(ਸਮਾਜ ਵੀਕਲੀ)-ਰੇਸ਼ਮ ਦਾ ਕੀੜਾ ਖਾ ਕੇ ਜੋ ਲਾਰ ਸੁਟਦਾ ਐ ਤਾਂ ਉਹ ਕਿਸੇ ਦੇ ਤਨ ਢਕਣ ਦੇ ਕੰਮ ਆਉਂਦੀ ਐ ਪਰ ਅਜੋਕੇ ਸਮਾਜ ਵਿੱਚ ਸਾਹਿਤਕਾਰ ਜੋ ਕੁਝ ਸਿਰਜਦਾ ਐ, ਉਸ ਦੇ ਨਾਲ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਤਾਂ ਕੀ ਸਿਉਂਕ ਦੇ ਖਾਣ ਦੇ ਕੰਮ ਵੀ ਨਹੀ ਆਉਂਦਾ ।
ਅਜੋਕੇ ਸਮੇਂ ਵਿੱਚ ਲਿਖਣਾ ਸ਼ੁਗਲ ਬਣ ਗਿਆ ਐ ! ਹਰ ਕੋਈ ਸ਼ੌਕ ਦੇ ਨਾਲ ਹੀ ਲਿਖਦਾ ਹੈ । ਉਸ ਦੇ ਲਿਖਣ ਦੇ ਨਾਲ ਕਿਸੇ ਨੂੰ ਫਾਇਦਾ ਹੁੰਦਾ ਹੈ, ਕਿਸ ਦਾ ਨੁਕਸਾਨ ਹੁੰਦਾ ਹੈ, ਜੋ ਉਸ ਨੂੰ ਪਤਾ ਨਹੀਂ। ਕੀ ਲਿਖਣਾ, ਕਿਉਂ ਲਿਖਣਾ,ਕਿਸ ਵਾਸਤੇ ਲਿਖਣਾ,ਕਿਵੇਂ ਲਿਖਣਾ ਤੇ ਕਿਥੇ ਕਿਸ ਵਿਧੀ ਵਿਧਾਨ ਚ ਲਿਖਣਾ ਇਸ ਦੀ ਬਹੁਗਿਣਤੀ ਕਲਮ ਘਸੀਟ ਟੋਲੇ ਨੂੰ ਸਮਝ ਨਹੀ ਪਰ ਧੜਾਧੜ ਲਿਖ ਰਹੇ ਹਨ। ਕਾਗਜ਼ੀ ਕੀੜੇ ਸ਼ਬਦਾਂ ਦੀਆਂ ਉਲਟੀਆਂ ਸ਼ਰਾਬੀ ਵਾਂਗ ਕਰਕੇ ਆਲੇ-ਦੁਆਲੇ ਮੁਸ਼ਕ ਫੈਲਾਉਣ ਲਈ ਮਜਬੂਰ ਹਨ ।
ਸਭ ਤੋਂ ਵੱਧ ਕਵਿਤਾ ਲਿਖੀ ਜਾ ਰਹੀ ਹੈ ਤੇ ਕਿਤਾਬਾਂ ਵੀ ਕਵਿਤਾ ਦੀਆਂ ਛਪ ਰਹੀਆਂ ਤੇ ਵੰਡ ਸਮਾਰੋਹ ਦੌਰਾਨ ਵੰਡੀਆਂ ਜਾ ਰਹੀਆਂ ਹਨ। ਰਿਲੀਜ ਸਮਾਗਮ ਜਸ਼ਨ ਮਨਾਉਣ ਲਈ ਹਫਤਿਆਂ ਦਾ ਸ਼ਿੰਗਾਰ ਬਣ ਰਹੇ ਹਨ।
ਪੜੇ-ਲਿਖੇ ਗਿਆਨੀ ਸਾਹਿਤ ਦੇ ਚੌਧਰੀ ਤੇ ਇਲਾਕਾ ਸਾਹਿਤਕ ਥਾਣੇਦਾਰ ਜਸ਼ਨਾਂ ਦੀਆਂ ਪ੍ਰਧਾਨਗੀ ਕਰਦੇ ਹੋਏ ਸ਼ਬਦ ਕੁਟਾਈ ਰਾਹੀਂ ਹਥ ਸਾਫ ਕਰਦੇ ਹੋਏ ਜੇਬਾਂ ਗਰਮ ਕਰਦੇ ਹਨ। ਸਾਹਿਤਕ ਥਾਣੇ ਦੇ ਟਾਉਟ ਤੇ ਗੜਵਈ ਸ਼ਬਦ ਮਸਾਜ ਕਰਨ ਵਾਲੇ ਕਵੀ ਤੇ ਕਵਿਤਰੀਨੁਮਾ ਦੀਆਂ ਅਣਗਿਣਤ ਅਸ਼ਾਇਰਾ ਦੀ ਹਰ ਥਾਂ ਮਸਾਲਾ ਨੁਮਾ ਸ਼ਬਦਾਵਲੀ ਨਾਲ ਮਸਾਜ ਕਰਦੇ ਹੋਏ ਜਸ਼ਨ ਮਨਾਉਣ ਲਈ ਪੱਬਾਂ ਭਾਰ ਹਨ ।
ਸਾਹਿਤ ਸਭਾਈ ਵੋਟ ਪੱਕੀ ਕਰਨ ਲੲੀ ਇਕ ਦੂਜੇ ਦੀ ਪਿੱਠ ਖੁਰਕਦੇ ਹਨ। ਆਪੇ ਲਿਆਂਦੇ ਹਾਰ, ਲੋਈਆਂ ਤੇ ਗਿਫਟ ਨੁਮਾ ਪੁਰਸਕਾਰ ਸਭਾਪਤੀ ਦੇ ਕੋਲੋਂ ਲੈ ਕੇ ਖੁਸ਼ ਹਨ।
ਗੋਦੀ ਮੀਡੀਆ ਖਬਰ ਛਾਪਣ ਲਈ ਮਜਬੂਰ ਹੈ। ਰਲ ਮਿਲ ਕੇ ਛਕਣ ਛਕਾਉਣ ਦੀ ਬੀਮਾਰੀ ਫੈਲਾਉਣ ਲਈ ਸੋਚੀ ਸਮਝੀ ਸਾਜਿਸ਼ ਹੈ।
ਪੰਜਾਬ ਦੀ ਬੌਧਿਕ ਸ਼ਕਤੀ ਤੇ ਪੂੰਜੀ ਪਰਵਾਸ ਕਰ ਰਹੀ ਐ ਤੇ ਕਿਸਾਨ ਮਜਦੂਰ ਜਮਾਤ ਮਰਨ ਲਈ ਮਜਬੂਰ ਐ। ਲੋਕਾਈ ਅਣ ਚਾਹੀਆਂ ਬੀਮਾਰੀ ਨਾਲ ਪੀੜਤ ਹੈ । ਨਿੱਜੀ
ਹਸਪਤਾਲ ਵਿਚ ਹੁੰਦੀ ਲੋਕਾਈ ਦੀ ਲੁੱਟ ਖਸੁੱਟ ਤੇ ਗੋਦ ਮੀਡੀਆ ਤੇ ਕਵਿਤਾ ਚੁਪ ਐ।
ਬੰਦ ਦਰਵਾਜ਼ਾ ਦੀ ਐਡ ਭੁੱਖਿਆਂ ਨੂੰ ਸੁਣਾਈ ਜਾ ਰਹੀ ਐ।
ਬੇਰੁਜ਼ਗਾਰਾਂ ਨੂੰ ਘਰ ਦੇ ਸੁਪਨੇ ਵੰਡੇ ਗਏ ਹਨ ।
ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ।
ਸੀ ਬੀ ਆਈ ਦੇ ਘੋੜਿਆਂ ਨਾਲ ਵਿਰੋਧੀਆਂ ਉਤੇ ਛਾਪੇਮਾਰੀ ਕੀਤੀ ਜਾ ਰਹੀ ਹੈ । ਇਨਸਾਫ ਦੇ ਮੰਦਰ ਵਿਚੋਂ ਮਰਿਆਦਾ ਦੇ ਹੁਕਮ ਕਰਵਾਏ ਜਾ ਰਹੇ ਹਨ ।
ਸੜਕਾਂ ਤੇ ਵਾਟਰ ਸ਼ਕਤੀ ਦਾ ਨੰਗਾ ਨਾਚ ਜਾਰੀ ਐ। ਨਾਮ ਤੇ ਨਸ਼ੇ ਦੇ ਵਪਾਰੀ ਅਦਾਰੇ ਸਰਗਰਮ ਹਨ । ਘਰਾਂ ਤੇ ਸਮਸ਼ਾਨ ਘਾਟਾਂ ਵਿਚ ਪੈਦੇ ਵੈਣ ਅੰਬਰ ਨੂੰ ਟਿਕੀਆਂ ਲਾ ਰਹੇ ਹਨ, ਕੁਰਸੀ ਦੇ ਪਾਵੇ ਤੇ ਝਾਵੇ ਸ਼ਬਦ ਜੁਗਾਲੀ ਕਰਕੇ ਲੋਕਾਈ ਨੂੰ ਸੁਪਨੇ ਸਾਕਾਰ ਕਰਨ ਲਈ ਤਿਆਰ ਕਰ ਰਹੇ ਹਨ, ਜਿਹੜੇ ਅੱਗੇ ਹਨੇਰ ਫੈਲਾਉਣ ਵਿਚ ਆਪਣੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਨੇ ।
