ਅਧਾਰ ਕਾਰਡ ਵਾਲੀ ਬੱਸ

ਦੀਪ ਸਿੰਘ 'ਦੀਪ'

ਅਧਾਰ ਕਾਰਡ ਵਾਲੀ ਬੱਸ

ਜ.. ਦੀਪ ਸਿੰਘ ‘ਦੀਪ’

(ਸਮਾਜ ਵੀਕਲੀ)- ਚਰਨੋ ਅਜੇ ਟਾਕੀ ਨੂੰ ਹੱਥ ਪਾ ਕੇ ਬੱਸ ਵਿੱਚ ਚੜਨ ਹੀ ਲੱਗੀ ਸੀ ਕਿ ਅਚਾਨਕ ਅੰਦਰੋਂ ਕਿਸੇ ਨੇ ਉਸ ਦਾ ਹੱਥ ਫੜ੍ਹ ਲਿਆ ਤੇ ਉਹ ਤ੍ਰਿਭਕ ਗਈ ਐਨੇ ਨੂੰ ਅੰਦਰੋਂ ਖਰੜ ਬਰੜੀ ਦਾੜ੍ਹੀ ਤੇ ਢਿੱਲੀ ਪੱਗ ਵਾਲਾ ਕੰਡਕਟਰ ਅੱਖਾਂ ਵਿੱਚ ਗੁੱਸਾ ਭਰ ਕੇ ਕੜਕਦੀ ਅਵਾਜ ਵਿੱਚ ਬੋਲਿਆ, ”ਥੱਲੇ ਉੱਤਰ ਮਾਈ ਬੱਸ ਵਿੱਚ ਤੇਰੇ ਲਈ ਕੋਈ ਸ਼ੀਟ ਖ਼ਾਲੀ ਨਹੀਂ ਹੈਗੀ।” ਚਰਨੋ ਨੂੰ ਉਸ ਦੀ ਗੱਲ ਸਮਝ ਨਹੀਂ ਆਈ ਤੇ ਬੋਲੀ ਕੋਈ ਨਾ ਭਾਈ ਮੈਂ ਖੜੀ ਹੋ ਚੱਲੀ ਜਾਊਂ, ਤੂੰ ਨਾ ਬਹਾਈ ਸ਼ੀਟ ਤੇ।” ਪਹਿਲਾਂ ਕਿਹੜਾ ਰੋਜ਼ ਈ ਬੈਠ ਜਾਈਦਾ….” ਉਸ ਆਪਣੇ ਆਪ ਨੂੰ ਕਿਹਾ।” ਨਹੀਂ ਮਾਈ ਲੱਗਦਾ ਤੈਨੂੰ ਪਤਾ ਨਹੀਂ ਕੱਲ ਸਰਕਾਰ ਨੇ ਕਾਨੂੰਨ ਪਾਸ ਕਰ ਦਿੱਤਾ ਹੈ ਕਿ ਜਿੰਨੀਆ ਬੱਸ ਵਿੱਚ ਸ਼ੀਟਾ ਓਨੀਆ ਸਵਾਰੀਆਂ ਹੀ ਬੱਸ ਵਿੱਚ ਚੜ੍ਹ ਸਕਦੀਆਂ ਨੇ ; ਤੇ ਏਸ ਬੱਸ ਦੀਆਂ ਸਾਰੀਆਂ ਸੀਟਾਂ ਭਰ ਚੁੱਕੀਆਂ ਨੇ। ਇਸ ਕਰਕੇ ਹੁਣ ਤੂੰ ਏਸ ਬੱਸ ਵਿੱਚ ਨਹੀਂ ਜਾ ਸਕਦੀ” ਉਸ ਕੰਡਕਟਰ ਦੇ ਬਹੁਤ ਤਰਲੇ ਮਿੰਨਤਾਂ ਕੀਤੀਆਂ….. ਵੇ ਹਾੜੇ ਪੁੱਤ, ਮੈਨੂੰ ਲੈ ਚੱਲ ਕਿਤੇ ਨੀ ਤੇਰੀ ਬੱਸ ਵਿੱਚ ਭੀੜ ਹੋਣ ਲੱਗੀ….। ਨਾ ਮਾਈ ਏਦਾਂ ਨਹੀ ਹੋ ਸਕਦਾ …ਹੁਣ ਤੂੰ ਥੱਲੇ ਉੱਤਰ ਬੱਸ ਤੋਰਨ ਦੇ ਅਗਲੀ ਬੱਸ ਤੇ ਆ ਜਾਵੀਂ। ਖ਼ਚਰੀ ਜਿਹੀ ਹੱਸੀ ਹੱਸਦਿਆ ਉਸਨੇ ਚਰਨੋ ਨੂੰ ਥੱਲੇ ਉਤਾਰ ਦਿੱਤਾ। ਬੱਸ ਅੱਡੇ ਦੀ ਟੁੱਟੀ ਚੌਂਕੜੀ ‘ਤੇ ਮਾਯੂਸ ਬੈਠੀ ਨੂੰ ਡਰ ਸਤਾਉਣ ਲੱਗਾ ਜੇ ਮੈ ਅੱਜ ਵੀ ਨਾ ਗਈ ਤਾਂ ਡਾਕਟਰਨੀ ਨੇ ਮੈਨੂੰ ਕੰਮ ਤੋਂ ਕੱਢ ਦੇਣਾ। ਫ਼ਿਰ ਉਸਦਾ ਧਿਆਨ ਮੰਜੇ ‘ਤੇ ਪਏ ਆਪਣੇ ਬਿਮਾਰ ਪਤੀ ਜੀਤੇ ਵੱਲ ਗਿਆ। ਜਿਹੜਾ ਦੋ ਦਿਨਾਂ ਤੋਂ ਬਿਮਾਰ ਪਿਆ ਸੀ। ਜੀਤਾ ਤਿੰਨ ਦਿਨ ਲਗਾਤਾਰ ਦਿਨ ਰਾਤ ਸਰਦਾਰਾ ਦੀ ਕਣਕ ਨੂੰ ਪਾਣੀ ਲਾਉਂਦਾ ਰਿਹਾ ਸੀ ਜਿਸ ਕਾਰਨ ਉਹ ਨਮੂਨੀਏ ਦੀ ਲਪੇਟ ਵਿੱਚ ਆ ਗਿਆ। ਕੱਲ੍ਹ ਉਸ ਦੀ ਦਵਾ ਦਾਰੂ ਕਰਦੀ ਉਹ ਕੰਮ ‘ਤੇ ਵੀ ਨਹੀਂ ਜਾ ਸਕੀ ਸੀ। ਅੱਜੇ ਦੋ ਸਾਤੇ ਬਹੁਤ ਤਰਲੇ ਕਰਨ ਤੇ ਉਸਨੂੰ ਹਸਪਤਾਲ ਵਿੱਚ ਇਹ ਸਾਫ਼ ਸਫ਼ਾਈ ਦਾ ਕੰਮ ਮਿਲਿਆ ਸੀ। ਵੱਡੀ ਡਾਕਟਰਨੀ “ਤੂੰ ਅਧਾਰ ਕਾਰਡ ਵਾਲੀ ਬੱਸ” ਤੇ ਆ ਜਾਇਆ ਕਰੀਂ ਕਹਿ ਕੇ ਮਸੀਂ ਅਠਾਰਾਂ ਸੌ ਰੁਪਏ ਮਹੀਨਾ ਦੇਣਾ ਮੰਨੀ ਸੀ ਤੇ ਦਿਨੋ-ਦਿਨ ਗੁਰਬਤ ਵਿੱਚ ਡੁੱਬਦੀ ਜਾ ਰਹੀ ਜ਼ਿੰਦਗੀ ਵਿੱਚ ਹੁਣ ਉਸਨੂੰ ਇਹ ਨੌਕਰੀ ਵੀ ਹੱਥੋ ਜਾਂਦੀ ਨਜ਼ਰ ਆ ਰਹੀ ਸੀ। ਉਹ ਨਿਰਾਸ਼ ਤੇ ਹਤਾਸ਼ ਆਪਣੇ ਖਿਆਲਾਂ ਦੀ ਉਧੇੜ ਬੁਣ ਵਿੱਚ ਉਲਝੀ ਹੋਈ ਸੀ ਕਿ ਉਸਨੂੰ ਇੱਕ ਬੱਸ ਆਉਂਦੀ ਨਜ਼ਰ ਆਈ। ਉਹ ਉੱਠ ਖਲੋਤੀ ਤੇ ਬੱਸ ਉਸ ਕੋਲ ਆ ਕੇ ਰੁੱਕ ਗਈ। ਜਿਹੜੀ ਸਵਾਰੀਆ ਨਾਲ ਖ਼ਚਾਖਚ ਭਰੀ ਹੋਈ ਸੀ। ਬੱਸ ਦੀ ਅਜਿਹੀ ਹਾਲਤ ਦੇਖ ਕੇ ਉਸਨੂੰ ਇਹ ਉਮੀਦ ਵੀ ਜਾਂਦੀ ਨਜ਼ਰ ਆਈ।

ਕੰਡਕਟਰ ਨੇ ਟਾਕੀ ਵਿੱਚ ਖੜ੍ਹੇ ਪਾੜੂਆ ਨੂੰ ਉੱਪਰ ਚੜ੍ਹਨ  ਲਈ ਕਹਿ ਕੇ ਉਤਾਰ ਦਿੱਤਾ ਅਤੇ ਚਰਨੋ ਨੂੰ ਬੱਸ ਵਿੱਚ ਚੜ੍ਹਾ ਲਿਆ। ਉਸ ਨੇ ਮਾਈ ਦੀ ਹਾਲਤ ‘ ਤੇ ਤਰਸ ਕਰਦਿਆਂ ਡਰਾਈਵਰ ਦੇ ਲਾਗੇ ਪਈ ਆਪਣੀ ਖ਼ਾਲੀ ਛੱਡੀ ਸ਼ੀਟ ‘ਤੇ ਉਸਨੂੰ ਬਹਾ ਦਿੱਤਾ। ਚਰਨੋ ਨੇ ਬੈਠ ਕੇ ਅਜੇ ਸਾਹ ਵੀ ਨਹੀਂ ਲਿਆ। ਕੰਡਕਟਰ ਨੇ “ਕਿੱਥੇ ਜਾਣਾ ਮਾਈ” ਕਹਿੰਦੇ ਹੋਏ ਟਿਕਟ ਕੱਟਣ ਲਈ ਟਿਕਟਾਂ ਵਾਲੀ ਥੱਬੀ ਹੱਥ ਵਿੱਚ ਫੜ ਲਈ। ‘ ਸ਼ਹਿਰ ਤੱਕ…. ਕਹਿ ਕੇ ਚਰਨੋ ਨੇ ਆਪਣੇ ਆਪ ਨੂੰ ਸੰਭਾਲ ਲਿਆ ਸ਼ਾਇਦ ਉਸਨੂੰ ਚੇਤੇ ਨਹੀਂ ਸੀ ਰਿਹਾ ਕਿ ਇਹ ਅਧਾਰ ਕਾਰਡ ਵਾਲੀ ਬੱਸ ਨਹੀਂ ਪ੍ਰਾਈਵੇਟ ਬੱਸ ਹੈ ਤੇ ਉਸਨੂੰ ਟਿਕਟ ਵੀ ਕਟਵਾਉਣੀ ਪਵੇਗੀ। ਵੀਹ ਰੁਪਏ… ਕਹਿ ਕੇ ਕੰਡਕਟਰ ਨੇ ਟਿਕਟ ਕੱਟ ਕੇ ਚਰਨੋ ਵੱਲ ਵਧਾਈ। ਝੋਲੇ ਵਿੱਚੋ ਸਿਰਫ਼ ਉਸਨੂੰ ਦਸ ਰੁਪਏ ਹੀ ਮਿਲੇ ਤੇ ਹੋਰ ਪੈਸੇ ਲੱਭਦਿਆ ਉਸਨੂੰ ਚੇਤੇ ਆਇਆ ਕਿ ਕੱਲ੍ਹ ਜੀਤੇ ਦੀਆਂ ਦਵਾਈਆਂ ਖ਼ਰੀਦਦੇ ਹੋਏ ਬਚੇ ਵੀਹ ਰੁਪਇਆ ਵਿੱਚੋ ਤੜਕੇ ਦਸ ਰੁਪਏ ਉਸ ਕੋਲੋਂ ਛੋਟੀ ਕੁੜੀ ਸਕੂਲ ਜਾਂਦਿਆ ਕਾਪੀ ਖਰੀਦਣ ਲਈ ਲੈ ਗਈ ਸੀ। ਉਸ ਨਿੰਮੋਝੂਣੀ ਜਿਹੀ ਹੋ ਕੇ ਪੈਸੇ ਕੰਡਕਟਰ ਵੱਲ ਕਰਦਿਆ ਕਿਹਾ… ‘ਵੇ ਪੁੱਤ… ਮੇਰੇ ਕੋਲ ਤਾਂ ਬਸ ਦਸ ਈ ਆ।’ ਉਸਦਾ ਦਿਲ ਜ਼ੋਰ ਜ਼ੋਰ ਦੀ ਧੜਕ ਰਿਹਾ ਸੀ ਉਹ ਸੋਚ ਰਹੀ ਸੀ ਕਿ ਕੰਡਕਟਰ ਉਸਨੂੰ ਬੁਰਾ ਭਲਾ ਬੋਲੇਗਾ ਤੇ ਹੁਣੇ ਬੱਸ ਵਿੱਚੋਂ ਉਤਾਰ ਦੇਵੇਗਾ। ਬਾਕੀ ਕੱਲ੍ਹ ਨੂੰ ਦੇ ਦੇਊ ਹੁਣ ਤਾਂ ਤੇਰੀ ਬੱਸ ਤੇ ਈ ਆਇਆ ਕਰੂੰ। ਉਹ ਡਰੀ ਸਹਿਮੀ ਇੱਕੋ ਸਾਹੇ ਕਹਿ ਗਈ। ਕੰਡਕਟਰ ਨੇ ਉਸ ਵੱਲ ਦੇਖਦੇ ਹੋਏ ਰੁੱਕ ਕੇ ਕੁੱਝ ਸੋਚਿਆ ਤੇ ਚੱਲ ਕੱਲ੍ਹ ਨੂੰ ਦੇ ਦੇਵੀ ਕਹਿ ਕੇ ਟਿਕਟ ਉਸਨੂੰ ਫੜਾ ਦਿੱਤੀ।

ਪਤਾ ਨਹੀਂ ਉਸਨੂੰ ਚਰਨੋ ਦੀ ਹਾਲਤ ਉੱਪਰ ਤਰਸ ਆ ਗਿਆ ਸੀ ਜਾਂ ਉਹ ਉਸਦੀ ਇਮਾਨਦਾਰੀ ਦਾ ਇਮਤਿਹਾਨ ਲੈਣਾ ਚਾਹੁੰਦਾ ਸੀ। ਉਹ ਬੜੀ ਔਖ ਨਾਲ ਬੈਠੀ ਹੋਈ ਵਾਰ-ਵਾਰ ਬਾਹਰ ਵੇਖ ਰਹੀ ਸੀ ਤੇ ਬੱਸ ਅੱਡਾ ਆਉਣ ਵਿੱਚ ਹੀ ਨਹੀਂ ਸੀ ਆ ਰਿਹਾ ਉਸਨੂੰ ਇਹ ਆਪਣੀ ਜ਼ਿੰਦਗੀ ਦਾ ਸਭ ਤੋਂ ਲੰਮਾ ਸਫ਼ਰ ਜਾਪ ਰਿਹਾ ਸੀ। ਪਹੁੰਚਣ ‘ਤੇ ਉਹ ਕਾਹਲ ਨਾਲ ਥੱਲੇ ਉੱਤਰੀ। ਅੱਡੇ ਅੰਦਰ ਕਾਫ਼ੀ ਰੋਲ਼ਾ ਪਿਆ ਹੋਇਆ ਸੀ। ਉਸ ਅੱਗੇ ਜਾ ਕੇ ਦੇਖਿਆ ਕਿ ਕਾਲਜ ਪੜ੍ਹਨ ਵਾਲੇ ਮੁੰਡੇ ਕੁੜੀਆਂ ਸਰਕਾਰੀ ਬੱਸਾਂ ਦੇ ਦਫ਼ਤਰ ਅੱਗੇ ਧਰਨਾ ਲਾਈ ਉਸ ਦਾ ਗੇਟ ਰੋਕੀ ਬੈਠੇ ਸੀ ਅਤੇ ‘ਸਰਕਾਰ ਮੁਰਦਾਬਾਦ ‘…. ਦੇ ਉੱਚੀ-ਉੱਚੀ ਨਾਹਰੇ ਲਾ ਰਹੇ ਸੀ। ਦੁੱਖੀ ਤਾਂ ਸਰਕਾਰਾਂ ਤੋਂ ਚਰਨੋ ਵੀ ਬਹੁਤ ਸੀ ਉਸਦਾ ਦਿਲ ਕੀਤਾ ਕਿ ਉਹ ਵੀ ਉਹਨਾਂ ਵਿੱਚ ਬਹਿ ਰੱਜ ਕੇ ਇਸ ਸਰਕਾਰ ਦਾ ਪਿੱਟ ਸਿਆਪਾ ਕਰੇ ਅਤੇ ਆਪਣੇ ਦਿਲ ਦਾ ਗ਼ੁਬਾਰ ਕੱਢ ਲਵੇ। ਪਰ ਫ਼ਿਰ ਉਸਨੂੰ ਹਸਪਤਾਲ ਦਾ ਖ਼ਿਆਲ ਆਇਆ ਤੇ ਉਹ ਚਕਵੇ ਪੈਰੀਂ ਹੋ ਤੁਰੀ। ਰਸਤੇ ਵਿੱਚ ਉਹ ਕਦੇ ਟਿਕਟ, ਕਿਰਾਇਆ, ਅਧਾਰ ਕਾਰਡ ਵਾਲੀ ਬੱਸ, ਕਦੇ ਜੀਤੇ, ਆਪਣੇ ਘਰ ਬੱਚਿਆ ਬਾਰੇ ਸੋਚਦੀ, ਕਦੇ ਵੱਡੀ ਡਾਕਟਰਨੀ ਤੋਂ ਝਿੜਕਾਂ ਖਾਣ ਲਈ ਆਪਣੇ ਆਪ ਨੂੰ ਤਿਆਰ ਕਰਦੀ ਕਾਹਲ਼ੇ ਕਦਮੀਂ ਤੁਰੀ ਜਾ ਰਹੀ ਸੀ….।

ਜ.. ਦੀਪ ਸਿੰਘ ‘ਦੀਪ’
ਪਿੰਡ ਕੋਟੜਾ ਲਹਿਲ
ਸੰਗਰੂਰ
ਮੋਬਾ: 98760-04714

Previous articleSamaj Weekly 330 = 30/01/2024
Next articleUnited States arrive in Bhubaneshwar for FIH Hockey Pro League campaign