Uncategorized ਬੱਸ ਕੰਡਕਟਰ/ ਮਿੰਨੀ ਕਹਾਣੀ

ਬੱਸ ਕੰਡਕਟਰ/ ਮਿੰਨੀ ਕਹਾਣੀ

1
  (ਸਮਾਜ ਵੀਕਲੀ)  ਫੇਸਬੁੱਕ ਤੇ ਬਣੇ ਆਪਣੇ ਮਿੱਤਰ ਨੂੰ ਮਿਲਣ ਲਈ ਅੱਜ ਇਕਬਾਲ ਸਿੰਘ ਬੁਢਲਾਡੇ ਜਾ ਰਿਹਾ ਸੀ।ਪਹਿਲਾਂ ਉਹ ਨਵਾਂ ਸ਼ਹਿਰ ਤੋਂ ਲੁਧਿਆਣੇ ਤੇ ਫਿਰ ਲੁਧਿਆਣੇ ਤੋਂ ਬਰਨਾਲੇ ਬੱਸ ਰਾਹੀਂ ਪਹੁੰਚ ਗਿਆ। ਫਿਰ ਉਹ ਬਰਨਾਲੇ ਤੋਂ ਬੁਢਲਾਡੇ ਜਾਣ ਵਾਲੀ ਪੈਪਸੂ ਬੱਸ  ਵਿੱਚ ਬੈਠ ਗਿਆ। ਬਰਨਾਲੇ ਦੇ ਬੱਸ ਅੱਡੇ ਤੋਂ ਤੁਰਨ ਵੇਲੇ ਇਸ ਵਿੱਚ ਪੰਦਰਾਂ, ਸੋਲਾਂ ਸਵਾਰੀਆਂ ਬੈਠੀਆਂ ਸਨ। ਅੱਡੇ ਤੋਂ ਬੱਸ ਦੇ ਬਾਹਰ ਨਿਕਲਣ ਪਿੱਛੋਂ  ਬੱਸ ਕੰਡਕਟਰ ਟਿਕਟਾਂ ਕੱਟਣ ਲੱਗ ਪਿਆ। ਕੁਝ ਸਵਾਰੀਆਂ ਨੇ ਉਸ ਨੂੰ ਪੂਰਾ ਕਿਰਾਇਆ ਦਿੱਤਾ ਤੇ ਕੁਝ ਨੇ ਕਿਰਾਏ ਤੋਂ ਵੱਧ ਪੈਸੇ ਦਿੱਤੇ। ਉਹ ਸਭ ਨੂੰ ਟਿਕਟਾਂ ਦੇ ਕੇ ਬਕਾਇਆ ਮੋੜੇ ਬਿਨਾਂ ਅੱਗੇ ਲੰਘ ਗਿਆ ਤੇ ਡਰਾਈਵਰ ਦੇ ਲਾਗੇ ਜਾ ਕੇ ਬੈਠ ਗਿਆ। ਬਰਨਾਲੇ ਤੋਂ ਬੁਢਲਾਡੇ ਤੱਕ ਡੇਢ ਘੰਟੇ ਦਾ ਸਫਰ ਸੀ। ਜਿਸ ਬੱਸ ਅੱਡੇ ਤੇ ਬੱਸ ਕੰਡਕਟਰ ਨੂੰ ਸਵਾਰੀਆਂ ਖੜ੍ਹੀਆਂ ਦਿੱਸੀਆਂ, ਉੱਥੋਂ ਉਹ ਉਨ੍ਹਾਂ ਨੂੰ ਚੜ੍ਹਾਂਦਾ ਗਿਆ। ਜਦੋਂ ਉਹ ਨਵੀਆਂ ਆਈਆਂ ਸਵਾਰੀਆ ਦੇ ਟਿਕਟ ਕੱਟਦਾ ਪਹਿਲਾਂ ਬੈਠੀਆਂ ਸਵਾਰੀਆਂ ਕੋਲੋਂ ਲੰਘਦਾ, ਉਹ ਉਸ ਕੋਲੋਂ ਬਕਾਇਆ ਮੰਗਣ ਲੱਗ ਪੈਂਦੀਆਂ ਪਰ ਉਹ “ਠਹਿਰ ਕੇ ਦਿੰਦੇ ਆਂ” ਕਹਿ ਕੇ ਅੱਗੇ ਲੰਘ ਜਾਂਦਾ। ਅਖੀਰ ਬੱਸ ਬੁਢਲਾਡੇ ਦੇ ਬੱਸ ਅੱਡੇ ਪਹੁੰਚ ਗਈ। ਸਾਰੀਆਂ ਸਵਾਰੀਆਂ ਬੱਸ ਚੋਂ ਉਤਰ ਗਈਆਂ।  ਬਕਾਇਆ ਲੈਣ ਵਾਲੀਆਂ ਸਵਾਰੀਆਂ ਬੱਸ ਕੰਡਕਟਰ  ਦੇ ਆਲੇ- ਦੁਆਲੇ ਖੜ੍ਹ ਗਈਆਂ। ਕੁਝ ਨੂੰ ਉਸ ਨੇ ਬਕਾਇਆ ਦੇ ਦਿੱਤਾ ਤੇ ਕੁਝ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਉਨ੍ਹਾਂ ਦੇ ਟਿਕਟਾਂ ਪਿੱਛੇ ਬਕਾਇਆ ਲਿਖਿਆ ਹੋਇਆ ਨਹੀਂ। ਸਵਾਰੀਆਂ ਕੋਲ ਉਸ ਨਾਲ ਬਹਿਸ ਕਰਨ ਦਾ ਸਮਾਂ ਕਿੱਥੇ ਸੀ? ਉਹ ਛੇਤੀ ਹੀ ਉੱਥੋਂ ਚਲੇ ਗਈਆਂ। ਇਸੇ ਸਮੇਂ ਦੌਰਾਨ ਇਕਬਾਲ ਸਿੰਘ ਦਾ ਫੇਸਬੁੱਕ ਤੇ ਬਣਿਆ ਮਿੱਤਰ ਉਸ ਨੂੰ ਆਪਣੇ ਘਰ ਲਿਜਾਣ ਲਈ ਆ ਗਿਆ। ਉਹ ਇਕਬਾਲ ਸਿੰਘ ਨੂੰ ਮੋਟਰਸਾਈਕਲ ਤੇ ਬੈਠਾ ਕੇ ਆਪਣੇ ਘਰ ਵੱਲ ਨੂੰ ਤੁਰ ਪਿਆ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ ਕੈਨਾਲ ਰੋਡ ਨਵਾਂ ਸ਼ਹਿਰ-144514
ਫੋਨ-9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article03 ਅਗਸਤ ਨੂੰ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਵਲੋਂ ਸੰਗਰੂਰ ਵਿਖੇ ਕੀਤੀ ਜਾਵੇਗੀ ਹੱਕ ਬਚਾਓ ਰੈਲੀ, ਮੁੱਖ ਮੰਤਰੀ ਦੀ ਰਿਹਾਇਸ਼ ਦਾ ਕੀਤਾ ਜਾਵੇਗਾ ਘਿਰਾਓ
Next articleਭਾਰੀ ਬਾਰਿਸ਼ ਕਾਰਨ ਅਮਰਨਾਥ ਯਾਤਰਾ ਮੁਲਤਵੀ, ਕੋਈ ਕਾਫਲਾ ਨਹੀਂ ਰਵਾਨਾ ਹੋਵੇਗਾ