ਸ਼ਬਦ ਗੁਰੂ ਵਲ ਪਿੱਠ ਕਰਕੇ ਤੁਰਨ ਵਾਲੇ ਸ਼ਬਦ ਗੁਰੂ ਦਾ ਲਗਾਤਾਰ ਆਖੰਡ ਪਾਠ ਸਾਹਿਬ ਕਰਵਾਉਣ ਲਈ ਵਚਨਬੱਧ ਹਨ । ਧਰਮ ਦੇ ਚੌਧਰੀ ਨੂੰ ਪਤਾ ਨਹੀਂ ਕਿ ਉਸ ਦੇ ਡੇਰੇ ਵਿੱਚ ਕੀ ਹੋ ਰਿਹਾ ਹੈ, ਉਹ ਮੀਸਣਾ ਬਣ ਕੇ ਜੇਬ ਪਲੋਸਦਾ ਐ।
ਗਲੇਬਾਜ ਤੇ ਸਾਹਿਤ ਸਮਾਗਮ ਦਾ ਉਦਘਾਟਨਵਾਜ ਥਾਣੇ ਦੀ ਕਾਰਵਾਈ ਘਰੋਂ ਚਲਾਉਣ ਲਈ ਮੀਡੀਏ ਨੂੰ ਖਬਰ ਭੇਜਦਾ ਐ। ਮੀਡੀਏ ਦੇ ਵਿਚ ਛਪਿਆ ਹੋਇਆ ਵੇਖ ਕੇ ਪੇਟ ਸਾਫ ਕਰਦੈ।
ਕੀ ਲਿਖਣਾ ਨੀ
ਕੀ ਛਾਪਣਾ ਨੀ
ਕੀ ਪੜਣਾ ਨੀ
ਕੀ ਰੀਲੀਜ਼ ਨੀ ਕਰਨਾ ।
ਇਸ ਵਾਰੇ ਸਭ ਚੁਪ ਹਨ ।
ਵੋਟ ਬੈਂਕ ਗੁਆਚਣ ਦਾ ਡਰ ਐ।
ਕੁਰਸੀ ਜਾਣ ਦਾ ਭਰਮ ਐ।
ਤਾੜੀਆਂ ਦੀ ਭੁਖ ਐ।
ਸਾੜੀਆਂ ਦੀ ਛਾਂ ਐ।
ਦਾੜੀਆਂ ਦੀ ਮੌਤ ਐ।
ਸਾੜੀਆਂ ਦਾ ਦਾੜ੍ਹੀ ਰੁਦਨ ਐ।
ਪੁਰਸਕਾਰ ਤੇ ਨਜ਼ਰ ਐ।
ਹਰ ਵੇਲੇ ਇਹੋ ਖਬਰ ਐ।
ਤਨ ਤੇ ਮਨ ਨਾਲ ਸਬਰ ਐ।
ਭਰਮ ਦਾ ਲਿਬਾਸ ਐ।
ਪੰਜਾਬ ਉਦਾਸ ਐ।
ਭੁਖ ਤੇ ਪਿਆਸ ਐ।
ਆਮ ਤੇ ਖਾਸ ਐ।
ਡਰ ਨੀ ਭੈਅ ਨੀ
ਕਿਸੇ ਨਾਲ ਵੈਰ ਨੀ
ਬੰਦੇ ਚਾਰ ਰਖੇ ਆ
ਗਾਉਣ ਪਾਣੀ ਤਿਆਰ ਐ
ਮਨ ਹੀ ਬਿਮਾਰ ਐ
ਬਾਕੀ ਸਭ ਰਾਜੀ ਐ
ਰੋਟੀ ਬੇਟੀ ਤਾਜੀ ਐ
ਦਾਲ ਚ ਮਲਾਈ ਐ
ਵਿਦੇਸ਼ ਤੋਂ ਮੰਗਵਾਈ ਐ
ਸ਼ਨੀਲ ਦੀ ਰਜਾਈ ਐ
ਨਵੀਂ ਭਰਾਈ ਐ !
ਪਾਣੀ ਢਾਈ ਆਬ ਦਾ
ਮਰਦਾਨੇ ਦੀ ਰਬਾਬ ਦਾ।
ਪੌਣ-ਪਾਣੀ ਖਰਾਬ ਐ।
ਹਰ ਥਾਂ ਤੇ ਜਨਾਬ ਐ।
ਬਸ ਮੈਂ ਤੇ ਪੰਜਾਬ ਈ ਉਦਾਸ ਐ।
ਬੁੱਧ ਬੋਲ
ਰਹਿ ਅਡੋਲ
ਖੋਲ ਪੋਲ
ਕੁਝ ਤੇ ਬੋਲ
ਹੁਣ ਕੀ ਝੋਲ
ਵਚਨ ਅਨਮੋਲ
ਘਟ ਨ ਤੋਲ
ਪਰਦੇ ਫੋਲ
ਬੁੱਧ ਬੋਲ
ਬੁੱਧ ਸਿੰਘ ਨੀਲੋਂ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly