ਲੇਖਕ … ਹਰਮੇਸ਼ ਜੱਸਲ
.. 094644 83080..
(ਸਮਾਜ ਵੀਕਲੀ)- ਇਤਿਹਾਸ, ਉਹ ਹੁੰਦਾ ਹੈ ਜਿਸ ਦਾ ਵਰਨਣ ਸਾਨੂੰ ਪੁਸਤਕਾਂ, ਹੱਥ ਲਿਖਤਾਂ ਅਤੇ ਚਟਾਨਾਂ ਉਪਰ ਉਕਰੇ ਹੋਏ ਲੇਖਾਂ ਤੋਂ ਮਿਲ ਜਾਂਦਾ ਹੈ. ਕਈ ਵਾਰੀ ਧਰਤੀ ਦੀ ਖੁਦਾਈ ਵਿਚੋਂ ਵੀ ਦੁਰਲੱਭ ਇਤਿਹਾਸ ਮਿਲ ਜਾਂਦਾ ਹੈ, ਜੋ ਉਪਲਭਦ ਗਿਆਨ ਵਿਚ ਹੋਰ ਵਾਧਾ ਕਰਦਾ ਹੈ, ਹੋਰ ਪਰਮਾਣਿਕ ਸਬੂਤ ਦਿੰਦਾ ਹੈ ਅਤੇ ਕਈ ਵਾਰੀ ਪਹਿਲੀਆਂ ਧਾਰਨਾਵਾਂ ਨੂੰ ਰੱਦ ਕਰਕੇ ਨਵਾਂ ਇਤਿਹਾਸ ਸਿਰਜਦਾ ਹੈ. ਪਰ ਮਿਥਿਹਾਸ ਉਹ ਹੁੰਦਾ ਹੈ ਜਿਸਦਾ ਕਿਧਰੇ ਵੀ ਉਪਰੋਕਤ ਰੂਪਾਂ ਵਿਚ ਵਰਨਣ ਤਾਂ ਨਹੀਂ ਮਿਲਦਾ ਪਰ ਫਿਰ ਵੀ ਮੌਖਿਕ ਰੂਪ ਵਿਚ , ਰੀਤੀ ਰਿਵਾਜਾਂ ਜਾਂ ਮਾਨਤਾਵਾਂ ਦੇ ਰੂਪ ਵਿਚ , ਅੰਧਵਿਸਵਾਸਾਂ ਜਾਂ ਰੂੜੀਆਂ ਦੇ ਰੂਪ ਵਿਚ ਪੀੜੀ ਦਰ ਪੀੜੀ ਚਲਦਾ ਰਹਿੰਦਾ ਹੈ. ਭਾਵੇਂ ਮਿਥਿਹਾਸ ਦੇ ਇਤਿਹਾਸਕ ਪੀ੍ਮਾਣ ਤਾਂ ਨਹੀਂ ਹੁੰਦੇ ਫਿਰ ਵੀ ਅਜਿਹੀਆਂ ਪ੍ਬਲ ਸੰਭਾਵਨਾਵਾਂ ਜਰੂਰ ਹੁੰਦੀਆਂ ਹਨ, ਜਿਸ ਤੋਂ ਇਤਿਹਾਸ ਹੋਣ ਦਾ ਝਲਕਾਰਾ ਪੈਂਦਾ ਹੈ.
ਇਸ ਲੇਖ ਵਿਚ, ਜੋ ਮੇਰੀ ਆਉਣ ਵਾਲੀ ਪੁਸਤਕ ਦਾ ਹੀ ਅੰਸ਼ ਹੈ, ਅਸੀਂ ਸੰਭਾਵਨਾਵਾਂ ਅਤੇ ਪ੍ਸਥਿਤੀਆਂ ਦੇ ਸੰਦਰਭ ਵਿਚ ਅਜਿਹੇ ਕੁੱਝ ਕੁ ਨੁਕਤਿਆਂ ਉਪਰ ਵਿਚਾਰ ਕਰਾਂਗੇ, ਜਿਸ ਵਿਚੋ ਬੁੱਧ ਧਰਮ ਦੇ ਇਤਿਹਾਸ ਦਾ ਅੰਗ ਹੋਣ ਦੇ ਪ੍ਣਾਮ ਮਿਲ ਸਕਣ.
