‘ਬੂਟਾ ਮੰਡੀ – ਨਰਵ ਸੈਂਟਰ ਆਫ ਦਲਿਤ ਚੇਤਨਾ’ ਪੁਸਤਕ ਇਤਿਹਾਸਕ ਸਥਾਨ ਅੰਬੇਡਕਰ ਭਵਨ ਵਿਖੇ ਹੋਈ ਰਿਲੀਜ਼

‘ਬੂਟਾ ਮੰਡੀ – ਨਰਵ ਸੈਂਟਰ ਆਫ ਦਲਿਤ ਚੇਤਨਾ’ ਪੁਸਤਕ ਇਤਿਹਾਸਕ ਸਥਾਨ ਅੰਬੇਡਕਰ ਭਵਨ ਵਿਖੇ ਹੋਈ ਰਿਲੀਜ਼

Ambassador Ramesh Chandra giving information about the book

ਜਲੰਧਰ (ਸਮਾਜ ਵੀਕਲੀ)- ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਚਰਨਛੋਹ ਪ੍ਰਾਪਤ ਇਤਿਹਾਸਿਕ ਭੂਮੀ ਅੰਬੇਡਕਰ ਭਵਨ ਵਿਖੇ ਸ੍ਰੀ ਰਮੇਸ਼ ਚੰਦਰ ਰਿਟਾ. ਅੰਬੈਸਡਰ ਦੁਆਰਾ ਉੱਤਰੀ ਭਾਰਤ ਵਿੱਚ ਲੈਦਰ ਉਦਯੋਗ ਦੇ ਪ੍ਰਸਿੱਧ ਕੇਂਦਰ ਬੂਟਾ ਮੰਡੀ ਦੇ ਸ਼ਤਾਬਦੀ ਵਰ੍ਹੇ ‘ਤੇ ਲਿਖੀ ਅਤੇ ਸੰਪਾਦਿਤ ਪੁਸਤਕ ‘ਬੂਟਾ ਮੰਡੀ – ਨਰਵ ਸੈਂਟਰ ਆਫ ਦਲਿਤ ਚੇਤਨਾ’ ਲੋਕ ਅਰਪਿਤ ਕੀਤੀ ਗਈ। ਦਲਿਤ ਚੇਤਨਾ ਦੇ ਕੇਂਦਰ ਬੂਟਾ ਮੰਡੀ ਨਾਲ ਜੁੜੇ 100 ਸਾਲਾ ਇਤਿਹਾਸ ਨੂੰ ਪ੍ਰਗਟਾਉਂਦੀ ਇਸ ਪੁਸਤਕ ਦੇ ਰਿਲੀਜ਼ ਸਮਾਰੋਹ ਵਿੱਚ ਬੂਟਾ ਮੰਡੀ ਨਾਲ ਸਬੰਧਤ ਪੰਜਾਬ ਦੀਆਂ ਦੋ ਆਈਏਐਸ ਉੱਚ ਅਧਿਕਾਰੀ ਸ੍ਰੀਮਤੀ ਬਬੀਤਾ ਕਲੇਰ, ਸ੍ਰੀਮਤੀ ਅਨੁਪਮ ਕਲੇਰ ਪੀਸੀਐਸ ਅਤੇ ਸ੍ਰੀ ਓੰਕਾਰ ਨਾਥ ਸੇਵਾ ਮੁਕਤ ਡਿਪਟੀ ਕੰਟਰੋਲਰ ਜਨਰਲ ਭਾਰਤ ਸਰਕਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਇਸ ਮੌਕੇ ਤੇ ਪ੍ਰੋਫੈਸਰ ਮਹੇਸ਼ ਚੰਦਰ ਨੇ ਸਟੇਜ ਦਾ ਸੰਚਾਲਨ ਕਰਦਿਆਂ ਪ੍ਰਮੁੱਖ ਸ਼ਖਸ਼ੀਅਤਾਂ ਸਮੇਤ ਪੰਜਾਬ ਭਰ ਤੋਂ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੇ ਸਾਰੇ ਸਾਥੀਆਂ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਅੰਬੈਸਡਰ ਸ੍ਰੀ ਰਮੇਸ਼ ਚੰਦਰ ਦੀ ਇਹ ਵਿਲੱਖਣ ਵਿਸ਼ੇਸ਼ਤਾ ਹੈ ਕਿ ਸੇਵਾ ਮੁਕਤ ਹੋਣ ਉਪਰੰਤ ਉਨ੍ਹਾਂ ਦਿੱਲੀ, ਚੰਡੀਗੜ੍ਹ ਜਾਂ ਕਿਸੇ ਹੋਰ ਵੱਡੇ ਸ਼ਹਿਰ ਵਿੱਚ ਨਿਵਾਸ ਨਾਲੋਂ ਆਪਣੇ ਇਲਾਕੇ, ਆਪਣੇ ਸ਼ਹਿਰ ਅਤੇ ਆਪਣੇ ਲੋਕਾਂ ਵਿੱਚ ਰਹਿ ਕੇ ਲੋਕ ਕਲਿਆਣ ਲਈ ਜਨ ਚੇਤਨਾ ਪੈਦਾ ਕਰਨ ਨੂੰ ਤਰਜੀਹ ਦਿੱਤੀ। ਪੁਸਤਕ ਦੇ ਲੇਖਕ ਰਮੇਸ਼ ਚੰਦਰ ਸੇਵਾ ਮੁਕਤ ਰਾਜਦੂਤ ਨੇ ਕਿਹਾ ਕਿ ਇਹ ਪੁਸਤਕ ਰਿਲੀਜ਼ ਸਮਾਰੋਹ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਈ ਉਹਨਾਂ ਦੀ ਪਤਨੀ ਸ੍ਰੀਮਤੀ ਵਿੱਦਿਆ ਚੰਦਰ ਦੀ ਨਿੱਘੀ ਯਾਦ ਅਤੇ ਨਾਰੀ ਸ਼ਕਤੀ ਨੂੰ ਸਮਰਪਿਤ ਹੈ। ਉਹਨਾਂ ਨੇ ਬੂਟਾ ਮੰਡੀ ਨਾਲ ਸੰਬੰਧਿਤ ਪੰਜਾਬ ਦੀਆਂ ਪ੍ਰਸ਼ਾਸਨਿੱਕ ਉੱਚ ਅਧਿਕਾਰੀ ਔਰਤਾਂ ਸਮੇਤ ਨਿਆ ਪ੍ਰਣਾਲੀ ਨਾਲ ਸੰਬੰਧਿਤ ਉੱਚ ਪਦਵੀਆਂ ਤੇ ਬਿਰਾਜਮਾਨ ਹੋਰ ਉੱਚ ਅਧਿਕਾਰੀ ਔਰਤਾਂ ਦਾ ਜ਼ਿਕਰ ਵੀ ਕੀਤਾ। ਇਸ ਯਾਦਗਾਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਬਬੀਤਾ ਕਲੇਰ ਆਈਏਐਸ ਨੇ ਕਿਹਾ ਕਿ ਬੂਟਾ ਮੰਡੀ ਦਲਿਤ ਵਿਕਾਸ ਦੀ ਜੜ੍ਹ ਹੈ ਜਿਸਨੇ ਦਲਿਤਾਂ ਦੇ ਬਹੁ ਪੱਖੀ ਵਿਕਾਸ ਵਿੱਚ ਬਹੁਮੁੱਲਾ ਯੋਗਦਾਨ ਪਾਇਆ ਹੈ ਅਤੇ ਡਾਕਟਰ ਅੰਬੇਡਕਰ ਜੀ ਦੀ ਰਹਿਨੁਮਾਈ ਹੇਠ ਬੂਟਾ ਮੰਡੀ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਪੂਰੇ ਪੰਜਾਬ ਵਿੱਚ ਦਲਿਤ ਚੇਤਨਾ ਪੈਦਾ ਕਰਨ ਲਈ ਪ੍ਰਮੁੱਖ ਰੋਲ ਅਦਾ ਕੀਤਾ । ਸ੍ਰੀਮਤੀ ਅਨੁਪਮ ਕਲੇਰ ਪੀਸੀਐੱਸ ਨੇ ਬੂਟਾ ਮੰਡੀ ਦੇ 100 ਸਾਲਾ ਇਤਿਹਾਸ ਅਤੇ ਇਸ ਦੇ ਯੋਗਦਾਨ ਨੂੰ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਕਰਨ ਲਈ ਅੰਬੈਸਡਰ ਸਾਹਿਬ ਦੀ ਭਰਪੂਰ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਅਜੋਕੀ ਪੀੜੀ ਵਿਸ਼ੇਸ਼ ਤੌਰ ਤੇ ਨੌਜਵਾਨ ਵਰਗ ਭਵਿੱਖ ਮੁਖੀ ਵਿਕਾਸ ਲਈ ਇਸ ਪੁਸਤਕ ਤੋਂ ਉਸਾਰੂ ਸੇਧ ਅਤੇ ਪ੍ਰੇਰਣਾ ਲੈ ਸਕਦੇ ਹਨ।

