ਬੁੱਧ ਚਿੰਤਨ / ਡੇਰਾਵਾਦ ਬਣਿਆ ਪੰਜਾਬ ਦੇ ਲਈ ਕੋਹੜ ..!! (ਖ਼ਰੀਆਂ ਖ਼ਰੀਆਂ)

ਬੁੱਧ  ਸਿੰਘ ਨੀਲੋੰ 
(ਸਮਾਜ ਵੀਕਲੀ)  ਪੰਜਾਬ ਵਿੱਚ ਦਿਨੋਂ-ਦਿਨ ਵੱਧ ਰਹੇ ਡੇਰਾਵਾਦ ਨੇ ਜਿਹੜੀ ਤਸਵੀਰ ਸਮਾਜ ਦੀ ਬਣਾਈ ਹੈ। ਉਸ ਤੋਂ ਇੰਞ ਲੱਗਦਾ ਹੈ ਜਿਵੇਂ ਸਮਾਜ 21ਵੀਂ ਸਦੀ ਵਿੱਚ ਮਾਨਸਿਕ ਤੌਰ ਤੇ ਇਨਾਂ ਬਿਮਾਰ ਹੋ ਗਿਆ ਹੈ ਕਿ ਉਸ ਦਾ ਆਪਣੇ ਆਪ ਤੋਂ ਭਰੋਸਾ ਚੱਕਿਆ ਗਿਆ ਹੈ। ਇਸੇ ਕਰਕੇ ਉਹ ਇਨ੍ਹਾਂ ਡੇਰਿਆਂ ਦੀ ਸ਼ਰਨ ਵਿੱਚ ਪੁੱਜ ਗਿਆ ਹੈ। ਸਿੱਖ ਬਹੁਗਿਣਤੀ ਪੀਰਾਂ ਫ਼ਕੀਰਾਂ ਤੇ ਸਾਧਾਂ ਦੇ ਡੇਰਿਆਂ ਵਿੱਚ ਜਾਣ ਲੱਗੇ ਹਨ। ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਪਿੱਠ ਕਰ ਲਈ ਹੈ।
 ਪੰਜਾਬ ਵਿੱਚ ਇਸ ਸਮੇਂ 12368 ਪਿੰਡ ਹਨ ਤੇ ਅਬਾਦੀ 3 ਕਰੋੜ, 117 ਵਿਧਾਨ ਸਭਾ ਤੇ 13 ਲੋਕ ਸਭਾ ਦੀਆਂ ਸੀਟਾਂ ਲਈ 1 ਕਰੋੜ 76 ਲੱਖ,83 ਹਜ਼ਾਰ 22 ਵੋਟਰ ਹਨ, ਸਾਖ਼ਰਤਾ ਦਰ 15ਵੇਂ ਤੋਂ 22ਵੇਂ ਤੱਕ ਪੁੱਜ ਗਈ। ਅਨਪੜ੍ਹਤਾ ਦੇ ਕਾਰਨ ਇਸ ਸਮੇਂ ਪੰਜਾਬ 20ਵੇਂ ਸਥਾਨ ਤੇ ਹੈ ਤੇ ਪੰਜਾਬ ਵਿਚ 2200 ਦੇ ਕਰੀਬ ਡੇਰੇ ਮੌਜੂਦ ਹਨ।
ਇਨ੍ਹਾਂ ਵਿੱਚੋਂ ਦਰਜ਼ਨ ਦੇ ਕਰੀਬ ਅਜਿਹੇ ਡੇਰੇ ਹਨ, ਜਿਹਨਾਂ ਦੇ ਲੱਖਾਂ ਸ਼ਰਧਾਲੂ ਹਨ। ਡੇਰਿਆਂ ਦੇ ਸੰਚਾਲਕ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਉਹ ਕਿਸੇ ਨਾਂ ਕਿਸੇ ਰਾਜਸੀ ਪਾਰਟੀ ਦੀ ਹਿਮਾਇਤ ਕਰਦੇ ਹਨ ਤੇ ਉਨ੍ਹਾਂ ਦੇ ਸ਼ਰਧਾਲੂ ਅੱਖਾਂ ਮੀਚ ਕੇ ਆਪਣੇ ਸੰਚਾਲਕ ਦਾ ਹੁਕਮ ਵਜਾਉਂਦੇ ਹਨ। ਪਿਛਲੇ ਸਮਿਆਂ ਵਿੱਚ ਪੰਜਾਬ ਵਿੱਚ ਸੌਦਾ ਸਾਧ ਦਾ ਡੇਰਾ ਚਰਚਾ ਵਿੱਚ ਰਿਹਾ ਹੈ। ਉਸ ਨੇ ਜਿਸ ਤਰ੍ਹਾਂ ਸਿੱਖ ਧਰਮ ਦੀਆਂ ਮਾਨਮੱਤੀਆਂ ਰਿਵਾਇਤਾਂ ਦੀਆਂ ਧੱਜੀਆਂ ਉਡਾਈਆਂ ਹਨ ਇਹ ਤਾਂ ਜੱਗ ਦੇ ਸਾਹਮਣੇ ਹਨ ਪਰ ਜਿਸ ਤਰ੍ਹਾਂ ਸਿੱਖਾਂ ਦੇ ਸਰਵ ਉਚ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਜਿਸ ਤਰਾਂ ਦੀ ‘ਸਿਆਸੀ’ ਨੀਤੀ ਅਪਣਾਈ ਹੈ ਇਸ ਨੇ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਤਖ਼ਤ ਦੀ ‘ਮਰਜੋ ਚਿੜੀਓ, ਜਿਓਂ ਪੋ ਚਿੜੀਓ’ ਵਾਲੀ ਵਿਚਾਰਧਾਰਾ ਨੇ ਸਿੱਖਾਂ ਨੂੰ ਖੇਮਿਆਂ ਵਿੱਚ ਵੰਡ ਦਿੱਤਾ ਹੈ।
 ਕਿਉਂਕਿ ਪੰਜਾਬ ਦੇ ਸਿੱਖ ਤਖ਼ਤਾਂ ਉਤੇ ਬਾਦਲਕਿਆਂ ਦਾ ਕਬਜ਼ਾ ਹੈ। ਉਹ ਤਖ਼ਤਾਂ ਨੂੰ ਆਪਣੇ ਸਿਆਸੀ ਮਨਸੂਬਿਆਂ ਅਨੁਸਾਰ ਵਰਤਦੇ ਰਹਿੰਦੇ ਹਨ। ਹੁਣ ਬਲਾਤਕਾਰੀ ਸਿਆਸੀ ਅਕਾਲੀ ਆਗੂ  ਨਿਗੂਣੀ ਜਿਹੀ ਤਨਖਾਹ  ਲਾ ਕੇ ਮੁਆਫ਼ ਕਰ ਦਿੱਤਾ।  ਕੰਮੀ ਕਮੀਣ ਜਿਹਨਾਂ ਦੇ ਪੁਰਖਿਆਂ ਸਿੱਖ ਧਰਮ ਲਈ ਕੁਰਬਾਨੀਆਂ ਦਿੱਤੀਆਂ, ਉਨ੍ਹਾਂ ਨੂੰ  ਗੁਰਦੁਆਰਿਆਂ ਤੋਂ ਬਾਹਰ ਧੱਕ  ਦਿੱਤਾ  ਹੈ । ਇਸੇ ਕਰਕੇ  ਇਹ ਲੋਕ ਡੇਰਿਆਂ ਵੱਲ ਰੁਚਿਤ  ਹੋਏ ਹਨ ।
 ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਿੱਚ ਵੀ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਸੇ ਵਾਲੇ ਸੌਦਾ ਸਾਧ ਨੇ ਹਿਮਾਇਤ ਦਾ ਐਲਾਨ ਕੀਤਾ ਹੈ ਉਸ ਤੋਂ ਇਹ ਜੱਗ ਜਾਹਿਰ ਹੋ ਗਿਆ ਹੈ ਕਿ ਬਾਦਲ ਪਰਿਵਾਰ ਗੱਦੀ ਦੀ ਖ਼ਾਤਿਰ ਕਿੱਥੇ ਤੱਕ ਜਾ ਸਕਦਾ ਹੈ ਤੇ ਪੰਜਾਬ ਦੇ ਸੰਤ ਸਮਾਜ ਨੇ ਜਿਸ ਤਰਾਂ ਬਾਦਲਕਿਆਂ ਦਾ ਪੱਖ ਪੂਰਿਆ ਹੈ। ਉਸ ਤੋਂ ਵੀ ਇਹ ਪਤਾ ਲੱਗ ਗਿਆ ਹੈ ਕਿ ਜਿਹੜੇ ਸੰਤ ਸੰਗਤਾਂ ਨੂੰ ਧੁਰ ਦਰਗਾਹ ਦਾ ਰਸਤਾ ਦੱਸਦੇ ਹਨ ਉਹ ਬਾਦਲਾਂ ਦੇ ਖੁਦ ਪਿਛਲੱਗੂ ਹਨ। ਇਨਾਂ ਚੋਣਾਂ ਦੋਰਾਨ ਪੰਜਾਬ ਦੇ ਲੋਕਾਂ ਨੇ ਜਿਸ ਤਰ੍ਹਾਂ  ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਰਮਾਂ ਦੀ ਬੇਅਦਬੀ ਨੂੰ ਲੈ ਕੇ ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਮਾਹੌਲ ਸਿਰਜਿਆ ਹੈ ਉਸ ਤੋਂ ਇੰਞ ਲੱਗਦਾ ਹੈ ਕਿ ਪੰਜਾਬ ਦੇ ਲੋਕ ਹੁਣ ਡੇਰਿਆਂ ਦੇ ਮੁਖੀਆਂ ਅਤੇ ਸਿਆਸੀ ਆਗੂਆਂ ਦੇ ‘ਗੋਲੇ’ ਨਹੀਂ ਪਰ ਪੰਜਾਬ ਦੇ ਚਿੰਤਨਸ਼ੀਨ ਲੋਕਾਂ ਲਈ ਇਹ ਜਰੂਰ ਖੋਜ਼ ਦਾ ਵਿਸ਼ਾ ਹੈ ਕਿ ਡੇਰਾਵਾਦ ਦਿਨੋਂ ਦਿਨ ਕਿਉਂ ਪ੍ਰਫੁਲਿੱਤ ਹੋ ਰਿਹਾ ਹੈ। ਦੂਜੇ ਪਾਸੇ ਇਨਾਂ ਸਾਧਾਂ ਦੇ ਡੇਰਿਆਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖ਼ਾਮੋਸ਼ੀ ਨੇ ਚਿੰਤਨਸ਼ੀਲ ਵਿਅਕਤੀ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ, ਪ੍ਰੰਤੂ ਅਜਿਹੇ ‘ਸੱਜਣ ਪੁਰਸ਼ਾਂ’ ਨੂੰ ਦੁਖੀ ਹੋਣਾ ਚਾਹੀਦਾ ਹੈ, ਉਹ ਹਰ ਮੁਸੀਬਤ ਵੇਲੇ ‘ਪੰਥ’ ਖ਼ਤਰੇ ਵਿੱਚ ਹੈ, ਦਾ ਨਾਅਰਾ ਲਾ ਕੇ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਮੌਤ ਦੇ ਮੂੰਹ ਵੱਲ ਧੱਕਦੇ ਹਨ। ਜੇਕਰ ਦੇਖਿਆ ਜਾਵੇ ਤਾਂ ਅੱਤਵਾਦ ਦੇ ਪਤਨ ਤੋਂ ਬਾਅਦ ਡੇਰਿਆਂ ਵਿੱਚ ਵਿਆਪਕ ਪੱਧਰ ਉੱਪਰ ਵਾਧਾ ਹੋਇਆ ਹੈ। ਇਹ ਵਾਧਾ ਕਿਉਂ ਹੋਇਆ? ਕਿਉਂਕਿ ਕੰਮੀਆਂ ਤੇ ਦਲਿਤ ਭਾਈਚਾਰੇ ਨੂੰ ਗੁਰਦੁਆਰਿਆਂ ਵਿੱਚ ਉਹ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ, ਇਸੇ ਕਰਕੇ ਦੁਆਬਾ ਤੇ ਮਾਝੇ ਵਿੱਚ ਬਹੁਗਿਣਤੀ ਲੋਕ ਈਸਾਈ ਧਰਮ ਗ੍ਰਹਿਣ ਕਰਨ ਲੱਗੇ ਹਨ। ਪੰਜਾਬ ਵਿੱਚ ਸਿੱਖ ਸੰਗਤਾਂ ਘੱਟ ਗਿਣਤੀ ਵਿੱਚ ਵੱਲ ਜਾ ਰਹੀ ਹੈ। ਜੋਂ ਭਵਿੱਖ ਵਿੱਚ ਹੋ ਜਾਵੇਗੀ।
 ਇਸ ਦੇ ਦੋ ਹੀ ਕਾਰਨ ਉਭਰਵੇਂ ਰੂਪ ਵਿੱਚ ਸਾਹਮਣੇ ਆਏ ਹਨ। ਪਹਿਲਾ ਇਸ ਭੋਗਵਾਦੀ ਤੇ ਖਪਤਵਾਦੀ ਦੌਰ ਵਿੱਚ ਵੱਧ ਤੋਂ ਵੱਧ ਪੂੰਜੀ ਪ੍ਰਾਪਤ ਕਰਨ ਦੀ ਹਵਸ ਅਤੇ ਦੂਜਾ ਕਾਰਨ ਧਰਮ ਵਿੱਚ ਆਈ ਖੜੋਤ, ਜਿਸ ਨੇ ਨਾਨਕ ਨਾਮ ਲੇਵਾ ਲੋਕਾਂ ਨੂੰ ਸਿੱਖ ਧਰਮ ਤੋਂ ਦੂਰ ਕੀਤਾ ਹੈ। ਵਿਸ਼ਵੀਕਰਨ ਨੇ ਜਿੱਥੇ ਤੀਜੀ ਦੁਨੀਆਂ ਦੇ ਦੇਸ਼ਾਂ ਨੂੰ ਸੂਚਨਾ ਕ੍ਰਾਂਤੀ ਦੇ ਕਾਰਨ ਇੱਕ-ਦੂਜੇ ਦੇ ਨੇੜੇ ਕੀਤਾ ਹੈ, ਉਥੇ ਵੱਡੇ ਦੇਸ਼ਾਂ ਲਈ ਭਾਰਤ ਵਰਗਾ ਦੇਸ਼ ਵਧੀਆ ਮੰਡੀ ਵੱਜੋਂ ਉੱਭਰ ਕੇ ਸਾਹਮਣੇ ਆਇਆ ਹੈ ਕਿ ਇੱਥੋਂ ਦਾ ਵਾਸੀ ਉਸ ਤੰਦੂਏ ਜਾਲ ਵਿੱਚ ਮੱਛੀ ਵਾਂਗ ਫਸ ਕੇ ਰਹਿ ਗਿਆ ਹੈ।
ਮਨੁੱਖ ਨੇ ਆਪਣੀਆਂ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਕੇ ਇੱਕ ਅਜਿਹੀ ਦੁਨੀਆਂ ਵਿੱਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਰਿਸ਼ਤੇ ਵੀ ਉਸ ਦੇ ਅਸਲ ਮਕਸਦ ਤੋਂ ਪਿੱਛੇ ਰਹਿ ਗਏ ਹਨ। ਵੱਧ ਤੋਂ ਵੱਧ ਪੂੰਜੀ ਇਕੱਠੀ ਕਰਨ ਲਈ ਮਨੁੱਖ ਨੇ ਇਸ ਤਰ੍ਹਾਂ ਦੇ ਹੱਥਕੰਡੇ ਵਰਤਣੇ ਸ਼ੁਰੂ ਕਰ ਦਿੱਤੇ ਹਨ ,ਜਿਸ ਨਾਲ ਉਸ ਨੂੰ ਨਾ ਤਾਂ ਧਨ ਪ੍ਰਾਪਤ ਹੋਇਆ ਤੇ ਨਾ ਹੀ ਰਿਸ਼ਤੇ ਬਚੇ ਹਨ। ਉਹ ਮਨੁੱਖ ਮਾਨਸਿਕ ਤੌਰ ਤੇ ਬਿਮਾਰ ਰਹਿਣ ਲੱਗਾ। ਰੋਜ਼ਾਨਾਂ ਦੀਆਂ ਨਵੀਆਂ ਮੁਸੀਬਤਾਂ ਤੇ ਆਰਥਿਕ ਟੁੱਟ-ਭੱਜ ਨੇ ਮਨੁੱਖ ਦਾ ਤਵਾਜ਼ਨ ਹਿਲਾ ਕੇ ਰੱਖ ਦਿੱਤਾ। ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਸਾਧਾਂ ਦੇ ਡੇਰਿਆਂ ਵਿੱਚ ਜਾ ਕੇ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ।
 ਇਨ੍ਹਾਂ  ਡੇਰਿਆਂ ਵਿੱਚ ਪੁੱਜੇ ਮਾਨਸਿਕ ਰੋਗੀਆਂ ਦਾ ਡੇਰਿਆਂ ਨੇ ਆਰਥਿਕ ਤੇ ਜਿਸਮਾਨੀ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ।ਅੱਜ ਪੰਜਾਬ ਦੇ ਹਰ ਪਿੰਡ ਸ਼ਹਿਰ ਵਿੱਚ ਅਜਿਹੇ ਅਖੌਤੀ ਬਾਬਿਆਂ ਦੇ ਡੇਰੇ ਖੁੰਬਾਂ ਵਾਂਗ ਉੱਗੇ ਹੋਏ ਹਨ। ਇਨ੍ਹਾਂ  ਦੇ ਨਾਂ ਵੀ ਅਜੀਬ ਕਿਸਮ ਦੇ ਹਨ, ਸੋਟੀ ਵਾਲਾ ਬਾਬਾ, ਪਤਾਸਿਆਂ ਵਾਲਾ, ਧੂਣੀ ਵਾਲਾ, ਭਨਿਆਰੇ ਵਾਲਾ, ਟੂਸਿਆਂ ਵਾਲੇ, ਪਹੋਏ ਵਾਲੇ, ਸੰਗਲਾਂ ਵਾਲੇ, ਤੀਰ ਵਾਲੇ, ਕੁੱਤਿਆਂ ਵਾਲੇ ਆਦਿ ਪਤਾ ਨਹੀਂ ਇਨ੍ਹਾਂ  ਦੇ ਕਿੰਨੇ ਨਾਂ ਹਨ। ਇਨ੍ਹਾਂ  ਡੇਰਿਆਂ ਵਿਚਲੇ ਸਾਧਾਂ ਦੀ ਪ੍ਰਸ਼ਾਸਨ ਵਿੱਚ ਪਹੁੰਚ ਹੋਣ ਕਰਕੇ ਆਪਣੇ ਸੇਵਕਾਂ ਨੂੰ ਤਰ੍ਹਾਂ -ਤਰ੍ਹਾਂ ਦੇ ਲੱਕੜ ਦੇ ਮੁੰਡੇ ਬਖਸ਼ਦੇ ਹਨ। ਇਨ੍ਹਾਂ ਦੀ ਚੁੰਗਲ ਵਿੱਚ ਫਸਿਆ ਕੋਈ ਵੀ ਵਿਅਕਤੀ ਨਾ ਘਰ ਦਾ ਨਾ ਘਾਟ ਦਾ ਰਹਿੰਦਾ ਹੈ। ਕੋਈ ਬਾਬਾ ਇਲੈਚੀਆਂ ਦਾ ਪ੍ਰਸ਼ਾਦ ਵੰਡਦਾ ਹੈ, ਕੋਈ ਸਿਗਰਟਾਂ ਦਾ, ਕੋਈ ਪਤਾਸਿਆਂ ਦਾ ਤੇ ਭਨਿਆਰੇ ਵਾਲਾ ਤਾਂ ਲੋਕਾਂ ਨੂੰ ਮਿੱਟੀ ਹੀ ਵੰਡੀ ਗਿਆ। ਸਾਡੇ ਅੰਧ-ਵਿਸ਼ਵਾਸੀ ਲੋਕਾਂ ਨੇ ਵਿਗਿਆਨਕ ਨਜ਼ਰੀਏ ਤੋਂ ਕਦੀ ਵੀ ਇਨਾਂ ਸਾਧਾਂ ਦੀ ਪੁਣਛਾਣ ਨਹੀਂ ਕੀਤੀ।
 ਉਹ ਸ਼ਰਧਾ ਵਸ ਇਨ੍ਹਾਂ ਸਾਧਾਂ ਦੇ ਚੁੰਗਲ ਵਿੱਚ ਫਸੀ ਜਾ ਰਹੇ ਹਨ। ਇਨ੍ਹਾਂ ਸਾਧਾਂ ਕੋਲ ਗਿਆ ਕੋਈ ਵੀ ਵਿਅਕਤੀ ਸੁੱਕਾ ਵਾਪਸ ਨਹੀਂ ਪਰਤਦਾ। ਪੰਜਾਬ ਵਿੱਚ ਇਨਾਂ ਸਾਧਾਂ ਨੇ ਸਿੱਖ ਧਰਮ ਦਾ ਜਿਹੜਾ ਨਾਸ਼ ਕੀਤਾ ਹੈ, ਉਸ ਪਾਸੇ ਵੱਲ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਿਆਨ ਦਿੱਤਾ, ਤੇ ਨਾ ਹੀ ਹੋਰ ਸਿੱਖ ਜੱਥੇਬੰਦੀਆਂ ਨੇ। ਇਨ੍ਹਾਂ ਸਾਧਾਂ ਨੇ ਸਿੱਖ ਧਰਮ ਪ੍ਰਚਾਰ ਦੇ ਨਾਂ ਹੇਠ ਆਪਣੇ ਮਹਿਲ ਨੁਮਾ ਆਲੀਸ਼ਾਨ ਮਹਿਲ ਹੀ ਉਸਾਰੇ ਹਨ। ਇਨ੍ਹਾਂ ਕੋਲ ਏ ਸੀ ਗੱਡੀਆਂ ਤੇ ਕੋਠੀਆਂ ਹਨ। ਲੋਕਾਂ ਉੱਪਰ ਰੋਅਬ ਪਾਉਣ ਲਈ ਬੰਦੂਕਾਂ, ਰਾਈਫਲਾਂ, ਜਿਪਸੀਆਂ ਆਦਿ ਹਨ। ਕਈ ਬਾਬਿਆਂ ਨੇ ਤਾਂ ਆਪਣੀਆਂ ਮੋਟਰ ਗੱਡੀਆਂ ਉੱਪਰ ਲਾਲ ਬੱਤੀ ਤੱਕ ਵੀ ਲਗਾਈ ਹੋਈ ਹੈ। ਇਨ੍ਹਾਂ ਦੇ ਜਾਂਦੇ ਕਾਫ਼ਲੇ ਕਈ ਵਾਰ ਸੜਕਾਂ ਉੱਪਰ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ, ਪਰ ਇਨ੍ਹਾਂ ਨੂੰ ਕੋਈ ਵੀ ਪੁੱਛਣ ਵਾਲਾ ਨਹੀਂ ਕਿ ਉਨਾਂ ਨੇ ਆਪਣੀ ਗੱਡੀ ਉੱਪਰ ਲਾਲ ਬੱਤੀ ਕਿਉਂ ਲਗਾਈ ਹੈ? ਕਿਉਂਕਿ ਇਨ੍ਹਾਂ ਬਾਬਿਆਂ ਦੀ ਸੱਤਾਧਾਰੀ ਆਗੂਆਂ ਤੱਕ ਪਹੁੰਚ ਹੁੰਦੀ ਹੈ। ਸੱਤਾਧਾਰੀ ਆਗੂ ਇੰਨ੍ਹਾਂ ਡੇਰਿਆਂ ਤੇ ਅਕਸਰ ਹੀ ਗੇੜੇ ਮਾਰਦੇ ਰਹਿੰਦੇ ਹਨ। ਜਿਹੜੇ ਆਮ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਇਨ੍ਹਾਂ ਅਖੌਤੀ ਬਾਬਿਆਂ ਕੋਲ ਬਹੁਤੀ ਭੀੜ ਔਰਤਾਂ ਦੀ ਹੁੰਦੀ ਹੈ। ਇਹ ਔਰਤਾਂ ਬਾਬਿਆਂ ਨੂੰ ਮਾਨਤਾ ਬਖ਼ਸ਼ਦੀਆਂ ਹਨ ਤੇ ਉਨਾਂ ਦੀ ਇਸ਼ਤਿਹਾਰਬਾਜ਼ੀ ਦਾ ਕੰਮ ਵੀ ਇਹੋ ਔਰਤਾਂ ਕਰਦੀਆਂ ਹਨ। ਘਰ ਭਾਵੇਂ ਇਹ ਘਰਵਾਲੇ ਨੂੰ ਚਾਹ ਦਾ ਕੱਪ ਨਾ ਦਿੰਦੀਆਂ ਹੋਣ, ਪਰ ਬਾਬਿਆਂ ਕੋਲ ਦੁੱਧ ਦੇ ਡੋਲੂ ਭਰੀ ਹੱਥਾਂ ਵਿੱਚ ਫੜੀ ਜਾਂਦੀਆਂ, ਇਨ੍ਹਾਂ ਔਰਤਾਂ ਦੀ ਤਸਵੀਰ ਤੁਸੀ ਹਰੇਕ ਡੇਰੇ ਬਾਹਰ ਵੇਖ ਸਕਦੇ ਹੋ।
 ਇਹ ਬਾਬੇ ਜਦੋਂ ਕੀਰਤਨ ਕਰਦੇ ਹਨ ਉਦੋਂ ਸਭ ਨੂੰ ਮਾਇਆ ਤੋਂ ਬਚਣ ਦੀ ਸਿੱਖਿਆ ਦਿੰਦੇ ਹਨ, ਉਸ ਸਮੇਂ ਸਿੱਖ ਧਰਮ, ਸਿੱਖ ਇਤਿਹਾਸ ਵਿੱਚੋਂ ਹੀ ਨਹੀਂ ਸਗੋਂ ਅਜਿਹੀਆਂ ਮਨਘੜਤ ਕਹਾਣੀਆਂ ਸੁਣਾਉਂਦੇ ਹਨ ਅਤੇ ਗੁਰਬਾਣੀ ਦੀ ਅਜਿਹੀ ਵਿਆਖਿਆ ਕਰਦੇ ਹਨ ਕਿ ਸੁਣਨ ਵਾਲਾ ਵਿਅਕਤੀ ਸੋਚਣ ਲਈ ਮਜਬੂਰ ਹੋ ਜਾਂਦਾ ਹੈ, ਪਰ ਜਿਹੜੀ ਸਾਧ ਸੰਗਤ ਅੱਗੇ ਬੈਠੀ ਸਿਰ ਸੁੱਟੀ ਇਨਾਂ ਬਾਬਿਆਂ ਦੇ ਪ੍ਰਵਚਨ ਸੁਣਦੀ ਹੈ, ਉਹ ਧੰਨ-ਧੰਨ ਕਰਦੀ ਹੈ ਕਿਉਂਕਿ ਉਹ ਲੋਕ ਪਹਿਲਾਂ ਹੀ ਅੰਧ ਵਿਸ਼ਵਾਸੀ ਹੁੰਦੇ ਹਨ। ਉਨ੍ਹਾਂ ਨੂੰ ਬਾਬੇ ਵਿੱਚ ਕੋਈ ਖੋਟ ਹੀ ਨਜ਼ਰ ਨਹੀਂ ਆਉਂਦੀ। ਇਸ ਕਰਕੇ ਉਹ ਮੰਤਰ-ਮੁਗਧ ਹੋ ਕੇ ਬਾਬਾ ਜੀ ਦੀ ਕੱਚੀ ਬਾਣੀ ਦਾ ਆਨੰਦ ਮਾਣਦੇ ਹਨ। ਕਈ ਬਾਬੇ ਤਾਂ ਛੋਟੀਆਂ ਜਾਤਾਂ ਦਾ ਪ੍ਰਸ਼ਾਦ ਜਾਂ ਕੋਈ ਹੋਰ ਵਸਤੂ ਵੀ ਨਹੀਂ ਲੈਂਦੇ ਜਦ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਜਾਤ-ਪਾਤ ਦਾ ਕੋਈ ਭੇਦਭਾਵ ਨਹੀਂ ਦੱਸਿਆ ਹੈ। ਇਨ੍ਹਾਂ ਬਾਬਿਆਂ ਨੇ ਆਪਣਾ ਹੀ ਇੱਕ ਵੱਖਰੀ ਤਰ੍ਹਾਂ ਦਾ ਨੈਟਵਰਕ ਤਿਆਰ ਕੀਤਾ ਹੋਇਆ ਹੈ। ਇਨ੍ਹਾਂ ਬਾਬਿਆਂ ਦੇ ਮੁੱਖ ਸੇਵਾਦਾਰ ਆਈ ਸੰਗਤ ਵਿਚੋਂ ਅਜਿਹੇ ਵਿਅਕਤੀ ਦੀ ਤਲਾਸ਼ ਵਿੱਚ ਰਹਿੰਦੇ ਹਨ, ਜਿਸ ਦੀ ਔਲਾਦ ਕਹਿਣੇ ਵਿੱੱਚ ਨਾ ਹੋਵੇ। ਉਹ ਉਸ ਬੀਬੀ ਜਾਂ ਬੀਬੇ ਨੂੰ ਸੰਤਾਂ ਦੀਆਂ ਅਜਿਹੀਆਂ ਚੋਪੜੀਆਂ ਗੱਲਾਂ ਸੁਣਾਉਂਦੇ ਹਨ ਕਿ ਸੁਣਨ ਵਾਲਾ ਬੰਦਾ ਕੀਲਿਆ ਜਾਂਦਾ ਹੈ।
 ਅਸਲ ਵਿੱਚ ਉਨਾਂ ਦੀ ਅੱਖ ਉਸ ਵਿਅਕਤੀ ਦੀ ‘ਜ਼ਮੀਨ ਜਾਇਦਾਦ’ ਦੇ ਉੱਪਰ ਹੁੰਦੀ ਹੈ। ਉਹ ਫਿਰ ਉਸ ਵਿਅਕਤੀ ਦੀ ਅਜਿਹੀ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਹਨ ਕਿ ਬੰਦਾ ਉਨ੍ਹਾਂ ਦੀ ਚੁੰਗਲ ਵਿੱਚ ਫਸਦਾ ਹੀ ਚਲਿਆ ਜਾਂਦਾ ਹੈ। ਜਦੋਂ ਉਸ ਵਿਅਕਤੀ ਦੀ ਜ਼ਮੀਨ-ਜਾਇਦਾਦ ਇਨਾਂ ਦੇ ਹੱਥ ਲੱਗ ਜਾਂਦੀ ਹੈ, ਫਿਰ ਉਸ ਵਿਅਕਤੀ ਨੂੰ ਕੋਈ ਪਾਣੀ ਪੁੱਛਣ ਵਾਲਾ ਨਹੀਂ ਹੁੰਦਾ। ਇਸ ਜ਼ਮੀਨ ਹੱਥਿਆਉਣ ਦੇ ਧੰਦੇ ਵਿੱਚ ਸਭ ਡੇਰਿਆਂ ਦੀ ਪੂਰੀ ਚੜਾਈ ਹੈ।
 ਇਨ੍ਹਾਂ ਡੇਰਿਆਂ ਵਾਲਿਆਂ ਦੀ ਉੱਪਰ ਤੱਕ ਪਹੁੰਚ ਹੈ। ਇਨਾਂ ਕੋਲ ਅਸਲਾ ਹੈ। ਅਫ਼ਸਰਾਂ ਅਤੇ ਪੁਲਿਸ ਨੂੰ ਕਾਣਾ ਕਰਨ ਲਈ ਮਾਇਆ ਬਹੁਤ ਹੈ। ਇਨ੍ਹਾਂ  ਦਾ ਮੁੱਖ ਧੰਦਾ ਬੇਸਹਾਰਾ ਵਿਅਕਤੀਆਂ ਦੀਆਂ ਜ਼ਮੀਨਾਂ ਉੱਪਰ ਕਬਜ਼ੇ ਕਰਨਾ ਹੈ। ਇਨਾਂ ਵੱਲੋਂ ਪੰਚਾਇਤੀ ਜ਼ਮੀਨਾਂ ਉੱਪਰ ਕਬਜ਼ੇ ਕਰਨ ਦੀਆਂ ਖ਼ਬਰਾਂ ਪਿਛਲੇ ਵਰੇ ਅਖ਼ਬਾਰਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ।
 ਇਨ੍ਹਾਂ ਡੇਰਿਆਂ ਦੇ ਬਹੁਤ ਸਾਰੇ ਪ੍ਰਬੰਧਕਾਂ ਕੋਲ ਇਸ ਤਰ੍ਹਾਂ ਕਬਜ਼ੇ ਵਿੱਚ ਲਈਆਂ ਜ਼ਮੀਨਾਂ ਹੀ ਨਹੀਂ, ਕੋਠੀਆਂ ਅਤੇ ਔਰਤਾਂ ਵੀ ਹਨ, ਪਰ ਇਨ੍ਹਾਂ ਡੇਰਿਆਂ ਵਾਲਿਆਂ ਨੂੰ ਕੋਈ ਚੈਲਿੰਜ ਕਰਨ ਵਾਲਾ ਨਹੀਂ ਕਿਉਂਕਿ ਬਹੁਤੀ ਦੁਨੀਆਂ ਆਪਣੀ ਔਲਾਦ ਹੱਥੋਂ ਦੁਖੀ ਹੈ ਤੇ ਇਹ ਡੇਰੇ ਵਾਲੇ ਉਸ ਦਾ ਨਜਾਇਜ ਤੌਰ ਤੇ ਫਾਇਦਾ ਉਠਾਉਂਦੇ ਹਨ। ਇਨ੍ਹਾਂ ਡੇਰਿਆਂ ਦੇ ਅਸਲ ਕਿਰਦਾਰ ਦੀ ਗਾਥਾ ਪਾਉਂਦੀ ਕਹਾਣੀਕਾਰ ਸੁਖਜੀਤ ਦੀ ਕਹਾਣੀ ‘ਪਾਤਸ਼ਾਹ’, ਮੈਂ ਇੰਜੁਆਈ ਕਰਦੀ ਹਾਂ’ ਤੇ ‘ਆਦਮਖੋਰ’ ਪੜਨ ਵਾਲੀ ਹੈ।