ਆਪਸ ਵਿਰੋਧੀ ਨਜ਼ਰੀਆ
ਡਾ. ਅੰਬੇਡਕਰ ਨੇ ਭਾਰਤੀ ਇਤਿਹਾਸ ਦਾ ਇਕ ਅਲੱਗ ਦਿ੍ਸ਼ਟੀਕੋਣ ਤੋਂ ਵਿਸ਼ਲੇਸ਼ਣ ਕੀਤਾ ਹੈ. ਉਨਾਂ ਦਾ ਵਿਚਾਰ ਹੈ ਕਿ …ਭਾਰਤ ਦਾ ਇਤਿਾਸ ਹੋਰ ਕੁੱਝ ਨਹੀਂ, ਸਿਰਫ ਬੁੱਧ ਧਰਮ ਅਤੇ ਬਾ੍ਹਮਣਵਾਦ ਦੇ ਆਪਸੀ ਘਮਸਾਨ ਯੁੱਧ ਦਾ ਇਤਿਹਾਸ ਹੈ…ਇਸ ਲਈ ਬੁੱਧ ਧਰਮ ਅਤੇ ਹਿੰਦੂ ਧਰਮ ਵਿਚਕਾਰ ਸਦੀਆਂ ਤੱਕ ਇਕ ਦੂਜੇ ਉਪਰ ਹਾਵੀ ਹੋਣ ਲਈ ਟਕਰਾਅ ਚਲਦਾ ਰਿਹਾ. ਸੁਭਾਵਿਕ ਸੀ ਕਿ ਇਕ ਦੂਜੇ ਨੂੰ ਮਾਤ ਦੇਣ ਲਈ ਹਰ ਹੀਲਾ ਵਰਤਿਆ ਜਾਵੇ. ਜੇ ਬੁੱਧ ਧਰਮ ਕਿਸੇ ਗੱਲ ਨੂੰ ਚੰਗੀ ਕਹੇ ਤਾਂ ਇਹ ਜਰੂਰੀ ਹੈ ਕਿ ਹਿੰਦੂ ਧਰਮ ਉਸਨੂੰ ਬੁਰੀ ਕਹੇ. ਇਹ ਵਿਰੋਧੀ ਨਜ਼ਰੀਆ ਕਈ ਗੱਲਾਂ ਵਿਚ ਉਭਰਕੇ ਸਾਹਮਣੇ ਆਉਂਦਾ ਹੈ. ਇਥੇ ਕੁੱਝ ਕੁ ਸੰਭਾਵਨਾਵਾਂ ਦਾ ਜਿਕਰ ਕਰਾਂਗੇ.
ਤਿੰਨ ਦਾ ਵਰਨਣ
ਕਈ ਗੱਲਾਂ ਸਮਾਂ ਪਾ ਕੇ ਗਿਆਨ ਦੀ ਬੜੌਤਰੀ ਨਾਲ ਸਪਸ਼ਟ ਹੁੰਦੀਆਂ ਹਨ. ਮੇਰੇ ਬਚਪਨ ਦੀ ਇਕ ਗੁੰਝਲ ਹੁਣ ਜਾ ਕੇ ਖੁੱਲੀ ਹੈ. ਪਿੰਡ ਵਿਚ ਸਾਡੀ ਕਰਿਆਨੇ ਦੀ ਦੁਕਾਨ ਹੁੰਦੀ ਸੀ. ਪਿੰਡਾਂ ਵਿਚ ਦੁਕਾਨਦਾਰ ਇਸ ਆਸ ਨਾਲ ਸੌਦਾ ਉਧਾਰ ਦਿੰਦੇ ਰਹਿੰਦੇ ਹਨ ਕਿ ਜਦੋਂ ਹਾੜੀ ਸੌਣੀ ਦੀ ਫ਼ਸਲ ਆਵੇਗੀ, ਉਧਾਰ ਚੁਕਤਾ ਹੋ ਜਾਵੇਗਾ. ਫ਼ਸਲ ਆਉਣ ਉਤੇ ਦੁਕਾਨਦਾਰ ਆਪਣੇ ਕਰਜਾਈ ਕੋਲੋ ਉਧਾਰ ਬਦਲੇ ਕਣਕ ਜਾਂ ਮੱਕੀ ਤੁਲਵਾ ਲੈਂਦਾ ਸੀ. ਮੇਰੇ ਮਨ ਵਿਚ ਜਿਹੜੀ ਗੱਲ ਘਰ ਕਰੀ ਬੈਠੀ ਸੀ, ਉਹ ਸੀ ਤੋਲ ਦੀ ਗਿਣਤੀ. ਜਦੋਂ ਵੀ ਅਸੀਂ ਕਿਧਰੇ ਕਣਕ ਜਾਂ ਮੱਕੀ ਤੁਲਵਾਉਣ ਜਾਂਦੇ ਤਾਂ ਉਸ ਦੀ ਗਿਣਤੀ ਇਸ ਤਰਾਂ ਕੀਤੀ ਜਾਂਦੀ ਸੀ…ਪਹਿਲੇ ਤੋਲ ਨੂੰ ਕਿਹਾ ਜਾਂਦਾ…ਬਰਕਤਿਆ, ਦੂਜੇ ਨੂੰ ਦੋ ਕਿਹਾ ਜਾਂਦਾ, ਪਰ ਜਦੋਂ ਤੀਜੇ ਤੋਲ ਦੀ ਵਾਰੀ ਆਉਂਦੀ ਤਾਂ ਉਸਨੂੰ ” ਤਿੰਨ” ਨਹੀਂ ਕਿਹਾ ਜਾਂਦਾ ਸੀ ਬਲਕਿ…ਬੁਹਤਿਆ… ਕਿਹਾ ਜਾਂਦਾ ਸੀ. ਮੈਨੂੰ ਇਹ ਸਮਝ ਨਹੀਂ ਸੀ ਆਉਦੀ ਕਿ… ਤਿੰਨ ਨੂੰ ਬਹੁਤਿਆ…ਕਿਉਂ ਕਿਹਾ ਜਾਂਦਾ ਹੈ. ਜੇਕਰ ਕਦੀ ਪੁੱਛਿਆ ਜਾਂਦਾ ਕਿ ਤਿੰਨ ਨੂੰ ਬਹੁਤਿਆ ਕਿਉਂ ਕਿਹਾ ਜਾਂਦਾ ਤਾਂ ਬਦਲੇ ਵਿਚ ਝਿੜਕ ਦਿੱਤਾ ਜਾਂਦਾ ਜਾਂ ਕਿਹਾ ਜਾਂਦਾ ਕਿ …ਤਿੰਨ ਕਾਣੇ…ਹੁੰਦੇ ਹਨ. ਪਰ ਇਨਾਂ ਜੁਆਬਾਂ ਨਾਲ ਮਨ ਨੂੰ ਕਦੀ ਤਸੱਲੀ ਨਾ ਮਿਲਦੀ.
ਹੁਣ ਜਦੋਂ, ਬੁੱਧ ਧਰਮ ਅਤੇ ਹਿੰਦੂ ਧਰਮ ਦੇ ਟਕਰਾਅ ਦਾ ਇਤਿਹਾਸ ਪੜਿਆ ਤਾਂ ਪਤਾ ਲੱਗਾ ਕਿ ਸੰਭਵ ਹੈ ਕਿ ਉਹ ਗੱਲਾਂ , ਜਿਨਾਂ ਨੂੰ ਬੁੱਧ ਧਰਮ ਵਿਚ ਪਵਿੱਤਰ ਜਾਂ ਸ਼ੁੱਭ ਮੰਨਿਆ ਜਾਂਦਾ ਹੈ, ਉਨਾਂ ਨੂੰ ਹਿੰਦੂ ਨਜ਼ਰੀਏ ਵਿਚ ਅਪਵਿੱਤਰ ਜਾਂ ਅਸ਼ੁੱਭ ਮੰਨਿਆ ਜਾਂਦਾ ਹੈ. ਜਿਵੇਂ ਬੁੱਧ ਧਰਮ ਵਿਚ ਤਿੰਨ ਦਾ ਅੰਕ ਬਹੁਤ ਪਵਿੱਤਰ ਅਤੇ ਪਰਚੱਲਤ ਹੈ ਜਿਵੇਂ ” ਤੀ੍ ਪਿਟਕ…ਵਿਨਯ ਪਿਟਕ, ਸੁੱਤ ਪਿਟਕ, ਅਭਿਧੱਮ ਪਿਟਕ, ਜੋ ਬੁੱਧ ਧਰਮ ਦੇ ਸਰਵ ਮਾਨਿਯ ਗ੍ੰਥ ਹਨ…” ਤਰੀ ਸ਼ਰਣ “, ਜਦੋਂ ਕੋਈ ਆਦਮੀ ਬੁੱਧ ਧਰਮ ਗਰਹਿਣ ਕਰਨਾ ਚਾਹੁੰਦਾ ਹੋਵੇ ਤਾਂ ਉਸ ਨੂੰ ਬੁੱਧ, ਧੱਮ, ਸੰਘ ਦੀ ਸ਼ਰਣ ਜਾਣਾ ਪੈਂਦਾ ਹੈ. ਸਾਇਦ ਇਸੇ ਕਰਕੇ ਤਿੰਨ ਦੇ ਅੰਕ ਨੂੰ ਮਨਹੂਸ ਮੰਨਿਆ ਜਾਂਦਾ ਹੈ . ਕਹਾਵਤ ਹੈ, ਤੀਜਾ ਰਲਿਆ ਘਰ ਗਲਿਆ .
ਭੱਦ ਕਰਾਉਣੀ
ਬੋਧੀ ਭਿੱਖੂ ਹਮੇਸਾਂ ਭੱਦ ਕਰਾਉਂਦੇ ਹਨ ਅਰਥਾਤ ਸਿਰ ਮੁੰਨ ਕੇ ਰੱਖਦੇ ਹਨ. ਹਿੰਦੂ ਸਾਹਿਤ ਵਿਚ ਬੁੱਧ ਅਤੇ ਭਿੱਖੂਆਂ ਦਾ ” ਸਿਰ ਮੁੰਨੇ ” ਕਹਿ ਕੇ ਮਖੌਲ ਉੜਾਇਆ ਗਿਆ ਹੈ. ਪਰ ਹਿੰਦੂਆਂ ਵਿਚ ਸਿਰ ਉਦੋਂ ਮੁਨਾਇਆ ਜਾਂਦਾ ਹੈ, ਜਦੋਂ ਘਰ ਵਿਚ ਕਿਸੇ ਦੀ ਮੌਤ ਹੋਈ ਹੋਵੇ. ਇਸ ਤੋਂ ਇਲਾਵਾ ਹਿੰਦੂ, ਸਿਰ ਤਾਂ ਸਾਰਾ ਮੁੰਨਾ ਲੈਂਦੇ ਹਨ ਪਰ ਵਿਚਕਾਰ ਬੋਦੀ ਰੱਖ ਲੈਂਦੇ ਹਨ. ਹਿੰਦੂ ਰਿਸ਼ੀ ਲੰਬੀ ਦਾੜੀ ਤੇ ਖੁੱਲੇ ਵਾਲ ਰੱਖਦੇ ਸਨ ਜਦਕਿ ਬੋਧੀ ਭਿੱਖੂ ਸਿਰ ਮੁੰਹ ਮੁੰਨ ਕੇ ਰੱਖਦੇ ਸਨ. ਇਹ ਆਪਸ ਵਿਰੋਧੀ ਨਜ਼ਰੀਏ ਨੂੰ ਦਰਸਾਉਂਦਾ ਹੈ.
ਸ਼ੁੱਭ ਅਸ਼ੁੱਭ ਦਿਨ
ਬੁੱਧ ਧਰਮ ਵਿਚ ” ਮੰਗਲ ” ਸ਼ਬਦ ਬਹੁਤ ਸ਼ੁੱਭ ਤੇ ਪਵਿੱਤਰ ਹੈ. ਜਿਵੇਂ ਮੰਗਲ ਗਾਥਾਵਾਂ…ਮਹਾਂ ਮੰਗਲ ਸੁਤ, ਜੈ ਮੰਗਲ ਅਠਗਾਥਾ , ਅਸ਼ੀਰਵਾਦ ਦੇਣ ਵੇਲੇ ਕਿਹਾ ਜਾਂਦਾ ਹੈ…ਭਵਤੁੰ ਸੱਬ ਮੰਗਲੰ ਭਾਵ, ਸੱਭ ਦਾ ਭਲਾ ਹੋਵੇ ਆਦਿ. ਇਸ ਦੇ ਉਲਟ ਹਿੰਦੂ ਧਰਮ ਵਿਚ” ਮੰਗਲ “ਸ਼ਬਦ ਓਨਾ ਹੀ ਅਸ਼ੁੱਭ ਮੰਨਿਆ ਜਾਂਦਾ ਹੈ. ਇਸੇ ਕਰਕੇ ਹਿੰਦੂ ਕੋਈ ਵੀ ਸ਼ੁੱਭ ਕਾਰਜ ਮੰਗਲ ਤੋਂ ਬਣੇ ਦਿਨ “ਮੰਗਲਵਾਰ “ਨੂੰ ਨਹੀਂ ਕਰਦਾ. ਇਸੇ ਤਰਾਂ ਮੰਗਲਵਾਰ ਨੂੰ ਪੈਂਦਾ ਹੋਏ ਬੱਚੇ ਨੂੰ “ਮੰਗਲੀਕ “ਕਿਹਾ ਜਾਂਦਾ ਹੈ ਜੋ ਪਰੀਵਾਰ ਉੱਤੇ ਭਾਰੀ ਬਿਪਤਾ ਦਾ ਕਾਰਨ ਮੰਨਿਆ ਜਾਂਦਾ ਹੈ.
ਸਫ਼ੇਦ ਵਸਤਰ ਪਹਿਨਣਾ
ਬੁੱਧ ਧਰਮ ਵਿਚ ਉਪਾਸਕ ਅਤੇ ਉਪਾਸਕਾਵਾਂ ਸਫ਼ੇਦ ਵਸਤਰ ਵਿਆਹ ਦੇ ਮੌਕੇ ਜਾਂ ਬੁੱਧ ਵਿਹਾਰ ਜਾਣ ਵੇਲੇ ਪਾਉਂੰਦੇ ਹਨ ਪਰ ਹਿੰਦੂ ਧਰਮ ਵਿਚ ਸਫ਼ੇਦ ਵਸਤਰ ਮੁਰਦੇ ਨੂੰ ਪਹਿਨਾਏ ਜਾਂਦੇ ਹਨ ਜਾਂ ਸ਼ੋਕ ਦੇ ਸਮੇਂ ਪਹਿਨੇ ਜਾਂਦੇ ਹਨ.
ਲਾਲ ਰੰਗ ਦਾ ਮੋਹ
ਬੁੱਧ ਧਰਮ ਵਿਚ ਲਾਲ ਰੰਗ ਦਾ ਕਾਫ਼ੀ ਮੋਹ ਹੈ. ਬੋਧੀ ਭਿੱਖੂ ਲਾਲ ਰੰਗ ਦਾ ਚੀਵਰ ਯਾਨੀ ਕਪੜੇ ਪਾਉਂਦੇ ਹਨ. ਹੁਣ ਭਾਵੇਂ ਥੋੜਾ ਫ਼ਰਕ ਆ ਗਿਆ ਹੈ. ਕਈ ਭਿੱਖੂ ਕੇਸਰੀ, ਪੀਲੇ ਜਾਂ ਗੇਰੂਏ ਰੰਗ ਦਾ ਚੀਵਰ ਪਾਉਣ ਲੱਗ ਪਏ ਹਨ. ਇਹ ਵੀ ਦੇਖਿਆ ਗਿਆ ਹੈ ਕਿ ਦਲਿਤਾਂ ਵਿਚ, ਖਾਸ ਤੌਰ ਤੇ ਭੰਗੀ ਜਾਤੀ ਵਿਚ ਲਾਲ ਰੰਗ ਪਾਉਂਣ ਦਾ ਕਾਫ਼ੀ ਮੋਹ ਹੈ. ਉਹ ਲਾਲ ਰੰਗ ਦੇ ਕਪੜੇ ਪਹਿਨਣੇ ਜਿਆਦਾ ਪਸੰਦ ਕਰਦੇ ਹਨ. ਵਿਸ਼ਵਾਸ ਕੀਤਾ ਜਾਂਦਾ ਹੈ ਕਿ ਭੰਗੀ ਜਾਤੀ ਦੇ ਪੂਰਵਜ ਬੋਧੀ ਸਨ. ਪੰਜਾਬ ਆਦਿ ਧਰਮ ਮੰਡਲ ਦੀ ਪਹਿਲੀ ਕਾਨਫ਼ਰੰਸ 11-12 ਜੂਨ 1927 ਵਿਚ ਇਹ ਮਤਾ ਪਾਸ ਕਰ ਦਿੱਤਾ ਸੀ ਕਿ , “ਲਾਲ ਰੰਗ ਆਦਿ ਧਰਮ ਦਾ ਚਿੰਨ ਹੈ. ਇਹ ਆਦਿ ਵਾਸੀਆ ਦਾ ਰੰਗ ਹੈ, ਆਰੀਆਂ ਨੇ ਖੋਹ ਲਿਆ ਅਤੇ ਅਛੂਤਾਂ ਨੂੰ ਇਹ ਰੰਗ ਪਹਿਨਣ ਉੱਤੇ ਮਨਾਹੀ ਕਰ ਦਿੱਤੀ. ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਾਨੂੰ ਲਾਲ ਰੰਗ ਪਹਿਨਣ ਦੀ ਆਗਿਆ ਦੇਵੇ. ਅਸੀਂ ਇਸ ਰੰਗ ਨੂੰ ਅਪਨਾਉਣਾ ਚਾਹੁੰਦੇ ਹਾਂ ਕਿਉਂਕਿ ਇਹ ਰੰਗ ਸਾਡਾ ਅਧਿਕਾਰਤ ਰੰਗ ਹੈ.” ਇਸ ਦਾ ਕਾਰਨ ਸਾਇਦ ਇਹ ਹੋਵੇ ਕਿ ਉਹ ਆਪਣਾ ਧਰਮ ਅਤੇ ਸੱਭਿਆਚਾਰ ਭੁੱਲ ਗਏ ਪਰ ਆਪਣੇ ਉਪਦੇਸ਼ਕ ਦੇ ਪਹਿਰਾਵੇ ਦਾ ਲਾਲ ਰੰਗ, ਉਨਾਂ ਦੇ ਦਿਮਾਗ ਉਪਰ ਛਾਇਆ ਰਿਹਾ. ਇਹ ਵੀ ਦੇਖਿਆ ਗਿਆ ਹੈ ਕਿ ਦਲਿਤ ਬਜ਼ੁਰਗ ” ਲਾਲ ਰੰਗ ਦਾ ਸਾਫ਼ਾ ” ਆਪਣੇ ਮੋਢੇ ਉਪਰ ਜਰੂਰ ਰੱਖਦੇ ਸਨ. ਹੁਣ ਨਵੇਂ ਫ਼ੈਸ਼ਨ ਨੇ ਸੱਭ ਕੁੱਝ ਭੁਲਾ ਦਿੱਤਾ ਹੈ. ਸ਼ਹਿਰਾਂ ਵਿਚ ਭੰਗੀ ਬਸਤੀ ਨੂੰ ” ਲਾਲ ਕੁੜਤੀ ” ਕਰਕੇ ਵੀ ਪੁਕਾਰਿਆ ਜਾਂਦਾ ਸੀ. ਅੱਜ ਵੀ ਜਲੰਧਰ ਛਾਉਣੀ ਨੇੜੇ ਇਕ ਭੰਗੀ ਬਸਤੀ ਦਾ ਨਾਂ ” ਲਾਲ ਕੁੜਤੀ ” ਹੈ. ਇਨਾਂ ਦੇ ਨਾਵਾਂ ਦੇ ਅੰਤ ਵਿਚ …ਦਾਸ ਜਾਂ ਲਾਲ… ਅਕਸਰ ਲਾਇਆ ਜਾਂਦਾ ਹੈ. ਹੋ ਸਕਦਾ ਹੈ, ਇਹ ਵੀ ਬੋਧੀ ਵਿਰਸੇ ਦੀ ਰਹਿੰਦ ਖੂਹਦ ਦਾ ਨਤੀਜਾ ਹੋਵੇ.
ਸੁੱਚ ਕੱਢਣੀ
ਅੱਜ ਵੀ ਅਸੀਂ ਦੇਖਦੇ ਹਾਂ ਕਿ ਜਦੋਂ ਭੋਜ਼ਨ ਤਿਆਰ ਕੀਤਾ ਜਾਂਦਾ ਹੈ ਤਾਂ ਵਰਤਾਉਣ ਤੋਂ ਪਹਿਲਾਂ, ਉਸ ਵਿੱਚੋ ਕੁੱਝ ਹਿੱਸਾ “ਸੁੱਚਾ” ਕੱਢ ਲਿਆ ਜਾਂਦਾ ਹੈ, ਉਹ ਕਿਸੇ ਮੰਗਤੇ ਜਾਂ ਕਾਵਾਂ , ਗਾਵਾਂ ਨੂੰ ਪਾ ਦਿੱਤਾ ਜਾਂਦਾ ਹੈ. ਪਰ ਸਦੀਆਂ ਪਹਿਲਾਂ “ਸੁੱਚ ਦਾ ਇਹ ਰਾਖਵਾਂ ਹਿੱਸਾ ” ਬੋਧੀ ਭਿੱਖੂ ਨੂੰ ਦੇ ਦਿੱਤਾ ਜਾਂਦਾ ਸੀ ,ਜੋ ਹਰ ਰੋਜ ਭਿਕਸ਼ਾ ਲੈਣ ਆਉਂਦੇ ਸਨ. ਬੋਧੀ ਦੇਸ਼ਾ ਵਿਚ ਅੱਜ ਵੀ ਇਹ ਪ੍ਥਾ ਚਾਲੂ ਹੈ.