ਭਾਰਤ ਸਰਕਾਰ ਦੇ ਸੇਵਾ ਮੁਕਤ ਡਿਪਟੀ ਕੈਗ ਸ੍ਰੀ ਓੰਕਾਰ ਨਾਥ ਨੇ ਲੇਖਕ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਇਹ ਉਹਨਾਂ ਦੀ ਤੀਸਰੀ ਪੁਸਤਕ ਹੈ ਜਿਸ ਵਿੱਚ ਉਹਨਾਂ ਨੇ ਦਲਿਤ ਚੇਤਨਾ ਦੇ ਉਭਾਰ ਵਿੱਚ ਬੂਟਾ ਮੰਡੀ ਵੱਲੋਂ ਨਿਭਾਏ ਗਏ ਇਤਿਹਾਸਿਕ ਰੋਲ ਨੂੰ ਉਲੀਕਿਆ ਹੈ। ਉਹਨਾਂ ਨੇ ਕਿਹਾ ਕਿ ਆਪਣੇ ਇਤਿਹਾਸ ਤੋਂ ਜਾਣੂ ਹੋ ਕੇ ਹੀ ਇਤਿਹਾਸ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਅਤੇ ਇਹ ਪੁਸਤਕ ਲੇਖਕ ਦੀ ਵਿਲੱਖਣ ਪ੍ਰਾਪਤੀ ਹੈ। ਇਸ ਅਵਸਰ ਤੇ ਦੁਆਬਾ ਕਾਲਜ ਜਲੰਧਰ ਦੇ ਰਾਜਨੀਤੀ ਵਿਗਿਆਨ ਦੇ ਸਾਬਕਾ ਮੁਖੀ ਪ੍ਰੋਫੈਸਰ ਬਲਬੀਰ ਨੇ ਚੰਗੀਆਂ ਪੁਸਤਕਾਂ ਨੂੰ ਰੂਹ ਦੀ ਖੁਰਾਕ ਦੱਸਦਿਆਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੱਛੀਆਂ ਪੁਸਤਕਾਂ ਅਤੇ ਅੱਛੇ ਵਿਚਾਰ ਮਨੁੱਖ ਦਾ ਸਮੁੱਚਾ ਜੀਵਨ ਬਦਲਣ ਦੀ ਸਮਰੱਥਾ ਰੱਖਦੇ ਹਨ। ਉਹਨਾਂ ਨੇ ਇਸ ਪ੍ਰੇਰਣਾਦਾਇਕ ਪੁਸਤਕ ਦੀ ਪ੍ਰਕਾਸ਼ਨਾ ਲਈ ਲੇਖਕ ਨੂੰ ਮੁਬਾਰਕਬਾਦ ਦਿੱਤੀ। ਇਹਨਾਂ ਪ੍ਰਮੁੱਖ ਬੁਲਾਰਿਆਂ ਤੋਂ ਇਲਾਵਾ ਅੰਬੇਡਕਰ ਭਵਨ ਟਰੱਸਟ ਦੇ ਜਨਰਲ ਸਕੱਤਰ ਡਾ. ਜੀਸੀ ਕੌਲ, ਸਰਬ ਸ਼੍ਰੀ ਹਰਬੰਸ ਵਿਰਦੀ ਯੂਕੇ, ਹਰਮੇਸ਼ ਜਸਲ ਅਤੇ ਮਨੋਹਰ ਲਾਲ ਮਹੇ ਹੋਰਾਂ ਨੇ ਵੀ ਪੁਸਤਕ ਸਬੰਧੀ ਆਪਣੇ ਵਿਚਾਰ ਪ੍ਰਸਤੁਤ ਕੀਤੇ। ਸਮਾਗਮ ਦੇ ਅੰਤ ਵਿੱਚ ਸਮਾਜ ਸੇਵੀ ਸ਼ਖਸ਼ੀਅਤ ਪਰਮਜੀਤ ਮਹੇ ਨੇ ਪੁਸਤਕ ਰਿਲੀਜ ਸਮਾਰੋਹ ਵਿੱਚ ਸ਼ਾਮਿਲ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਇਸ ਸਮਾਰੋਹ ਵਿੱਚ ਸਰਬਸ਼੍ਰੀ ਚਰਨ ਦਾਸ ਸੰਧੂ, ਬਲਦੇਵ ਰਾਜ ਭਾਰਦਵਾਜ, ਡਾ.ਮਹਿੰਦਰ ਸੰਧੂ, ਨਿਰਮਲ ਬਿੰਜੀ, ਰਾਮ ਲਾਲ ਦਾਸ, ਪੀਡੀ ਸ਼ਾਂਤ, ਸ੍ਰੀਮਤੀ ਗੁਰਦੇਵ ਸ਼ਾਂਤ, ਜਸਵਿੰਦਰ ਵਰਿਆਣਾ, ਹਰੀਸ਼ ਮਹੇ, ਰੂਪੇਸ਼ ਚੰਦਰ, ਕ੍ਰਿਸ਼ਨ ਲਾਲ, ਵਿਨੋਦ ਕੌਲ, ਪਰਸ਼ੋਤਮ ਲਾਲ ਸਰੋਏ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਹ ਜਾਣਕਾਰੀ ਬਲਦੇਵ ਰਾਜ ਭਾਰਦਵਾਜ ਜਨਰਲ ਸਕੱਤਰ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਨੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।

ਬਲਦੇਵ ਰਾਜ ਭਾਰਦਵਾਜ, ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

Anupam Kler PCS
Babita Kler IAS
Dr. G C Kaul
Prof. Balbir
H L Virdee
Harmesh Jassal
Onkar Nath Dy. CAG
Previous articleसफाई कर्मियों का निवाला दाव पर!
Next articleऐतिहासिक स्थल अंबेडकर भवन में ‘बूटा मंडी – नर्व सेंटर ऑफ़ दलित चेतना’ पुस्तक का विमोचन किया गया