 ਇਨ੍ਹਾਂ ਕਹਾਣੀਆਂ ਵਿੱਚ ਡੇਰਿਆਂ ਦੇ ਕਿਰਦਾਰ ਨੂੰ ਬੜੇ ਸਪੱਸ਼ਟ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਜੇ ਕਦੇ ਮੌਕਾ ਮਿਲੇ ਤਾਂ ਇਹ ਕਹਾਣੀਆਂ ਪੜ ਲਿਓ। ਸੁਖਜੀਤ ਦੀ ਸਵੈ ਜੀਵਨੀ ਵੀ ਇਕ ਡੇਰੇ ਦੇ ਪਰਦੇ ਚਾਕ ਕਰਦੀ ਹੈ। ਤੁਹਾਨੂੰ ਇਨਾਂ ਡੇਰਿਆਂ ਦੀ ਅੰਦਰਲੀ ਉਹ ਤਸਵੀਰ ਨਜ਼ਰ ਪੈ ਜਾਵੇਗੀ, ਜਿਹੜੀ ਸਾਨੂੰ ਬਾਹਰੀ ਰੂਪ ਵਿੱਚ ਦਿਖਾਈ ਨਹੀਂ ਦਿੰਦੀ। ਇਨਾਂ ਡੇਰਿਆਂ ਵਿੱਚ ਜਿੱਥੇ ਜ਼ਮੀਨ ਜਾਇਦਾਦ ਦਾ ਸ਼ੋਸ਼ਣ ਹੁੰਦਾ ਹੈ। ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਨਾਂ ਹੇਠ ਹਰ ਵਰੇ ਕਰੋੜਾਂ ਰੁਪਏ ਇਕੱਠੇ ਕਰਦੀ ਹੈ, ਉਹਨਾਂ ਦੀ ਖਾਮੋਸ਼ੀ ਇਸ ਗੱਲ  ਦੀ ਝਲਕ ਦਿੰਦੀ ਹੈ ਜਿਵੇਂ ਉਹ ਵੀ ਇਨ੍ਹਾਂ ਸਾਧਾਂ ਦੇ ਨਾਲ ਰਲੀ ਹੋਵੇ, ਜਿਹੜੇ ਸਿੱਖ ਧਰਮ ਦੇ ਨਾਂ ਹੇਠ ਜਿੱਥੇ ਧਰਮ ਦਾ ਨੁਕਸਾਨ ਕਰ ਰਹੇ ਹਨ, ਉੱਥੇ ਲੋਕਾਂ ਦਾ ਆਰਥਿਕ, ਸ਼ਰੀਰਿਕ ਸ਼ੋਸ਼ਣ ਕਰ ਰਹੇ ਹਨ। ਜੇਕਰ ਦੇਖਿਆ ਜਾਵੇ ਤਾਂ ਸਾਡਾ ਪੰਜਾਬ ਅੱਜ ਇਨ੍ਹਾਂ ਅਖੌਤੀ ਬਾਬਿਆਂ ਦੇ ਵੱਸ ਪਿਆ ਹੋਇਆ ਹੈ। ਜਿਹੜਾ ਪੰਜਾਬ ਕਦੇ ਅਣਖ ਦਾ ਪ੍ਰਤੀਕ ਹੁੰਦਾ ਸੀ, ਅੱਜ ਆਪਣੀਆਂ ਬਹੂ-ਬੇਟੀਆਂ ਨੂੰ ਇਨ੍ਹਾਂ ਸਾਧਾਂ ਦੇ ਡੇਰਿਆਂ ਵਿੱਚ ਕਿਉਂ ਭੇਜਣ ਲਈ ਮਜਬੂਰ ਹੋ ਰਿਹਾ ਹੈ? ਇਹ ਭਾਵੇਂ ਸਮਾਜਿਕ, ਮਨੋਵਿਗਿਆਨਕ ਅਤੇ ਆਰਥਿਕਤਾ ਦੇ ਨਾਲ ਜੁੜਿਆ ਵਿਸ਼ਾ ਹੈ ਪ੍ਰੰਤੂ ਇਸ ਸਮੇਂ ਸਾਨੂੰ ਇਸ ਵਰਤਾਰੇ ਨੂੰ ਦੇਖ ਕੇ ਜ਼ਰੂਰ ਸੋਚਣਾ ਪਵੇਗਾ ਕਿ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਸਾਧਾਂ ਦੇ ਕਬਜ਼ੇ ਵਿੱਚੋਂ ਕਿਵੇਂ ਛੁਡਵਾਇਆ ਜਾਵੇ ? ਭਾਵੇਂ ਤਰਕਸ਼ੀਲ ਸੁਸਾਇਟੀ ਵਾਲਿਆਂ ਨੇ ਇਨ੍ਹਾਂ ਅਖੌਤੀ ਸਾਧਾਂ ਦੇ ਖ਼ਿਲਾਫ਼ ਬੀੜਾ ਚੁੱਕਿਆ ਹੈ। ਲੋਕਾ ਦਾ ਫ਼ਰਜ਼ ਬਣਦਾ ਹੈ ਕਿ ਉਹ ਇਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੋਕਾਂ ਨੂੰ ਸਾਧਾਂ ਦੇ ਚੁੰਗਲ ਤੋਂ ਬਚਾਉਣ।
###
ਬੁੱਧ  ਸਿੰਘ ਨੀਲੋੰ 
94643-70823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਰਾਲੀ਼
Next article“ਬਚਾਉਣ ਦੀ ਲੋੜ”