ਪਿੱਪਲ, ਅੰਬ ਜਾਂ ਬੇਰੀ ਦੀ ਪੂਜਾ
ਜਦ ਕਿਸੇ ਘਰ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਘਰ ਦੇ ਦਰਵਾਜੇ ਮੋਹਰੇ ਅੰਬ ਜਾਂ ਪਿੱਪਲ ਦੇ ਪੱਤਿਆਂ ਦੀ ਲੜੀ ਟੰਗੀ ਜਾਂਦੀ ਸੀ.ਵਿਆਹ ਵੇਲੇ ਬੋਧੀ ਭਿੱਖੂ ਪਿੱਪਲ ਦੇ ਪੱਤੇ ਹੱਥ ਵਿਚ ਲੈ ਕੇ ਮੰਤਰ ਪੜਦਾ ਹੈ. ਬੁੱਧ ਧਰਮ ਵਿਚ ਪਿੱਪਲ, ਅੰਬ ਅਤੇ ਬੇਰੀ ਨੂੰ ਪਵਿੱਤਰ ਮੰਨਿਆ ਜਾਂਦਾ ਹੈ. ਇਸੇ ਕਰਕੇ ਇਹ ਸਾਡੀ ਪੂਜਾ ਵਿਧੀ ਦਾ ਹਿੱਸਾ ਬਣ ਗਏ ਹਨ. ਸਿੱਖ ਗੁਰਦਵਾਰਿਆਂ ਵਿਚ ਵੀ ਬੇਰੀ ਨੂੰ ਪਵਿੱਤਰ ਸਮਝਿਆ ਜਾਂਦਾ ਹੈ. ਬਹੁਤ ਸਾਰੇ ਗੁਰਦਵਾਰਿਆ ਵਿਚ ਬੇਰੀ ਦੇ ਦਰਖਤ ਦੀ ਸੈਕੜੇ ਸਾਲਾਂ ਤੋਂ ਪੂਜਾ ਹੁੰਦੀ ਆ ਰਹੀ ਹੈ. ਹਵਨ ਜੱਗ ਵਿਚ ਅੰਬ ਜਾਂ ਬੇਰੀ ਦੀ ਲੱਕੜ ਜਲਾਈ ਜਾਂਦੀ ਹੈ. ਪਿੱਪਲ ਪ੍ਤੀ ਸ਼ਰਧਾਭਾਵ ਕਰਕੇ ਆਪਣੇ ਨਾਂ ਵੀ “ਪਿੱਪਲ ਦਾਸ “ਕਰਕੇ ਰੱਖ ਲੈੰਦੇ ਹਨ .ਕਈਆਂ ਪਿੰਡਾਂ ਕਸਬਿਆਂ ਦੇ ਨਾਂ ਵੀ ” ਪਿੱਪਲਾਂਵਾਲਾ “ਕਰਕੇ ਰੱਖ ਲੈਦੇ ਹਨ.
ਕਾਰਣ, ਇਹ ਹੈ ਕਿ ਬੁੱਧ ਨੂੰ “ਪਿੱਪਲ ਦੇ ਦਰਖਤ ” ਥੱਲੇ ਗਿਆਨ ਪਾ੍ਪਤ ਹੋਇਆ ਸੀ. ਇਸ ਲਈ ਪਿੱਪਲ ਨੂੰ ਬੁੱਧ ਧਰਮ ਵਿਚ ਪਵਿੱਤਰ ਸਮਝਿਆ ਜਾਂਦਾ ਹੈ. ਇਸ ਲਈ ਪਿੱਪਲ ਨੂੰ ਕੱਟਣਾ ਪਾਪ ਮੰਨਿਆ ਜਾਂਦਾ ਹੈ. ਪਿੱਪਲ ਨੂੰ ਕੱਟਣ ਉਤੇ ਆਮ ਤੌਰ ਤੇ ਝਗੜੇ ਹੋ ਜਾਂਦੇ ਹਨ. ਕਈ ਵਾਰੀ ਤਾਂ ਦੰਗੇ ਵੀ ਹੋਏ ਹਨ. ਬੋਧੀਆਂ ਦੇ ਪਰਸਿੱਧ ਧਾਰਮਿਕ ਅਸਥਾਨ, ਬੁੱਧ ਗਯਾ, ਵਿਖੇ ਜਿਸ ਪਿੱਪਲ ਦੇ ਥੱਲੇ ਬੁੱਧ ਨੂੰ ਗਿਆਨ ਪਰਾਪਤ ਹੋਇਆ ਸੀ, ਉਸਨੂੰ ਹਿੰਦੂ ਰਾਜਿਆਂ ਨੇ ਕਈ ਵਾਰੀ ਕਟਵਾਇਆ ਅਤੇ ਜਲਾਇਆ. ਮੌਜੂਦਾ ਬੋਧੀ ਬਿਰਛ, ਲੰਕਾ ਦੇ ਭਿੱਖੂ ਅਨਾਗਰਿਕ ਧਰਮ ਪਾਲ ਨੇ ” ਅਨੁਰਾਧਾਪੁਰਮ” ਦੇ ਬੋਧੀ ਬਿਰਖ ਦੀ ਟਾਹਣੀ ਲਾ ਕੇ , ਫਿਰ ਹਰਾ ਭਰਾ ਕਰ ਦਿੱਤਾ. ਅਨੁਰਾਧਾਪੁਰਮ ਦਾ ਬੋਧੀ ਦਰਖਤ , ਮਹਾਨ ਬੋਧੀ ਸਮਰਾਟ ਅਸ਼ੋਕ ਦੀ ਸਪੁੱਤਰੀ ਸੰਘਮਿੱਤਰਾ ਨੇ ਉਸ ਵੇਲੇ ਲਾਇਆ ਸੀ. ਅੱਜ ਸਰਕਾਰ ਨੇ ਬੋਧੀ ਬਿਰਛ ਨੂੰ ਕੱਟਣਾ ਜਾਂ ਨਸ਼ਟ ਕਰਨਾ ਕਾਨੂੰਨੀ ਜੁਰਮ ਕਰਾਰ ਦੇ ਦਿੱਤਾ ਹੈ. ਫਿਰ ਵੀ ਕਈ ਲੋਕ ਚੋਰੀ ਛੁਪੇ, ਬੋਧੀ ਬਿ੍ਛ ਦੇ ਪੱਤੇ ਜਾਂ ਟਾਹਣੀਆਂ ਦੀ ਤੱਸਕਰੀ , ਬੋਧੀ ਦੇਸ਼ਾਂ ਲਈ ਕਰਦੇ ਹਨ.
ਕਾਰੀ ਚੜਨਾ
ਅੱਜ ਵੀ ਦਲਿਤ ਬਜ਼ੁਰਗ “ਕਾਰੀ “ਚੜਦੇ ਹਨ ਭਾਵ ਇਹ ਲੋਕ ਨੰਗੇ ਪੈਰੀ, ਗੁੱਗੇ ਦੀਆਂ ਵਾਰਾਂ ਗਾ ਕੇ ਸਮੱਗਰੀ ਇਕੱਠੀ ਕਰਦੇ ਹਨ ਅਤੇ ਨਾਗ ਪੰਚਮੀ ਉਪਰ “ਭੰਡਾਰਾ “ਕਰਦੇ ਹਨ . ਇਹ ਲੋਕ ਆਪਣੇ ਆਪ ਨੂੰ ਗੁੱਗੇ ਦੇ ਵੰਸ਼ਜ ਮੰਨਦੇ ਹਨ . ਗੁੱਗੇ ਦਾ ਸਬੰਧ ਨਾਗ ਪੂਜਾ ਨਾਲ ਜੋੜਿਆ ਜਾਂਦਾ ਹੈ. ਨਾਗ ਪੂਜਕ ਕੌਣ ਸਨ? ਡਾ. ਅੰਬੇਡਕਰ ਨੇ ਮਹਾਂਰਾਸਟਰ ਦੇ ਨਾਕ ਲੋਕਾਂ ਨੂੰ ਨਾਗ ਲੋਕਾਂ ਨਾਲ ਜੋੜਿਆ ਹੈ. ਉਨਾਂ ਦਾ ਮੰਨਣਾ ਹੈ ਕਿ ਉਹ ਨਾਗ ਲੋਕ ਹੀ ਸਨ ਜਿਨਾਂ ਨੇ ਭਾਰਤ ਵਰਸ਼ ਵਿਚ ਬੁੱਧ ਧਰਮ ਦਾ ਪਹਿਲਾਂ ਪਹਿਲ ਪਰਚਾਰ ਕੀਤਾ ਸੀ. ਅੱਜ ਦਾ ਨਾਗ ਪੁਰ ਸ਼ਹਿਰ ਅਤੇ ਛੋਟਾ ਨਾਗ ਪੁਰ ਉਨਾਂ ਦੀ ਯਾਦ ਵਿਚ ਹੀ ਵਸਿਆ ਹੋਵੇਗਾ. ਨਾਗਾਂ ਦੇ ਅਨੇਕਾਂ ਅਸਥਾਨ ਦੇਸ਼ ਭਰ ਵਿਚ ਫ਼ੈਲੇ ਹੋਏ ਹਨ. ਹਿਮਾਚਲ ਵਿਚ ਬਹੁਤ ਸਾਰੇ ਪਰਸਿੱਧ ਨਾਗ ਮੰਦਿਰ ਹਨ ਜਿਵੇਂ ਭਾਗਸ਼ੂ ਨਾਗ , ਜਿਸ ਦਾ ਹਵਾਲਾ ਡਾ. ਅੰਬੇਡਕਰ ਨੇ ਆਪਣੀ ਪੁਸਤਰ ” ਅਛੂਤ ਕੌਣ ਤੇ ਕਿਵੇਂ”? ਵਿਚ ਵੀ ਦਿੱਤਾ ਹੈ.
ਅੱਜ ਵੀ ਔਰਤਾਂ, ਖਾਸ ਕਰਕੇ ਦਲਿਤ ਔਰਤਾਂ , ਨਾਗ ਪੰਚਮੀ ਉਪਰ ਦੁੱਧ ਅਤੇ ਸੇਵੀਆਂ ਨਾਲ ਨਾਗ ਦੀ ਬਰਮੀ ਦੀ ਪੂਜਾ ਕਰਦੀਆਂ ਹਨ, ਜਿੱਥੇ ਨਾਗਾਂ ਦਾ ਵਾਸਾ ਮੰਨਿਆ ਜਾਂਦਾ ਹੈ. ਇਸੇ ਕਰਕੇ ਦਲਿਤਾਂ ਵਿਚ ਸੱਪ ਜਾਂ ਨਾਗ ਨੂੰ ਮਾਰਨਾ ਪਾਪ ਸਮਝਿਆ ਜਾਂਦਾ ਹੈ. ਦੂਜੇ ਪਾਸੇ ਹਿੰਦੂ ਸਾਹਿਤ ਵਿਚ ਬਹੁਤ ਸਾਰੇ ਨਾਗਾਂ ਨੂੰ ਸਾੜ ਸਾੜ ਕੇ ਮਾਰ ਦੇਣ ਦਾ ਵਰਨਣ ਮਿਲਦਾ ਹੈ. ਨਾਗ ਜੱਗ ਕੀਤੇ ਗਏ ਜਿਨਾਂ ਵਿਚ ਤਕਸ਼ਕ ਵਰਗੇ ਪਰਸਿੱਧ ਨਾਗਾਂ ਨੂੰ ਸਾੜ ਕੇ ਸਵਾਹ ਕੀਤਾ ਗਿਆ ਜਿਸ ਨੂੰ ਤਕਸ਼ਿਲਾ ਦਾ ਰਾਜਾ ਕਰਕੇ ਵੀ ਜਾਣਿਆ ਜਾਂਦਾ ਹੈ. ਰਾਜਾ ਪਰੀਕਸ਼ਤ ਦਾ ਨਾਗ ਜੱਗ ਕਾਫ਼ੀ ਮਸ਼ਹੂਰ ਹੈ.
ਬੇਨਾਮੀ ਚਿਰਾਗ
ਮੈਂ ਦਲਿਤਾਂ ਦੇ ਘਰਾਂ ਵਿਚ ਆਮ ਦੇਖਿਆ ਹੈ ਕਿ ਉਹ ਬੇਨਾਮੀ ਚਿਰਾਗ ਕਰਦੇ ਹਨ. ਤੁਹਾਨੂੰ ਆਮ ਘਰਾਂ ਦੀ ਕਿਸੇ ਕੋਠਰੀ ਵਿਚ ਜਾਂ ਕਿਸੇ ਹਨੇਰੇ ਕੋਨੇ ਵਿਚ ਚਿਰਾਗ ਦੀ ਥਾਂ ਮਿਲ ਜਾਵੇਗੀ. ਜੇ ਕਿਸੇ ਨੂੰ ਪੁੱਛੋ ਕਿ ਤੁਸੀਂ ਕਿਸ ਦੇ ਨਾਂ ਦਾ ਚਿਰਾਗ ਕਰਦੇ ਹੋ ਤਾਂ ਉੱਤਰ ਮਿਲੇਗਾ, ਪਤਾ ਨਹੀਂ, ਬਜ਼ੁਰਗ ਕਰਦੇ ਸੀ , ਅਸੀਂ ਵੀ ਕਰਦੇ ਆ ਰਹੇ ਹਾਂ . ਅਸਲ ਗੱਲ ਇਹ ਹੈ ਕਿ ਕਦੀ ਮੂਲ ਨਿਵਾਸੀਆ ਦੀ ਆਪਣੀ ਆਜ਼ਾਦ ਧਾਰਮਿਕ ਵਿਧੀ ਸੀ. ਜਦੋਂ ਆਰਿਆ ਲੋਕਾਂ ਨੇ ਯੁੱਧਾਂ ਵਿਚ ਇਨਾਂ ਮੂਲ ਨਿਵਾਸੀਆਂ ਨੂੰ ਹਰਾ ਕੇ , ਅਨੇਕਾਂ ਪਾਬੰਦੀਆਂ ਲਾ ਕੇ ਗੁਲਾਮੀ ਦਾ ਜੀਵਨ ਜਿਉਣ ਲਈ ਮਜਬੂਰ ਕਰ ਦਿੱਤਾ ਤਾਂ ਇਹ ਆਪਣਾ ਸੱਭਿਆਚਾਰ ਭੁੱਲ ਗਏ. ਜਦੋਂ ਧਾਰਮਿਕ ਵਿਧੀਆਂ ਨਿਭਾਉਣ ਉਪਰ ਪਾਬੰਦੀਆਂ ਲਾ ਦਿੱਤੀਆਂ ਤਾਂ ਇਹ ਲੋਕ ਲੁਕ ਛਿਪ ਕੇ ਆਪਣੇ ਪੁਰਖਿਆਂ ਦੀ ਯਾਦ ਵਿਚ ਦੀਵਾ ਕਰਨ ਲੱਗ ਪਏ. ਮੇਰੇ ਖਿਆਲ ਵਿਚ ਇਹੀ ਬੇਨਾਮੀ ਚਿਰਾਗ ਦਾ ਪਿਛੋਕੜ ਹੋ ਸਕਦਾ ਹੈ.
ਮਿਥਿਹਾਸ ਵਿੱਚੋ ਬੋਧੀ ਇਤਿਹਾਸ ਲੱਭਣ ਦੇ ਹੋਰ ਵੀ ਰੀਤੀ ਰਿਵਾਜ, ਰਵਾਇਤਾਂ , ਕਥਾਵਾਂ , ਦੰਤ ਕਥਾਵਾਂ, ਹੋ ਸਕਦੀਆਂ ਹਨ ਜਿਨਾਂ ਤੋਂ ਜਾਹਿਰ ਹੋ ਸਕਦਾ ਹੈ ਕਿ ਭਾਰਤ ਦੇ ਮੂਲ ਨਿਵਾਸੀ ਜਿਨਾਂ ਨੂੰ ਅੱਜ ਅਨੇਕਾਂ ਨਾਵਾਂ ਨਾਲ ਜਾਣਿਆ ਜਾਂਦਾ ਹੈ, ਦਾ ਪਿਛੋਕੜ ਬੁੱਧ ਧਰਮ ਨਾਲ ਜੁੜਿਆ ਹੋਇਆ ਸੀ……ਹਰਮੇਸ਼ ਜੱਸਲ 09464483080