕਰ ਦਿੱਤਾ ਅਤੇ ਜਾਤ ਦੇ ਹੰਕਾਰ ਵਿੱਚ ਦਲਿਤ ਮਜ਼ਦੂਰ ਸੁਖਦੇਵ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਪੱਤੜ ਖ਼ੁਰਦ ਅਤੇ ਇੱਕ ਹੋਰ ਹਿਮਾਚਲ ਪ੍ਰਦੇਸ਼ ਨਿਵਾਸੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਰਤਾਰਪੁਰ ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਕੁੱਝ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ 10 ਸਤੰਬਰ ਨੂੰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਦਖ਼ਲ ਉਪਰੰਤ ਕੇਸ ਵਿੱਚ ਐੱਸ ਸੀ, ਐੱਸ ਟੀ ਐਕਟ ਦੀਆਂ ਧਾਰਾਵਾਂ ਦਾ ਵਾਧਾ ਜ਼ੁਰਮ ਕਰ ਦਿੱਤਾ ਅਤੇ ਰਹਿੰਦੇ ਕਸੂਰਵਾਰਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਪੀੜਤ ਪਰਿਵਾਰ ਨੂੰ ਕਾਨੂੰਨ ਮੁਤਾਬਕ ਬਣਦਾ ਮੁਆਵਜ਼ਾ ਦਿਵਾਉਣ ਲਈ ਕੇਸ ਭਲਾਈ ਅਫ਼ਸਰ ਭੇਜਣ ਦਾ ਭਰੋਸਾ ਦਿੱਤਾ। ਜਾਣਕਾਰੀ ਮੁਤਾਬਕ ਪੁਲਿਸ ਪ੍ਰਸ਼ਾਸਨ ਵਲੋਂ ਭਲਾਈ ਵਿਭਾਗ ਨੂੰ ਮੁਆਵਜ਼ੇ ਦਾ ਕੇਸ ਤਿਆਰ ਕਰਕੇ ਭੇਜ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਯਮਾਂ ਦੇ ਉਲਟ ਜਾਣਬੁੱਝ ਕੇ ਦੇਰੀ ਕਰਕੇ ਪੀੜਤ ਦਲਿਤ ਪਰਿਵਾਰ ਦੇ ਜ਼ਖਮਾਂ ਉੱਪਰ ਲੂਣ ਭੁੱਕਣ ਦਾ ਕੰਮ ਕੀਤਾ ਗਿਆ ਹੈ,ਜੋ ਅਤੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਦਲਿਤ ਰਿਜ਼ਰਵੇਸ਼ਨ ਦਾ ਲਾਹਾ ਲੈ ਕੇ ਸੱਤਾ ਦਾ ਸੁੱਖ ਮਾਨਣ ਵਾਲੇ ਸਿਆਸਤਦਾਨਾਂ ਨੇ ਆਮ ਦਲਿਤ ਮਜ਼ਦੂਰਾਂ ਨੂੰ ਪੂਰੀ ਤਰ੍ਹਾਂ ਵਿਸਾਰਿਆਂ ਹੋਇਆ ਹੈ ਅਤੇ ਕਾਲਾ ਬਾਹੀਆ ਮਜ਼ਦੂਰਾਂ ਦੇ ਕਤਲ ਮਾਮਲੇ ਵਿੱਚ ਵੀ ਉਹਨਾਂ ਦੀਆਂ ਜੁਬਾਨਾਂ ਨੂੰ ਤਾਲੇ ਲੱਗੇ ਹੋਏ ਹਨ।
ਯੂਨੀਅਨ ਆਗੂਆਂ ਨੇ ਕਿਹਾ ਮਜ਼ਦੂਰਾਂ ਨੂੰ ਜਿਊਂਦੇ ਜੀਅ ਵੀ ਸਰਕਾਰਾਂ ਕੁੱਝ ਨਹੀਂ ਸਮਝਦੀਆਂ ਅਤੇ ਮਰਨ ਉਪਰੰਤ ਵੀ ਲਾਸ਼ਾਂ ਸੜਕਾਂ ਉੱਪਰ ਰੱਖ ਕੇ ਇਨਸਾਫ਼ ਲੈਣਾ ਪੈਂਦਾ ਹੈ। ਉਨ੍ਹਾਂ ਬਿਸ਼ਨਪੁਰਾ ਸੁਨਾਮ ਜ਼ਿਲ੍ਹਾ ਸੰਗਰੂਰ ਦੇ ਕੈਂਟਰ ਹੇਠ ਦਰੜ ਕੇ ਮੌਤ ਦੇ ਘਾਟ ਉਤਾਰੇ ਮਗਨਰੇਗਾ ਮਜ਼ਦੂਰਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਅਤੇ ਉਹਨਾਂ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਦੀ ਮੰਗ ਵੀ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly