ਬੰਗਾ, (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਚਾਰ ਦਹਾਕਿਆਂ ਤੋਂ ਸਾਹਿਤਕ ਖੇਤਰ ਵਿੱਚ ਸਮਰਪਿਤ ਸੇਵਾਵਾਂ ਨਿਭਾ ਰਹੀ ਨਵਜੋਤ ਸਾਹਿਤ ਸੰਸਥਾ (ਰਜਿ.) ਔੜ ਦਾ ਸਲਾਨਾ ਸਥਾਪਨਾ ਸਮਾਗਮ 8 ਦਸੰਬਰ, ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਾਰ ਦੇ ਸਮਾਗਮ ਵਿੱਚ ਦਿੱਤੇ ਜਾਣ ਵਾਲੇ ਪੰਜ ਨਵਜੋਤ ਪੁਰਸਕਾਰਾਂ ਐਲਾਨ ਕੀਤਾ ਗਿਆ। ਇਹਨਾਂ ਵਿੱਚ ਹਰਮੀਤ ਵਿਦਿਆਰਥੀ (ਕਾਵਿ ਖੇਤਰ), ਡਾ. ਕੇਵਲ ਰਾਮ (ਖੋਜ ਖੇਤਰ), ਸਿਮਰਨ ਸਿੰਮੀ (ਸਮਾਜਿਕ ਖੇਤਰ) ਗੁਰਪ੍ਰੀਤ ਸਿੰਘ (ਪੱਤਰਕਾਰੀ ਖੇਤਰ) ਅਤੇ ਲੈਕਚਰਾਰ ਰਾਜ ਰਾਣੀ (ਅਧਿਆਪਨ ਖੇਤਰ) ਸ਼ਾਮਲ ਹਨ। ਇਸ ਸਬੰਧੀ ਸੰਸਥਾ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ ਵਿੱਚ ਐਲਾਨ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਗੁਰਨੇਕ ਸ਼ੇਰ ਨੇ ਦੱਸਿਆ ਕਿ ਇਹ ਸਮਾਗਮ ਸੰਸਥਾ ਦੇ ਸੰਸਥਾਪਕ ਨਾਮਵਰ ਗ਼ਜ਼ਲਗੋ ਗੁਰਦਿਆਲ ਰੌਸ਼ਨ ਦੀ ਅਗਵਾਈ ਵਿੱਚ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਮਾਜ ਸੇਵੀ ਹਰਜੀਤ ਕੌਰ ਹੂਸੇਨਪੁਰ ਮੁੱਖ ਮਹਿਮਾਨ ਹੋਣਗੇ ਜਦੋਂ ਕਿ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ, ਔੜ ਦੇ ਸਰਪੰਚ ਕਮਲਜੀਤ ਸਿੰਘ ਸ਼ਾਮਲ ਹੋਣਗੇ। ਸੰਸਥਾ ਦੇ ਨੁਮਾਇੰਦਿਆ ਵਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸੰਸਥਾ ਦੇ ਮੋਢੀ ਮੈਂਬਰਾਂ ਵਿੱਚ ਸ਼ਾਮਲ ਸਤਪਾਲ ਸਾਹਲੋਂ, ਚਮਨ ਮੱਲਪੁਰੀ, ਪਿਆਰਾ ਲਾਲ ਬੰਗੜ, ਬਿੰਦਰ ਮੱਲ੍ਹਾਬੇਦੀਆਂ ਅਤੇ ਸੁਰਿੰਦਰ ਭਾਰਤੀ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਮਾਗਮ ਦੇ ਆਰੰਭ ਵਿੱਚ ਅੰਤਰ ਕਾਲਜ ਕਾਵਿ ਉਚਾਰਨ ਪ੍ਰਤੀਯੋਗਤਾ ਵੀ ਕਰਵਾਈ ਜਾਵੇਗੀ। ਜਿਸ ਵਿੱਚ ਇਲਾਕੇ ਦੇ ਦਸ ਕਾਲਜਾਂ ਦੇ ਵਿਦਿਆਰਥੀ ਭਾਗ ਲੈਣਗੇ ਅਤੇ ਉਹਨਾਂ ਨੂੰ ਨਗਦੀ, ਯਾਦਗਾਰੀ ਚਿੰਨ੍ਹ ਅਤੇ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਜਾਣਗੇ। ਮੀਟਿੰਗ ਵਿੱਚ ਖਾਲਸਾ ਸੀਨੀਅਰ ਸੈਕਡਰੀ ਔੜ ਦੇ ਵਿਹੜੇ ਹੋਣ ਵਾਲੇ ਪ੍ਰਬੰਧਾਂ ਲਈ ਪ੍ਰਿੰਸੀਪਲ ਨਛੱਤਰ ਸਿੰਘ ਗੜੁਪੜ ਦਾ ਧੰਨਵਾਦ ਕੀਤਾ ਗਿਆ। ਸੰਸਥਾ ਵਲੋਂ ਇਸ ਵਰ੍ਹੇ ਆਮਦਨ ਅਤੇ ਖਰਚਿਆਂ ਦੀ ਸਮੀਖਿਆ ਕੀਤੀ ਗਈ ਅਤੇ ਸਲਾਨਾ ਸਮਾਗਮ ’ਤੇ ਆਉਣ ਵਾਲੇ ਖ਼ਰਚਿਆਂ ਸਬੰਧੀ ਵੀ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਸਤਪਾਲ ਸਾਹਲੋਂ, ਚਮਨ ਮੁੱਲਪੁਰੀ, ਸੁਰਜੀਤ ਮਜਾਰੀ, ਰਜਨੀ ਸ਼ਰਮਾ, ਦਵਿੰਦਰ ਸਕੋਹਪੁਰੀ, ਹਰੀ ਕਿਸ਼ਨ ਪਟਵਾਰੀ, ਵਿਨੈ ਸ਼ਰਮਾ ਵੀ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly